"ਕੀ ਮੈਂ ਤੁਹਾਡੇ 'ਤੇ ਇੰਨਾ ਭਰੋਸਾ ਕਰ ਸਕਦੀ ਹਾਂ ਕਿ ਆਪਣੀ ਜੀਵਨ-ਗਾਥਾ ਸਾਂਝੀ ਕਰਾਂ?"
ਵਧੇਰੇ ਸਿੱਧੇ ਅਤੇ ਚੁਣੌਤੀਪੂਰਨ ਸਵਾਲ ਤੁਹਾਡੇ ਤੋਂ ਘੱਟ ਹੀ ਪੁੱਛੇ ਜਾਂਦੇ ਹਨ ਅਤੇ ਪ੍ਰਸ਼ਨਕਰਤਾ ਕੋਲ਼ ਇਹਨੂੰ ਪੁੱਛੇ ਜਾਣ ਦੇ ਬਹੁਤ ਵਧੀਆ ਕਾਰਨ ਸਨ। ਤਮਿਲਨਾਡੂ ਦੇ ਵਿੱਲੁਪੁਰਮ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਜਾਨਨੀ (ਬਦਲਿਆ ਨਾਮ), ਆਪਣੀ ਜੀਵਨ-ਗਾਥਾ ਬਾਰੇ ਦੱਸਦੀ ਹਨ: "ਤਪੇਦਿਕ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।"
ਉਨ੍ਹਾਂ ਦੇ ਵਿਆਹ ਨੂੰ ਡੇਢ ਸਾਲ ਬੀਤਿਆ ਸੀ ਅਤੇ ਉਨ੍ਹਾਂ ਦਾ ਚਾਰ ਮਹੀਨਿਆਂ ਦਾ ਇੱਕ ਪੁੱਤ ਸੀ, ਜਦੋਂ ਉਨ੍ਹਾਂ ਨੂੰ ਟੀਬੀ ਬਾਰੇ ਪਤਾ ਚੱਲਿਆ। "ਮਈ 2020 ਦਾ ਸਮਾਂ ਸੀ ਅਤੇ ਮੈਨੂੰ ਇੱਕ ਮਹੀਨਾ ਪਹਿਲਾਂ ਤੋਂ ਹੀ ਕੁਝ ਲੱਛਣ (ਜ਼ਬਰਦਸਤ ਖੰਘ ਅਤੇ ਬੁਖਾਰ) ਦਿੱਸਣ ਲੱਗੇ।" ਜਦੋਂ ਸਾਰੀਆਂ ਆਮ ਜਾਚਾਂ ਵਿੱਚ ਕੁਝ ਪਤਾ ਨਾ ਚੱਲਿਆ ਤਾਂ ਡਾਕਟਰਾਂ ਨੇ ਮੈਨੂੰ ਟੀਬੀ ਦੀ ਜਾਂਚ ਕਰਾਉਣ ਦੀ ਸਲਾਹ ਦਿੱਤੀ। "ਜਦੋਂ ਉਨ੍ਹਾਂ ਨੇ ਇਹਦੇ ਤਪੇਦਿਕ ਹੋਣ ਦੀ ਪੁਸ਼ਟੀ ਕੀਤੀ, ਸੱਚਿਓ ਮੈਂ ਟੁੱਟ ਹੀ ਗਈ। ਮੇਰੇ ਕਿਸੇ ਜਾਣ-ਪਛਾਣ ਵਾਲੇ ਨੂੰ ਵੀ ਇਹ ਬੀਮਾਰੀ ਨਹੀਂ ਸੀ ਅਤੇ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹ ਬੀਮਾਰੀ ਮੈਨੂੰ ਜਕੜ ਸਕਦੀ ਹੈ।"
"ਇਹ ਬੀਮਾਰੀ ਮੇਰੇ ਪਿੰਡ ਵਿੱਚ ਕਲੰਕ ਤੋਂ ਘੱਟ ਨਹੀਂ ਹੈ, ਇੱਕ ਅਜਿਹੀ ਬੀਮਾਰੀ ਜੋ ਤੁਹਾਡੇ ਤੱਕ ਆਉਣ ਵਾਲੇ ਸਾਰੇ ਸਮਾਜਿਕ ਰਿਸ਼ਤਿਆਂ ਨੂੰ ਖ਼ਤਮ ਕਰ ਦਿੰਦੀ ਹੈ।"
ਉਸੇ ਦਿਨ ਤੋਂ, 27 ਸਾਲਾ ਜਾਨਨੀ ਦਾ ਪਤੀ ਜੋ ਕਦੇ ਉਨ੍ਹਾਂ ਨੂੰ ਬੜਾ ਪਿਆਰ ਕਰਦਾ ਸੀ, ਇਸ ਬੀਮਾਰੀ ਨੂੰ ਲੈ ਕੇ ਲਾਹਨਤਾਂ ਪਾਉਣ ਲੱਗਿਆ, ਉਹਨੂੰ ਡਰ ਸੀ ਇਹ ਬੀਮਾਰੀ ਉਹਨੂੰ ਵੀ ਜਕੜ ਸਕਦੀ ਹੈ। "ਉਹ ਮੈਨੂੰ ਗਾਲ੍ਹਾਂ ਕੱਢਣ ਦੇ ਨਾਲ਼ ਨਾਲ਼ ਕੁੱਟਮਾਰ ਵੀ ਕਰਨ ਲੱਗਿਆ। ਉਹਦੀ ਮਾਂ ਸਾਡੇ ਵਿਆਹ ਤੋਂ ਸਾਲ ਬਾਅਦ ਹੀ ਗੁਰਦੇ ਸਬੰਧੀ ਬੀਮਾਰੀ ਕਾਰਨ ਗੁਜ਼ਰ ਗਈ ਸਨ। ਪਰ ਮੇਰਾ ਪਤੀ ਉਨ੍ਹਾਂ ਦੀ ਮੌਤ ਲਈ ਮੇਰੀ ਬੀਮਾਰੀ ਨੂੰ ਜੁੰਮੇਵਾਰ ਠਹਿਰਾਉਣ ਲੱਗਿਆ।"
ਜੇਕਰ ਉਸ ਵਕਫੇ ਦੌਰਾਨ ਕੋਈ ਗੰਭੀਰ ਖ਼ਤਰੇ ਵਿੱਚ ਸੀ ਤਾਂ ਉਹ ਖੁਦ ਜਾਨਨੀ ਸੀ।
ਸੰਕ੍ਰਮਣ ਰੋਗਾਂ ਵਿੱਚੋਂ ਟੀਬੀ ਦੀ ਬੀਮਾਰੀ ਭਾਰਤੀ ਦੀ ਸਭ ਤੋਂ ਵੱਡੀ ਕਾਤਲ ਹੈ।










