ਅਸੀਂ ਵੱਡੀਆਂ ਪੈੜਾਂ ਦੇ ਨਿਸ਼ਾਨ ਲੱਭਦੇ ਹੋਏ ਪਹਾੜੀਆਂ ਅਤੇ ਖੇਤਾਂ ਵਿਚ ਘੁੰਮ ਰਹੇ ਹਾਂ।
ਸਾਨੂੰ ਕਾਫ਼ੀ ਨਿਸ਼ਾਨ ਮਿਲੇ ਜੋ ਨਰਮ ਮਿੱਟੀ ’ਤੇ ਬਣੇ ਸਨ ਅਤੇ ਖਾਣੇ ਦੀਆਂ ਪਲੇਟਾਂ ਤੋਂ ਵੀ ਵੱਡੇ ਤੇ ਡੂੰਘੇ ਜਾਪਦੇ ਹਨ। ਪੁਰਾਣੇ ਨਿਸ਼ਾਨ ਹੱਥ ਲਾਇਆਂ ਭੁਰਦੇ ਹਨ। ਬਾਕੀ ਨਿਸ਼ਾਨ ਇਸ ਗੱਲ ਵਲ ਇਸ਼ਾਰਾ ਕਰਦੇ ਹਨ ਕਿ ਉਸ ਜਾਨਵਰ ਨੇ ਕੀਤਾ ਕੀ ਹੋਣਾ: ਥੋੜ੍ਹੀ ਜਿਹੀ ਸੈਰ, ਇਕ ਚੰਗਾ ਭੋਜਨ, ਬਹੁਤ ਸਾਰਾ ਗੋਬਰ। ਚੀਜ਼ਾਂ, ਜੋ ਇਹਨਾਂ ਨੇ ਬਰਬਾਦ ਕੀਤੀਆਂ: ਗ੍ਰੇਨਾਈਟ ਦੇ ਥਮ੍ਹਲੇ, ਤਾਰਾਂ ਦੀ ਵਾੜ, ਰੁੱਖ, ਦਰਵਾਜੇ...
ਹਾਥੀਆਂ ਨੇ ਜੋ ਵੀ ਕੀਤਾ ਉਸ ਦੀਆਂ ਤਸਵੀਰਾਂ ਖਿੱਚਣ ਲਈ ਅਸੀਂ ਉਥੇ ਰੁਕੇ। ਮੈਂ ਪੈੜਾਂ ਦੀ ਇਕ ਤਸਵੀਰ ਆਪਣੇ ਸੰਪਾਦਕ ਨੂੰ ਭੇਜੀ। “ਕੀ ਇਹ ਇਕ ਹਾਥੀ ਦਾ ਹੈ?” ਉਹਨਾਂ ਦੇ ਜਵਾਬ ਵਿੱਚ ਉਮੀਦ ਭਰੀ ਹੈ। ਪਰ ਮੈਂ ਆਸ ਕਰਦੀ ਹਾਂ ਕਿ ਉਹਨਾਂ ਦੀਆਂ ਉਮੀਦਾਂ ਝੂਠੀਆਂ ਨਿਕਲਣ।
ਕਿਉਂਕਿ ਜਿਥੋਂ ਤੱਕ ਮੈਂ ਸੁਣਿਆ ਹੈ, ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਗੰਗਾਨਹੱਲੀ ਵਿਚ ਹਾਥੀਆਂ ਦੁਆਰਾ ਤੁਹਾਨੂੰ ਅਸੀਸ ਦੇਣ ਜਾਂ ਕੋਈ ਕੇਲਾ ਮੰਗਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਂ, ਇਹ ਰੀਤ ਮੰਦਰਾਂ ਦੇ ਹਾਥੀਆਂ ਦੀ ਹੋ ਸਕਦੀ ਹੈ। ਪਰ ਇਹ ਉਹਨਾਂ ਦੇ ਜੰਗਲੀ ਭੈਣ-ਭਰਾ ਹਨ ਜੋ ਅਕਸਰ ਭੁੱਖੇ ਰਹਿੰਦੇ ਹਨ।
ਦਸੰਬਰ 2021 ਨੂੰ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਰਾਗੀ ਕਿਸਾਨਾਂ ਨੂੰ ਮਿਲਣ ਦੀ ਮੇਰੀ ਫੇਰੀ ਅਚਾਨਕ ਮੈਨੂੰ ਹਾਥੀਆਂ ਦੇ ਰਾਹ ’ਤੇ ਲੈ ਗਈ। ਮੈਂ ਸੋਚਿਆ ਸੀ ਕਿ ਅਸੀਂ ਕਿਸਾਨਾਂ ਦੀ ਆਰਥਿਕਤਾ ’ਤੇ ਚਰਚਾ ਕਰਾਂਗੇ। ਹਾਲਂਕਿ ਕੁਝ ਹੋਈਆਂ ਵੀ, ਪਰ ਜ਼ਿਆਦਾਤਰ, ਖ਼ੇਤ ਦਰ ਖ਼ੇਤ ਫ਼ਿਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਆਖ਼ਰ ਕਿਉਂ ਸਿਰਫ਼ ਆਪਣੇ ਘਰ ਜੋਗੀ ਰਾਗੀ (ਬਾਜਰੇ ਦੀ ਕਿਸਮ) ਉਗਾਉਣ ’ਚ ਹੀ ਸਮਰੱਥ ਹਨ, ਜਿਸਦਾ ਮੁੱਖ ਕਾਰਨ ਹਨ- ਹਾਥੀ। ਘੱਟ ਕੀਮਤਾਂ (ਉਨ੍ਹਾਂ ਨੂੰ ਆਪਣੀਆਂ ਲਾਗਤਾਂ ਤੇ ਹੋਰ ਖ਼ਰਚੇ ਪੂਰੇ ਕਰਨ ਵਾਸਤੇ ਜਿਸ ਰਾਗੀ ਨੂੰ 35-37 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚਣ ਦੀ ਲੋੜ ਹੁੰਦੀ ਹੈ ਜਦੋਂ ਉਹ ਮਹਿਜ 25-27 ਰੁਪਏ ਕਿਲੋ ਦੀ ਦਰ ‘ਤੇ ਵਿਕਦੀ ਹੈ ਤਾਂ ਉਹ ਹੋਰ ਕਸੂਤੇ ਫਸ ਜਾਂਦੇ ਹਨ), ਜਲਵਾਯੂ ਬਦਲਾਅ ਅਤੇ ਭਾਰੀ ਵਰਖਾ ਕਾਰਨ ਕਿਸਾਨਾਂ ਨੂੰ ਹੋਰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਹਾਥੀਆਂ ਦੇ ਦੰਦਾਂ, ਉਨ੍ਹਾਂ ਦੀਆਂ ਸੁੰਡਾਂ ਅਤੇ ਢੇਰਾਂ ਦੇ ਢੇਰ ਪਰਾਲ਼ੀ ਨੂੰ ਜੋੜ ਕੇ ਹਿਸਾਬ ਲਾਈਏ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੇ ਰਲ਼ ਕੇ ਕਿਸਾਨਾਂ ਦੀ ਕਮਰ ਹੀ ਤੋੜ ਦਿੱਤੀ ਹੈ।
“ਹਾਥੀਆਂ ਵਿਚ ਬਹੁਤ ਪ੍ਰਤਿਭਾ ਹੁੰਦੀ ਹੈ। ਉਹਨਾਂ ਨੇ ਤਾਰ ਦੀ ਸਿੱਧੀਆਂ ਅਤੇ ਤਿਰਛੀਆਂ ਵਾੜਾਂ ਨੂੰ ਪਾਰ ਕਰਨਾ ਸਿੱਖ ਲਿਆ ਹੈ। ਉਹ ਜਾਣ ਗਏ ਹਨ ਕਿ ਬਿਜਲੀ ਦੀਆਂ ਵਾੜਾਂ ਨੂੰ ਸ਼ਾਰਟ-ਸਰਕਿਟ ਕਰਨ ਲਈ ਦਰੱਖਤਾਂ ਨੂੰ ਕਿਵੇਂ ਵਰਤਣਾ ਹੈ,” ਅਨੰਦਰਾਮੂ ਰੈਡੀ ਦਸਦੇ ਹਨ। “ਉਹ ਹਮੇਸ਼ਾ ਝੁੰਡ ਦੀ ਤਲਾਸ਼ ਵਿਚ ਰਹਿੰਦੇ ਹਨ।” ਅਨੰਦ, ਦੇਂਕਾਨੀਕੋਟਈ ਤਾਲੁਕ ਵਿਖੇ ਵਾਡਰਾ ਪਾਲਯਮ ਦੇ ਇਕ ਕਿਸਾਨ ਹਨ। ਉਹ ਸਾਨੂੰ ਮੇਲਾਗਿਰੀ ਰਿਜ਼ਰਵ ਜੰਗਲ ਦੇ ਕਿਨਾਰੇ ਤਕ ਲੈ ਜਾਂਦੇ ਹਨ। ਇਹ ਕਾਵੇਰੀ ਉੱਤਰੀ ਜੰਗਲੀ ਜੀਵ ਸੈਂਕਚੁਰੀ ਦਾ ਹਿੱਸਾ ਹੈ।


















