ਆਪਣੇ ਪਿਤਾ ਦੀ ਬਰਸੀ ਮੌਕੇ, ਤੀਰੂ ਮੂਰਤੀ ਅਸਧਾਰਣ ਚੀਜ਼ਾਂ ਭੇਂਟ ਕਰਦੇ ਹਨ ਜਿਨ੍ਹਾਂ ਵਿੱਚ ਦਸ ਕਿਸਮਾਂ ਦੇ ਸਾਬਣ, ਨਾਰੀਅਲ ਤੇਲ ਦੀਆਂ ਕਈ ਕਿਸਮਾਂ ਅਤੇ ਆਪਣਾ ਸਰਵੋਤਮ ਉਤਪਾਦ: ਹਲਦੀ ਪਾਊਡਰ ਸ਼ਾਮਲ ਕਰਦੇ ਹਨ। ਉਨ੍ਹਾਂ ਨੇ ਸੁੰਦਰਮੂਰਤੀ ਦੀ ਹਾਰ ਨਾਲ਼ ਸਜਾਈ ਤਸਵੀਰ ਮੂਹਰੇ ਲਾਲ ਕੇਲੇ, ਫੁੱਲ, ਨਾਰੀਅਲ ਅਤੇ ਥੋੜ੍ਹਾ ਜਿਹਾ ਕਪੂਰ ਰੱਖਿਆ ਹੈ।
''ਅੱਪਾ ਲਈ ਇਸ ਤੋਂ ਵਧੀਆ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਸੀ?'' ਆਪਣੀ ਫੇਸਬੁੱਕ ਪੋਸਟ ਜ਼ਰੀਏ ਉਹ ਪੁੱਛਦੇ ਹਨ। ਉਨ੍ਹਾਂ ਦੇ ਪਿਤਾ ਨੇ ਮੰਜਲ (ਹਲਦੀ) ਬੀਜਣੀ ਛੱਡ ਦਿੱਤੀ। ਪਰ ਤੀਰੂ ਨੇ ਹਲਦੀ ਉਗਾਉਣ ਦਾ ਫ਼ੈਸਲਾ ਕੀਤਾ ਉਹ ਵੀ ਉਦੋਂ ਜਦੋਂ ਹਰੇਕ ਨੇ ਉਨ੍ਹਾਂ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ''ਉਨ੍ਹਾਂ ਨੇ ਮੈਨੂੰ ਮੱਲੀ (ਜੈਸਮੀਨ) ਬੀਜਣ ਬਾਰੇ ਕਿਹਾ ਕਿਉਂਕਿ ਫੁੱਲਾਂ ਦੀ ਫ਼ਸਲ ਤੋਂ ਰੋਜ਼ ਦੀ ਰੋਜ਼ ਆਮਦਨੀ (ਨਕਦੀ) ਹੋ ਜਾਂਦੀ ਹੈ। ਜਦੋਂ ਮੈਂ ਮੰਜਲ ਬੀਜੀ ਤਾਂ ਉਨ੍ਹਾਂ ਨੇ ਮੇਰੀ ਖਿੱਲੀ ਉਡਾਈ,'' ਉਹ ਮੁਸਕਰਾ ਕੇ ਦੱਸਦੇ ਹਨ। ਤੀਰੂ ਨੇ ਉਨ੍ਹਾਂ ਸਾਰਿਆਂ ਨੂੰ ਗ਼ਲਤ ਸਾਬਤ ਕੀਤਾ। ਉਨ੍ਹਾਂ ਦੀ ਇਹ ਦੁਰਲੱਭ ਕਹਾਣੀ ਸੱਚੀਓ ਹੀ ਉਨ੍ਹਾਂ ਦੀ ਹਲਦੀ ਦੀ ਜਿੱਤ ਦੀ ਕਹਾਣੀ ਹੈ।
43 ਸਾਲਾ ਤੀਰੂ ਮੂਰਤੀ 12 ਏਕੜ ਦੀ ਪੈਲ਼ੀ ਵਿੱਚ ਖੇਤੀ ਕਰਦੇ ਹਨ ਜੋ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਵੱਡੇ ਭਰਾ ਦੀ ਸਾਂਝੀ ਜ਼ਮੀਨ ਹੈ ਅਤੇ ਤਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਭਵਾਨੀਸਾਗਰ ਬਲਾਕ ਦੀ ਉੱਪੂਲਮ ਬਸਤੀ ਵਿਖੇ ਸਥਿਤ ਹੈ। ਤੀਰੂ ਤਿੰਨ ਤਰ੍ਹਾਂ ਦੀਆਂ ਫ਼ਸਲਾਂ ਬੀਜਦੇ ਹਨ- ਹਲਦੀ, ਕੇਲੇ ਅਤੇ ਨਾਰੀਅਲ। ਪਰ ਉਹ ਆਪਣੀ ਉਪਜ ਨੂੰ ਥੋਕ ਦੇ ਭਾਅ ਨਹੀਂ ਵੇਚਦੇ। ਜਦੋਂ ਕੀਮਤ 'ਤੇ ਉਨ੍ਹਾਂ ਦਾ ਕੋਈ ਕਾਬੂ ਹੀ ਨਹੀਂ ਤਾਂ ਇੰਝ ਕਰਨ ਦਾ ਕੋਈ ਤੁੱਕ ਨਹੀਂ, ਉਹ ਕਹਿੰਦੇ ਹਨ। ਇਹ ਵੱਡੇ ਕਾਰੋਬਾਰੀ, ਕਾਰਪੋਰੇਟ ਅਤੇ ਸਰਕਾਰਾਂ ਹੀ ਹਨ ਜੋ ਸਥਾਨਕ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਭਾਅ ਤੈਅ ਕਰਦੇ ਹਨ।
ਹਲਦੀ ਦੀ ਇਸ ਪ੍ਰਫ਼ੂਲਿਤ ਹੁੰਦੀ ਮੰਡੀ ਵਿੱਚ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਖਿਡਾਰੀ ਹੈ। 2019 ਵਿੱਚ ਹੋਏ ਹਲਦੀ ਦੇ ਨਿਰਯਾਤ ਨੇ 190 ਮਿਲੀਅਨ ਡਾਲਰ ਨੂੰ ਛੂਹਿਆ ਜੋ ਕਿ ਵਿਸ਼ਵ ਕਾਰੋਬਾਰ ਦਾ 62.6 ਫ਼ੀਸਦ ਬਣਦਾ ਹੈ। ਹਾਲਾਂਕਿ ਭਾਰਤ ਦੂਜਾ ਵੱਡਾ ਅਯਾਤਕ ਵੀ ਹੈ ਜੋ ਹਲਦੀ ਦਾ ਕਰੀਬ 11.3 ਫ਼ੀਸਦ ਦਰਾਮਦ ਕਰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਅਯਾਤ ਵਿੱਚ ਆਏ ਇਸ ਉਛਾਲ਼ ਨੇ ਭਾਰਤੀ ਹਲਦੀ ਉਤਪਾਦਕਾਂ ਦੇ ਹਿੱਤਾਂ ਨੂੰ ਡੂੰਘੀ ਸੱਟ ਮਾਰੀ ਹੈ।
ਇਰੋਡ ਦੀਆਂ ਘਰੇਲੂ ਮੰਡੀਆਂ ਤਾਂ ਪਹਿਲਾਂ ਹੀ ਉਨ੍ਹਾਂ ਨੂੰ (ਕਿਸਾਨਾਂ) ਨਿਚੋੜਦੀਆਂ ਰਹਿੰਦੀਆਂ ਹਨ। ਵੱਡੇ ਕਾਰੋਬਾਰੀ ਅਤੇ ਖ਼ਰੀਦਦਾਰ ਹੀ ਭਾਅ ਤੈਅ ਕਰਦੇ ਹਨ। ਜੈਵਿਕ ਉਤਪਾਦਾਂ ਵਾਸਤੇ ਕੋਈ ਤਰਜੀਹੀ ਭਾਅ ਨਹੀਂ ਹੁੰਦਾ ਅਤੇ ਨਾਲ਼ ਹੀ ਸਾਲ-ਦਰ-ਸਾਲ ਭਾਆਂ ਵਿੱਚ ਕਾਫ਼ੀ ਉਤਰਾਅ-ਚੜ੍ਹਾਅ ਰਹਿੰਦਾ ਹੈ। ਸਾਲ 2011 ਵਿੱਚ, ਫ਼ਸਲ ਦਾ ਪ੍ਰਤੀ ਕੁਵਿੰਟਲ ਭਾਅ 17,000 ਰੁਪਏ ਮਿਲ਼ਿਆ। ਅਗਲੇ ਸਾਲ ਇਹਦੀ ਕੀਮਤ ਇੱਕ ਚੌਥਾਈ ਤੱਕ ਹੇਠਾਂ ਡਿੱਗ ਗਈ। 2021 ਵਿੱਚ ਹਾਲ ਇਹ ਹੋ ਗਿਆ ਕਿ ਇੱਕ ਕੁਵਿੰਟਲ ਦਾ ਭਾਅ ਡਿੱਗ ਕੇ ਕਰੀਬ 7,000 ਰੁਪਏ ਹੋ ਗਿਆ।
ਤੀਰੂ ਅੰਦਰਲੀ ਸਹਿਜਤਾ, ਲਗਨ ਅਤੇ ਉਨ੍ਹਾਂ ਦੇ ਸ਼ੋਸਲ ਮੀਡੀਆ ਅਕਾਊਟ ਜ਼ਰੀਏ ਇੱਕ ਹੱਲ ਸਾਹਮਣੇ ਆਇਆ- ਉਹ ਇਹ ਕਿ ਕਿਉਂ ਨਾ ਆਪਣੀ ਫ਼ਸਲ ਤੋਂ ਕੁਝ ਹੋਰ ਉਤਪਾਦ ਸਿਰਜੇ ਜਾਣ। ਭਾਵੇਂ ਕਿ ਉਨ੍ਹਾਂ ਦੇ ਇਹ ਯਤਨ ਹੋਰਨਾਂ ਕਿਸਾਨਾਂ (ਛੋਟੇ/ਬੇਜ਼ਮੀਨੇ) ਦੁਆਰਾ ਅਜਮਾਏ ਨਹੀਂ ਜਾ ਸਕਦੇ ਪਰ ਫਿਰ ਵੀ ਤੀਰੂ ਦੀ ਇਹ ਕੋਸ਼ਿਸ਼ ਹਰੇਕ ਕਿਸਾਨ ਵਾਸਤੇ ਮਿਸਾਲ ਬਣ ਕੇ ਉੱਭਰੀ। ''ਇੱਕ ਨਾਰੀਅਲ ਜਿਹਦੀ ਕੀਮਤ ਸਿਰਫ਼ 10 ਰੁਪਏ ਹੋ ਸਕਦੀ ਹੈ, ਮੈਂ ਉਸੇ ਨਾਰੀਅਲ ਰਾਹੀਂ ਤਿੰਨ ਗੁਣ ਵੱਧ ਕਮਾਈ ਕਰ ਲੈਂਦਾ ਹਾਂ। ਇਹ ਸਭ ਇਸਲਈ ਕਿਉਂਕਿ ਮੈਂ ਨਾਰੀਅਲ ਨੂੰ ਨਪੀੜ ਕੇ ਤੇਲ ਕੱਢਦਾ ਹਾਂ ਅਤੇ ਫਿਰ ਉਸੇ ਤੇਲ ਦਾ ਸਾਬਣ ਬਣਾ ਲੈਂਦਾ ਹਾਂ। ਇਹੀ ਸਭ ਹਲਦੀ ਨਾਲ਼ ਕਰਦਾ ਹਾਂ,'' ਉਹ ਦੱਸਦੇ ਹਨ। ''ਮੈਂ 1.5 ਏਕੜ ਵਿੱਚ ਹਲਦੀ ਬੀਜਦਾ ਹਾਂ। ਭਾਵੇਂ ਮੰਡੀ ਵਿਖੇ ਮੇਰੀ ਹਲਦੀ 3,000 ਰੁਪਏ ਕਿਲੋ ਕਿਉਂ ਨਾ ਵਿਕੇ ਤਾਂ ਵੀ ਮੈਨੂੰ ਇਸ ਜੈਵਿਕ ਹਲਦੀ ਦੇ ਹਰੇਕ ਕਿਲੋ ਮਗਰ 50 ਰੁਪਏ ਦਾ ਨੁਕਸਾਨ ਝੱਲਣਾ ਹੀ ਪਵੇਗਾ।''



























