ਐੱਸ ਰਾਮਾਸਾਮੀ ਮੈਨੂੰ ਆਪਣੇ ਇੱਕ ਪੁਰਾਣੇ ਦੋਸਤ ਨਾਲ਼ ਮਿਲ਼ਾਉਂਦੇ ਹਨ। ਉਹ ਬੜੇ ਫ਼ਖ਼ਰ ਨਾਲ਼ ਉਨ੍ਹਾਂ ਯਾਤਰੂਆਂ ਬਾਰੇ ਦੱਸਦੇ ਹਨ ਜੋ ਉਨ੍ਹਾਂ ਦੇ ਇਸ ਦੋਸਤ ਵੱਲ ਖਿੱਚੇ ਆਉਂਦੇ ਹਨ, ਜਿਨ੍ਹਾਂ ਵਿੱਚ ਅਖ਼ਬਾਰਾਂ, ਟੀ.ਵੀ. ਚੈਨਲ, ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਅਤੇ ਹੋਰ ਵੀ ਕਈ ਜਣੇ ਸ਼ਾਮਲ ਹੁੰਦੇ ਹਨ। ਉਹ ਬਗ਼ੈਰ ਕੁਝ ਖੁੰਝਾਏ ਬੜੀ ਸਾਵਧਾਨੀ ਨਾਲ਼ ਹਰ ਛੋਟੇ ਤੋਂ ਛੋਟਾ ਵੇਰਵਾ ਦੱਸਦੇ ਹਨ। ਆਖ਼ਰਕਾਰ, ਉਹ ਇੱਕ ਹਸਤੀ, ਇੱਕ ਵੀਆਈਪੀ ਬਾਰੇ ਗੱਲ ਕਰ ਰਹੇ ਹਨ।
ਉਨ੍ਹਾਂ ਦਾ ਇਹ ਦੋਸਤ ਇੱਕ 200 ਸਾਲ ਪੁਰਾਣਾ ਦਰੱਖ਼ਤ ਹੈ: ਮਾਲੀਗਾਮਪੱਟੂ ਦਾ ਮਹਾਨ ਆਯਿਰਮਕਾਚੀ।
ਆਯਿਰਮਕਾਚੀ ਇੱਕ ਪਲਾ ਮਰਮ ਹੈ, ਕਟਹਲ ਦਾ ਇੱਕ ਰੁੱਖ, ਜੋ ਬਹੁਤ ਲੰਬਾ ਤੇ ਜਰਖ਼ੇਜ਼ ਹੈ। ਇਹਦਾ ਤਣਾ ਇੰਨਾ ਮੋਟਾ ਹੈ ਕਿ ਚੁਫ਼ੇਰੇ ਘੁੰਮਣ ਵਿੱਚ 25 ਸੈਕੰਡ ਦਾ ਸਮਾਂ ਲੱਗਦਾ ਹੈ। ਇਹਦੇ ਪ੍ਰਚੀਨ ਤਣੇ ਦੁਆਲ਼ੇ ਕੋਈ ਇੱਕ ਸੌ ਤੋਂ ਵੀ ਵੱਧ ਕੰਡੇਦਾਰ ਹਰੇ ਹਰੇ ਫਲ ਲਮਕਦੇ ਹਨ। ਇਸ ਰੁੱਖ ਦੇ ਮੂਹਰੇ ਖੜ੍ਹੇ ਹੋਣਾ ਹੀ ਮਾਣ ਦੀ ਗੱਲ ਹੈ। ਇਹਦੇ ਦੁਆਲ਼ੇ ਘੁੰਮਣਾ ਕਿਸੇ ਮੋਚਨ ਤੋਂ ਘੱਟ ਨਹੀਂ। ਮੈਨੂੰ ਉਤਸੁਕ ਦੇਖ ਕੇ ਰਾਮਾਸਾਮੀ ਮੁਸਕਰਾਉਣ ਲੱਗੇ ਅਤੇ ਫ਼ਖ਼ਰ ਨਾਲ਼ ਉਨ੍ਹਾਂ ਦੀਆਂ ਮੁੱਛਾਂ ਤਣ ਗਈਆਂ ਤੇ ਅੱਖਾਂ ਲਿਸ਼ਕਣ ਲੱਗੀਆਂ। ਆਪਣੇ 71 ਸਾਲਾਂ ਦੇ ਜੀਵਨ ਵਿੱਚ ਉਨ੍ਹਾਂ ਨੇ ਬੜੇ ਮਹਿਮਾਨਾਂ ਨੂੰ ਇਸ ਰੁੱਖ ਦੁਆਲ਼ੇ ਘੁੰਮਦੇ ਦੇਖਿਆ ਹੈ। ਉਹ ਮੈਨੂੰ ਅੱਗੇ ਦੀ ਅੱਗੇ ਦੱਸਣ ਲੱਗਦੇ ਹਨ...
ਖਾਵੀ (ਕਣਕ-ਰੰਗੀ) ਲੂੰਗੀ ਬੰਨ੍ਹੀ, ਆਪਣੇ ਪਤਲੇ ਜਿਹੇ ਮੋਢਿਆਂ 'ਤੇ ਇੱਕ ਤੌਲ਼ੀਆ ਟਿਕਾਈ ਉਹ ਰੁੱਖ ਦੇ ਸਾਹਮਣੇ ਖੜ੍ਹੇ ਆਪਣੀ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ,''ਅਸੀਂ ਕੁਡਲੋਰ (ਜ਼ਿਲ੍ਹੇ) ਦੇ ਪਨਰੂਤੀ ਬਲਾਕ ਦੇ ਮਾਲੀਗਾਮਪੱਟੂ ਬਸਤੀ ਵਿਖੇ ਮੌਜੂਦ ਹਾਂ। ਇਹ ਰੁੱਖ ਮੇਰੇ ਪੁਰਖ਼ਿਆਂ ਨੇ ਬੀਜਿਆ ਸੀ, ਕਰੀਬ ਪੰਜ ਪੀੜ੍ਹੀਆਂ ਪਹਿਲਾਂ। ਅਸੀਂ ਇਹਨੂੰ 'ਆਯਿਰਮਕਾਚੀ' ਕਹਿੰਦੇ ਹਾਂ, ਭਾਵ ਕਿ 1,000 ਫਲ ਦੇਣ ਵਾਲ਼ਾ। ਹੁਣ, ਇਹ ਸਾਲ ਦੇ 200 ਤੋਂ 300 ਫਲ ਦੀ ਦਿੰਦਾ ਹੈ ਅਤੇ ਉਹ ਫਲ 8 ਤੋਂ 10 ਦਿਨਾਂ ਵਿੱਚ ਪੱਕ ਜਾਂਦਾ ਹੈ। ਇਹਦੀਆਂ ਫਲ਼ੀਆਂ ਬਹੁਤ ਸੁਆਦੀ ਹੁੰਦੀਆਂ ਹਨ, ਇਹਦਾ ਰੰਗ ਬਹੁਤ ਹੀ ਸੋਹਣਾ ਹੁੰਦਾ ਹੈ ਤੇ ਅਣਪੱਕਿਆ ਫਲ਼ ਬਿਰਿਆਨੀ ਵਿੱਚ ਪਾਇਆ ਜਾਂਦਾ ਹੈ।'' ਉਹ ਕਰੀਬ ਅੱਧਾ ਮਿੰਟ ਲਾ ਕੇ ਇਹਦੇ (ਕਟਹਲ) ਦੇ ਗੁਣਾਂ ਦੀ ਵਡਿਆਈ ਕਰਦੇ ਹਨ। ਠੀਕ ਉਸ ਰੁੱਖ ਵਾਂਗਰ ਉਸ ਨਾਲ਼ ਜੁੜੇ ਕਿੱਸੇ ਵੀ ਸਮੇਂ ਦੇ ਨਾਲ਼ ਨਾਲ਼ ਬੀਤੇ ਕਈ ਦਹਾਕਿਆਂ ਦੀ ਦੇਣ ਹਨ, ਜਿਹਨੂੰ ਉਹ ਲਗਾਤਾਰਾ ਲੋਕਾਂ ਨੂੰ ਸੁਣਾਉਂਦੇ ਰਹੇ ਹਨ।


















