ਉੱਤਰ-ਪੱਛਮੀ ਮਹਾਰਾਸ਼ਟਰ ਦੀਆਂ ਸਤਪੁੜਾ ਪਹਾੜੀਆਂ ਦੇ ਐਨ ਵਿਚਕਾਰੇ ਕਰਕੇ ਸਥਿਤ ਫਲਈ ਪਿੰਡ ਅੰਦਰ, ਇੱਕ ਕੱਖ-ਕਾਨੇ ਦੀ ਬਣੀ ਝੌਂਪੜੀ ਅੰਦਰ ਅੱਠ ਸਾਲਾ ਸ਼ਰਮੀਲਾ ਆਪਣੇ 'ਸਟੱਡੀ ਟੇਬਲ' 'ਤੇ ਆਪਣੇ ਸਾਹਮਣੇ ਵੱਡੀ ਕੈਂਚੀ, ਕੱਪੜਾ, ਸੂਈ ਅਤੇ ਧਾਗਾ ਲਈ ਬੈਠੀ ਹੈ।
ਮੇਜ਼ 'ਤੇ ਇੱਕ ਪੁਰਾਣੀ ਸਿਲਾਈ ਮਸ਼ੀਨ ਰੱਖੀ ਹੋਈ ਹੈ, ਜਿਸ 'ਤੇ ਉਹ ਅਧੂਰਾ ਸਿਓਤਾ ਕੱਪੜਾ ਪਿਆ ਹੈ ਜੋ ਉਹਦੇ ਪਿਤਾ ਨੇ ਪਿਛਲੀ ਰਾਤ ਵਿਚਾਲੇ ਹੀ ਪਿਆ ਰਹਿਣ ਦਿੱਤਾ ਸੀ। ਸ਼ਰਮੀਲਾ ਉਹਨੂੰ ਚੁੱਕਦੀ ਹੈ ਅਤੇ ਮਸ਼ੀਨ ਦੇ ਪੈਰ ਮਾਰਨ ਲੱਗਦੀ ਹੈ ਅਤੇ ਸਿਲਾਈ ਮਸ਼ੀਨ ਦੀ ਸੂਈ ਭੱਜਦੀ ਭੱਜਦੀ ਇੰਝ ਅੱਗੇ ਵੱਧਦੀ ਜਾਂਦੀ ਹੈ ਜਿਵੇਂ ਉਹ ਵਰ੍ਹਿਆਂ ਪੁਰਾਣੀ ਕੁਸ਼ਲ ਦਰਜੀ ਹੋਵੇ।
ਮਾਰਚ 2020 ਵਿੱਚ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਸਕੂਲ ਬੰਦ ਹੋ ਗਏ ਸਨ ਉਦੋਂ ਤੋਂ ਨੰਦੁਰਬਾਰ ਜ਼ਿਲ੍ਹੇ ਦੇ ਤੋਰਣਮਾਲ ਇਲਾਕੇ ਵਿੱਚ ਸਥਿਤ ਇਸ ਪਿੰਡ ਵਿੱਚ ਉਹਦੀ ਝੌਂਪੜੀ ਅੰਦਰਲਾ ਇਹ ਸਟੱਡੀ ਟੇਬਲ ਹੀ ਉਹਦੇ ਸਿਲਾਈ ਸਿੱਖਣ ਦੀ ਥਾਂ ਬਣ ਚੁੱਕਾ ਹੈ। ਉਹ ਕਹਿੰਦੀ ਹੈ,''ਮਾਂ ਅਤੇ ਬਾਬਾ ਨੂੰ ਸਿਲਾਈ ਕਰਦਿਆਂ ਦੇਖ ਦੇਖ ਕੇ ਹੀ ਮੈਂ ਖ਼ੁਦ ਸਿਲਾਈ ਮਸ਼ੀਨ ਚਲਾਉਣੀ ਸਿੱਖ ਲਈ।''
ਸਕੂਲ ਬੰਦੀ ਦੇ ਇਨ੍ਹਾਂ 18 ਮਹੀਨਿਆਂ ਦੇ ਵਕਫ਼ੇ ਦੌਰਾਨ ਸ਼ਰਮੀਲਾ ਉਹ ਸਾਰਾ ਕੁਝ ਭੁੱਲ ਚੁੱਕੀ ਹੈ ਜੋ ਕਦੇ ਉਹਨੇ ਸਕੂਲ ਸਿੱਖਿਆ ਸੀ।
ਫਲਾਈ ਵਿੱਚ ਕੋਈ ਸਕੂਲ ਨਹੀਂ ਹੈ। ਆਪਣੇ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਦੀ ਉਮੀਦ ਮਨ ਵਿੱਚ ਪਾਲ਼ੀ, ਜੂਨ 2019 ਵਿੱਚ ਸ਼ਰਮੀਲਾ ਦੇ ਮਾਪਿਆਂ ਨੇ ਆਪਣੇ ਪਿੰਡ ਤੋਂ ਕਰੀਬ 140 ਕਿਲੋਮੀਟਰ ਦੂਰ, ਨੰਦਰੁਬਾਰ ਸ਼ਹਿਰ ਦੇ ਅਟਲ ਬਿਹਾਰੀ ਵਾਜਪੇਈ ਅੰਤਰਰਾਸ਼ਟਰੀ ਰਿਹਾਇਸ਼ੀ ਸਕੂਲ ਵਿੱਚ ਉਹਦਾ ਦਾਖ਼ਲਾ ਕਰਵਾ ਦਿੱਤਾ ਸੀ। ਇਹ ਸਕੂਲ, ਜ਼ਿਲ੍ਹਾ ਪਰਿਸ਼ਦ ਦੁਆਰਾ ਸੰਚਾਲਤ ਅਤੇ ਮਹਾਰਾਸ਼ਟਰ ਅੰਤਰਰਾਸ਼ਟਰੀ ਸਿੱਖਿਆ ਬੋਰਡ ਨਾਲ਼ ਜੁੜੀਆਂ 60 ਆਸ਼ਰਾਮ-ਸ਼ਾਲਾਵਾਂ (ਪਿਛੜੇ ਕਬੀਲਾਈ ਭਾਈਚਾਰੇ ਦੇ ਬੱਚਿਆਂ ਵਾਸਤੇ ਪੂਰੇ ਮਹਾਰਾਸ਼ਟਰ ਵਿੱਚ ਵਿਸ਼ੇਸ਼ ਸਕੂਲ) ਵਿੱਚੋਂ ਇੱਕ ਹੈ। ਸਾਲ 2018 ਵਿੱਚ ਗਠਿਤ ਇਸ ਸਕੂਲ ਅੰਦਰ ਬੋਰਡ ਨੇ 'ਅੰਤਰਰਾਸ਼ਟਰੀ ਪੱਧਰ' ਦੀ ਸਿੱਖਿਆ ਪ੍ਰਦਾਨ ਕਰਨ ਦਾ ਦਾਅਵਾ ਕੀਤਾ ਸੀ ਅਤੇ ਇਸ ਸਕੂਲ ਨੂੰ ਸਥਾਨਕ ਰੂਪ ਵਿੱਚ ਡਿਜ਼ਾਇਨ ਕੀਤੇ ਗਏ ਇਸ ਸਕੂਲ ਅੰਦਰ ਮਰਾਠੀ ਵਿੱਚ ਪੜ੍ਹਾਇਆ-ਲਿਖਾਇਆ ਜਾਂਦਾ ਰਿਹਾ। (ਉਦੋਂ ਤੋਂ ਹੀ ਬੋਰਡ ਖ਼ਤਮ ਕਰ ਦਿੱਤਾ ਗਿਆ ਅਤੇ ਸਕੂਲ ਹੁਣ ਰਾਜ ਬੋਰਡ ਅਧੀਨ ਆ ਗਏ)।
















