ਉਹ ਆਪਣੇ ਬੈਗ ਵਿੱਚੋਂ ਰੈਪਿਡ ਮਲੇਰੀਆ ਟੈਸਟ ਕਿਟ ਲੱਭਦੀ ਹਨ। ਉਨ੍ਹਾਂ ਦੇ ਬੈਗ ਵਿੱਚ ਦਵਾਈਆਂ, ਸੇਲਾਇਨ ਦੀਆਂ ਬੋਤਲਾਂ, ਆਇਰਨ ਦੀਆਂ ਗੋਲ਼ੀਆਂ, ਟੀਕੇ, ਬੀ.ਪੀ. ਮਸ਼ੀਨ ਅਤੇ ਹੋਰ ਵੀ ਬੜਾ ਸਮਾਨ ਭਰਿਆ ਪਿਆ ਹੈ। ਜਿਸ ਔਰਤ ਦਾ ਪਰਿਵਾਰ ਦੋ ਦਿਨਾਂ ਤੋਂ ਉਨ੍ਹਾਂ (ਜਯੋਤੀ) ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹੀ ਔਰਤ ਬਿਸਤਰੇ 'ਤੇ ਨਿਢਾਲ਼ ਪਈ ਹੋਈ ਹੈ। ਉਹਦਾ ਤਾਪਮਾਨ ਤੇਜ਼ੀ ਨਾਲ਼ ਵੱਧ ਰਿਹਾ ਹੈ। ਉਹਦੀ ਜਾਂਚ ਪੌਜੀਟਿਵ ਆਈ ਹੈ।
ਉਹ ਦੋਬਾਰਾ ਆਪਣੇ ਬੈਗ ਵਿੱਚ ਝਾਤੀ ਮਾਰਦੀ ਹੈ। ਇਸ ਵਾਰ ਉਹ 500 ਐੱਮ.ਐੱਲ. ਡੇਕਸਟ੍ਰੋਜ ਇੰਟ੍ਰਾਵੇਂਸ (ਆਈ.ਵੀ.) ਸੌਲਿਊਸ਼ਨ ਭਾਲ਼ ਰਹੀ ਹੈ। ਉਹ ਤੇਜ਼ੀ ਨਾਲ਼ ਉਸ ਔਰਤ ਦੇ ਬੈੱਡ ਵੱਲ ਅੱਗੇ ਵੱਧਦੀ ਹੈ ਅਤੇ ਛੱਤ ਤੋਂ ਲਮਕ ਰਹੇ ਸਰੀਏ ਨਾਲ਼ ਪਲਾਸਟਿਕ ਦੀ ਰੱਸੀ ਲਪੇਟ ਦਿੰਦੀ ਹੈ ਅਤੇ ਕਾਹਲੀ ਕਾਹਲੀ ਉਸ ਰੱਸੀ ਨਾਲ਼ ਆਈ.ਵੀ. ਬੋਤਲ ਬੰਨ੍ਹ ਦਿੰਦੀ ਹੈ।
35 ਸਾਲਾ ਜਯੋਤੀ ਪ੍ਰਭਾ ਕਿਸਪੋਟਾ ਪਿਛਲੇ 10 ਸਾਲਾਂ ਤੋਂ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਪਿੰਡਾਂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ (ਮੈਡੀਕਲ) ਦੇ ਰਹੀ ਹਨ। ਉਨ੍ਹਾਂ ਕੋਲ਼ ਨਾ ਤਾਂ ਡਾਕਟਰ ਦੀ ਡਿਗਰੀ ਹੈ ਅਤੇ ਨਾ ਹੀ ਉਹ ਕੋਈ ਸਿਖਲਾਈ ਪ੍ਰਾਪਤ ਨਰਸ ਹੀ ਹਨ। ਉਹ ਕਿਸੇ ਸਰਕਾਰੀ ਹਸਪਤਾਲ ਜਾਂ ਸਿਹਤ ਸੇਵਾ ਕੇਂਦਰ ਨਾਲ਼ ਜੁੜੀ ਵੀ ਨਹੀਂ ਹੋਈ। ਪਰ ਉਰਾਂਵ ਭਾਈਚਾਰੇ ਦੀ ਇਹ ਔਰਤ ਪੱਛਮੀ ਸਿੰਘਭੂਮ ਦੇ ਆਦਿਵਾਸੀ ਬਹੁਗਿਣਤੀ ਪਿੰਡਾਂ ਲਈ ਪਹਿਲਾ ਸਹਾਰਾ ਹਨ ਅਤੇ ਅਕਸਰ ਅਖ਼ੀਰਲੀ ਉਮੀਦ ਵੀ ਹਨ। ਇੱਕ ਅਜਿਹਾ ਪਿੰਡ ਜੋ ਖ਼ਸਤਾ-ਹਾਲਤ ਸਰਕਾਰੀ ਸੇਵਾਵਾਂ ਦੇ ਵੱਸ ਪਿਆ ਹੈ।
ਉਹ (ਜਯੋਤੀ) ਉਨ੍ਹਾਂ ਸਾਰੇ 'ਆਰਐੱਮਪੀ' ਵਿੱਚੋਂ ਹੀ ਇੱਕ ਹਨ, ਜਿਨ੍ਹਾਂ ਬਾਰੇ ਖੇਤਰੀ ਸਰਵੇਖਣ ਇਹ ਦੱਸਦੇ ਹਨ ਕਿ ਪੇਂਡੂ ਇਲਾਕਿਆਂ ਵਿੱਚ 70 ਫ਼ੀਸਦ ਸਿਹਤ ਸੇਵਾਵਾਂ ਸਾਰੇ ਆਰਐੱਮਪੀ ਦੁਆਰਾ ਹੀ ਉਪਲਬਧ ਕਰਾਈਆਂ ਜਾ ਰਹੀਆਂ ਹਨ। ਇੱਥੇ ਆਰਐੱਮਪੀ ਦਾ ਮਤਲਬ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਨਹੀਂ ਸਗੋਂ 'ਰੂਰਲ ਮੈਡੀਕਲ ਪ੍ਰੈਕਟਿਸ਼ਨਰ' ਹੈ ਜਿਨ੍ਹਾਂ ਨੂੰ ਅਸੀਂ ਬੋਲਚਾਲ਼ ਦੀ ਭਾਸ਼ਾ ਵਿੱਚ ਝੋਲ਼ਾ ਛਾਪ ਡਾਕਟਰ ਕਹਿੰਦੇ ਹਾਂ। ਪੇਂਡੂ ਇਲਾਕਿਆਂ ਵਿੱਚ ਇਹ ਕੱਚਘੜ੍ਹ ਡਾਕਟਰ ਸਮਨਾਂਤਰ ਰੂਪ ਵਿੱਚ ਨਿੱਜੀ ਸੇਵਾਵਾਂ ਦਿੰਦੇ ਆਏ ਹਨ। ਅਕਾਦਮਿਕ ਸੰਸਾਰ ਦੀ ਗੱਲ ਕਰੀਏ ਤਾਂ ਇਨ੍ਹਾਂ ਅਯੋਗ ਮੈਡੀਕਲ ਪ੍ਰੈਕਟਿਸ਼ਨਰਾਂ ਨੂੰ ਨੀਮ ਹਕੀਮਾਂ ਕਹਿ ਕੇ ਹੇਅ ਦੀ ਨਜ਼ਰ ਨਾਲ਼ ਦੇਖਿਆ ਜਾਂਦਾ ਹੈ ਅਤੇ ਜੇ ਸਿਹਤ ਸੰਭਾਲ਼ ਬਾਰੇ ਸਰਕਾਰੀ ਨੀਤੀਆਂ ਦੀ ਗੱਲ ਕਰੀਏ ਤਾਂ ਇਹ ਇੱਕ ਦੁਵਿਧਾ ਬਣ ਕੇ ਸਾਹਮਣੇ ਆਉਂਦੇ ਹਨ।
ਆਰਐੱਮਪੀ ਅਕਸਰ ਭਾਰਤ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਪੰਜੀਕ੍ਰਿਤ ਨਹੀਂ ਹੁੰਦੇ। ਹੋ ਸਕਦੇ ਹੈ ਇਨ੍ਹਾਂ ਵਿੱਚੋਂ ਕੁਝ ਹੋਮਿਊਪੈਥ ਜਾਂ ਯੂਨਾਨੀ ਡਾਕਟਰ ਵਜੋਂ ਪੰਜੀਕ੍ਰਿਤ ਹੁੰਦੇ ਹੋਣ ਪਰ ਉਹ ਐਲੋਪੈਥੀ ਦਵਾਈਆਂ ਜ਼ਰੀਏ ਵੀ ਮਰੀਜ਼ਾਂ ਦਾ ਇਲਾਜ ਕਰਦੇ ਹਨ।
ਜਯੋਤੀ ਕੋਲ਼ ਐਲੋਪੈਥੀ ਦਵਾਈਆਂ ਦਾ ਇੱਕ ਆਰਐੱਮਪੀ ਸਰਟੀਫ਼ਿਕੇਟ ਤਾਂ ਹੈ, ਜਿਹਨੂੰ ਕਾਊਂਸਲ ਆਫ਼ ਅਨਇੰਪਲਾਇਡ ਰੂਰਲ ਮੈਡੀਕਲ ਪ੍ਰੈਕਟਿਸ਼ਨਰ ਨਾਮਕ ਇੱਕ ਨਿੱਜੀ ਸੰਸਥਾ ਨੇ ਜਾਰੀ ਕੀਤਾ ਹੈ। ਸਰਟੀਫ਼ਿਕੇਟ ਦਾਅਵਾ ਕਰਦਾ ਹੈ ਕਿ ਇਹ ਸੰਸਥਾ ਬਿਹਾਰ ਸਰਕਾਰ ਦੁਆਰਾ ਪੰਜੀਕ੍ਰਿਤ ਹੈ। ਜਯੋਤੀ ਨੇ 10,000 ਰੁਪਏ ਦੇ ਕੇ ਉੱਥੋਂ 6 ਮਹੀਨੇ ਦਾ ਇਹ ਕੋਰਸ ਕੀਤਾ ਸੀ। ਇਸ ਸੰਸਥਾ ਦਾ ਹੁਣ ਕੋਈ ਥਹੁ-ਪਤਾ ਹੀ ਨਹੀਂ।

















