“ਮੀਂਹ ਫਿਰ ਰੁੱਕ ਗਿਆ ਹੈ,'' ਧਰਮਾ ਗੈਰੇਲ ਨੇ ਬਾਂਸ ਦੀ ਛੜੀ ਦੇ ਸਹਾਰੇ ਨਾਲ਼ ਆਪਣੇ ਖੇਤ ਵੱਲ ਜਾਂਦਿਆਂ ਕਿਹਾ। ''ਜੂਨ ਦਾ ਮਹੀਨਾ ਵੀ ਅਜੀਬ ਹੋ ਗਿਆ ਹੈ। 2-3 ਘੰਟੇ ਲਈ ਮੀਂਹ ਪਵੇਗਾ। ਕਦੇ ਹਲਕਾ, ਕਦੇ ਤੇਜ਼, ਪਰ ਅਗਲੇ ਕੁਝ ਘੰਟਿਆਂ ਵਿੱਚ ਗਰਮੀ ਅਸਹਿ ਹੋ ਜਾਵੇਗੀ। ਇਹ ਗਰਮੀ ਜ਼ਮੀਨ ਦੀ ਸਾਰੀ ਨਮੀ ਜਜ਼ਬ ਕਰ ਲਵੇਗੀ ਅਤੇ ਮਿੱਟੀ ਦੁਬਾਰਾ ਖ਼ੁਸ਼ਕ ਜਾਵੇਗੀ। ਦੱਸੋ, ਬੂਟੇ ਕਿਵੇਂ ਉੱਗਣਗੇ?”
ਅੱਸੀ ਸਾਲਾ ਗੈਰੇਲ ਅਤੇ ਉਨ੍ਹਾਂ ਦਾ ਪਰਿਵਾਰ ਠਾਣੇ ਜ਼ਿਲ੍ਹੇ ਦੇ ਸ਼ਹਾਪੁਰ ਤਾਲੁਕਾ ਵਿੱਚ 15 ਵਾਰਲੀ ਪਰਿਵਾਰਾਂ ਦੀ ਇੱਕ ਆਦਿਵਾਸੀ ਬਸਤੀ ਗਾਰੇਲਪਾਡਾ ਵਿੱਚ ਆਪਣੇ ਇੱਕ ਏਕੜ ਖੇਤ ਵਿੱਚ ਝੋਨੇ ਦੀ ਖੇਤੀ ਕਰਦਾ ਹੈ। ਜੂਨ 2019 ਵਿੱਚ ਉਨ੍ਹਾਂ ਵੱਲੋਂ ਬੀਜੀ ਗਈ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਸੁੱਕ ਗਈ। ਉਸ ਮਹੀਨੇ, 11 ਦਿਨਾਂ ਵਿੱਚ ਸਿਰਫ 393 ਮਿਲੀਮੀਟਰ (421.9 ਮਿਲੀਮੀਟਰ ਦੀ ਔਸਤ ਤੋਂ ਵੀ ਘੱਟ) ਮੀਂਹ ਪਿਆ।
ਉਨ੍ਹਾਂ ਨੇ ਜਿਹੜਾ ਝੋਨਾ ਲਾਇਆ ਸੀ, ਉਹ ਪੁੰਗਰ ਵੀ ਨਾ ਸਕਿਆ ਅਤੇ ਇੰਝ ਉਨ੍ਹਾਂ ਦਾ ਬੀਜ, ਖਾਦ, ਕਿਰਾਏ ਦੇ ਟਰੈਕਟਰ 'ਤੇ ਅਤੇ ਹੋਰ ਖੇਤੀ ਲਾਗਤਾਂ 'ਤੇ ਲਗਭਗ 10,000 ਰੁਪਏ ਦਾ ਨੁਕਸਾਨ ਹੋਇਆ।
ਧਰਮੇ ਦੇ 38 ਸਾਲਾ ਪੁੱਤਰ ਰਾਜੂ ਨੇ ਕਿਹਾ, “ਸਿਰਫ਼ ਅਗਸਤ ਹੀ ਅਜਿਹਾ ਮਹੀਨਾ ਸੀ ਜਦੋਂ ਨਿਯਮਤ ਮੀਂਹ ਪੈਂਦਾ ਸੀ ਅਤੇ ਜ਼ਮੀਨ ਠੰਢੀ ਹੋਣ ਲੱਗਦੀ। ਮੈਨੂੰ ਯਕੀਨ ਸੀ ਕਿ ਜੇ ਅਸੀਂ ਦੂਜੀ ਬਿਜਾਈ ਦਾ ਜੋਖਮ ਲੈ ਵੀ ਲਿਆ ਹੁੰਦਾ ਤਾਂ ਸਾਡੇ ਹੱਥ ਝਾੜ ਤਾਂ ਜ਼ਰੂਰ ਲੱਗਦਾ ਅਤੇ ਕੁਝ ਲਾਭ ਹੁੰਦਾ।”
ਜੂਨ ਦੇ ਉਸ ਦੁਰਲਭ ਮੀਂਹ ਤੋਂ ਬਾਅਦ, ਜੁਲਾਈ ਮਹੀਨੇ ਤਾਲੁਕਾ ਵਿੱਚ ਆਮ ਮੀਂਹ 947.3 ਮਿਲੀਮੀਟਰ ਦੇ ਮੁਕਾਬਲੇ, ਭਾਰੀ ਮੀਂਹ-1586.8 ਮਿਲੀਮੀਟਰ ਪਿਆ। ਇਸ ਲਈ ਗੈਰੇਲ ਪਰਿਵਾਰ ਉਸ ਦੂਜੀ ਬਿਜਾਈ 'ਤੇ ਟੇਕ ਲਗਾਈ ਬੈਠਾ ਰਿਹਾ। ਪਰ ਅਗਸਤ ਤੱਕ ਮੀਂਹ ਬਹੁਤ ਜ਼ਿਆਦਾ ਪੈ ਗਿਆ ਅਤੇ ਇਹ ਅਕਤੂਬਰ ਤੱਕ ਜਾਰੀ ਰਿਹਾ। ਠਾਣੇ ਜ਼ਿਲ੍ਹੇ ਦੇ ਸਾਰੀਆਂ 7 ਤਾਲੁਕਾ ਵਿੱਚ 116 ਦਿਨਾਂ ਵਿੱਚ ਲਗਭਗ 1,200 ਮਿਲੀਮੀਟਰ ਮੀਂਹ ਪਿਆ।
“ਪੌਦਿਆਂ ਦੇ ਵਾਧੇ ਦੀ ਗੱਲ ਕਰੀਏ ਤਾਂ ਸਤੰਬਰ ਮਹੀਨੇ ਤੱਕ ਬਹੁਤ ਜ਼ਿਆਦਾ ਮੀਂਹ ਪੈ ਗਿਆ। ਅਸੀਂ ਵੀ ਤਾਂ ਓਨਾ ਹੀ ਖਾਂਦੇ ਕਿ ਸਾਡਾ ਢਿੱਡ ਨਾ ਫੱਟ ਜਾਵੇ ਫਿਰ ਇੱਕ ਛੋਟਾ ਜਿਹਾ ਪੌਦਾ ਇਹ ਸਭ ਕਿਵੇਂ ਸਹਿ ਸਕਦਾ ਸੀ?” ਰਾਜੂ ਪੁੱਛਦੇ ਹਨ। ਅਕਤੂਬਰ ਦੇ ਮੀਂਹ ਨੇ ਗੈਰੇਲ ਪਰਿਵਾਰ ਦੇ ਖੇਤ ਵਿੱਚ ਹੜ੍ਹ ਲਿਆ ਦਿੱਤਾ। ਰਾਜੂ ਦੀ 35 ਸਾਲਾ ਪਤਨੀ ਅਤੇ ਕਿਸਾਨ ਸਵਿਤਾ ਯਾਦ ਕਰਦੀ ਹਨ, “ਅਸੀਂ ਸਤੰਬਰ ਦੇ ਆਖਰੀ ਹਫ਼ਤੇ ਝੋਨਾ ਵੱਢਣਾ ਅਤੇ ਭਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। “ਅਸੀਂ ਅਜੇ ਬਾਕੀ ਦੀ ਫ਼ਸਲ ਵੀ ਵੱਢਣੀ ਸੀ। 5 ਅਕਤੂਬਰ ਤੋਂ ਬਾਅਦ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ। ਅਸੀਂ ਜਿੰਨਾ ਸੰਭਵ ਹੋ ਸਕਿਆ, ਫ਼ਸਲ ਦੀਆਂ ਭਰੀਆਂ ਨੂੰ ਘਰ ਦੇ ਅੰਦਰ ਲਿਜਾਣ ਦਾ ਯਤਨ ਕੀਤਾ। ਪਰ ਕੁਝ ਹੀ ਮਿੰਟਾਂ ਵਿੱਚ, ਸਾਡੇ ਖੇਤ ਵਿੱਚ ਹੜ੍ਹ ਆ ਗਿਆ ..."
ਅਗਸਤ ਦੀ ਉਸ ਦੂਜੀ ਬਿਜਾਈ ਤੋਂ ਜਿਵੇਂ-ਕਿਵੇਂ ਗੈਰੇਲ ਪਰਿਵਾਰ ਦੇ ਹੱਥ 3 ਕੁਇੰਟਲ ਝਾੜ ਲੱਗਾ - ਪਹਿਲੇ ਸਮੇਂ ਦੀ ਵਾਢੀ ਦੀ ਗੱਲ ਕਰੀਏ ਤਾਂ ਇੱਕ ਬਿਜਾਈ ਤੋਂ, ਉਨ੍ਹਾਂ ਹੱਥ ਲਗਭਗ 8-9 ਕੁਇੰਟਲ ਦਾ ਝਾੜ ਮਿਲ਼ ਜਾਂਦਾ ਹੁੰਦਾ ਸੀ।












