ਆਪਣੇ ਘਰ ਦੇ ਬਾਹਰ ਮੰਜੀ 'ਤੇ ਬੈਠੀ 40 ਸਾਲਾ ਮਾਲਨ ਆਪਣੀ ਮਾਂ ਦੇ ਘਰ ਮੁੜਨ ਦੀ ਉਡੀਕ ਕਰ ਰਹੀ ਹਨ। ਉਨ੍ਹਾਂ ਨੇ ਬੂਟੀਆਂ ਵਾਲ਼ਾ ਆਪਣਾ ਪਸੰਦੀਦਾ ਬਲਾਊਜ ਅਤੇ ਗਿੱਟਿਆਂ ਤੀਕਰ ਲੰਬੀ ਸਕਰਟ ਪਾਈ ਹੋਈ ਹੈ। ਉਹ ਮੇਰੇ ਵੱਲ ਦੇਖਦੀ ਹਨ ਅਤੇ ਉਨ੍ਹਾਂ ਦਾ ਚਿਹਰਾ ਲਿਸ਼ਕਣ ਲੱਗਦਾ ਹੈ। ਉਨ੍ਹਾਂ ਨੇ ਮੈਨੂੰ ਪਿਛਲੀ ਹੋਈ ਮੁਲਾਕਾਤ ਕਾਰਨ ਪਛਾਣ ਲਿਆ ਹੈ। ''ਆਈ ਨਹੀਂ ਘਰੀ,'' ਉਹ ਮੈਨੂੰ ਦੱਸਦੀ ਹਨ ਜਿਓਂ ਹੀ ਮੈਂ ਇੱਟ, ਪੱਥਰ ਅਤੇ ਗਾਰੇ ਨਾਲ਼ ਬਣੇ ਦੋ ਕਮਰਿਆਂ ਵਾਲ਼ੇ ਉਨ੍ਹਾਂ ਦੇ ਘਰ ਦੀਆਂ ਬਰੂਹਾਂ 'ਤੇ ਬੈਠਣ ਲੱਗਦੀ ਹਾਂ।
ਮਾਲਨ ਮੋਰੇ ਆਪਣੀ 63 ਸਾਲਾ ਮਾਂ ਰਾਹੀਬਾਈ ਅਤੇ 83 ਸਾਲਾ ਪਿਤਾ ਨਾਨਾ ਦੇ ਨਾਲ਼ ਵਾੜੀ ਪਿੰਡ ਵਿੱਚ ਰਹਿੰਦੀ ਹਨ (ਉਨ੍ਹਾਂ ਦੇ ਨਾਮ ਅਤੇ ਪਿੰਡ ਦਾ ਨਾਮ ਬਦਲ ਦਿੱਤਾ ਗਿਆ ਹੈ)। ਇਹ ਪਿੰਡ ਪੂਨੇ ਜ਼ਿਲ੍ਹੇ ਦੇ ਮੁਲਸ਼ੀ ਤਾਲੁਕਾ ਵਿੱਚ ਸਥਿਤ ਹੈ, ਜਿੱਥੇ ਇਹ ਪਰਿਵਾਰ ਆਪਣੀ ਤਿੰਨ ਏਕੜ ਦੀ ਭੋਇੰ 'ਤੇ ਚੌਲ਼, ਕਣਕ ਅਤੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ।
ਮਾਲਨ ਜਦੋਂ ਕਰੀਬ 18 ਸਾਲਾਂ ਦੀ ਸਨ, ਤਾਂ ਪੂਨੇ ਦੇ ਸਸੂਨ ਜਨਰਲ ਹਸਪਤਾਲ ਵਿਖੇ ਉਨ੍ਹਾਂ ਦੇ ਮਾਨਸਿਕ ਮੰਦਬੁੱਧੀ ਹੋਣ ਦੀ ਤਸ਼ਖੀਸ ਹੋਈ।
12 ਸਾਲਾਂ ਤੀਕਰ ਉਹ ਰਾਜ ਦੁਆਰਾ ਚਲਾਏ ਜਾਂਦੇ ਸਥਾਨਕ ਪ੍ਰਾਇਮਰੀ ਸਕੂਲ ਪੜ੍ਹਨ ਜਾਂਦੀ ਰਹੀ ਸਨ। ਰਾਹੀਬਾਈ ਦੱਸਦੀ ਹਨ,''ਉਹਦੇ ਸਾਰੇ ਸਹਿਪਾਠੀਆਂ ਨੇ ਚੌਥੀ ਜਮਾਤ ਪਾਸ ਕਰ ਲਈ ਹੈ ਅਤੇ ਸਾਰੇ ਅਗਲੀਆਂ ਜਮਾਤਾਂ ਵਿੱਚ ਚਲੇ ਗਏ ਹਨ, ਪਰ ਉਹ ਪਿਛਾਂਹ ਰਹਿ ਗਈ ਹਨ। ਅਖ਼ੀਰ ਕਲਾਸ ਅਧਿਆਪਕ ਨੇ ਮੈਨੂੰ ਕਿਹਾ ਕਿ ਉਹਨੂੰ ਸਕੂਲੋਂ ਹਟਾ ਲਵਾਂ।'' ਉਸ ਵੇਲ਼ੇ ਮਾਲਨ ਕੋਈ 15 ਸਾਲਾਂ ਦੀ ਸਨ।
ਉਦੋਂ ਤੋਂ ਹੀ ਮਾਲਨ ਆਪਣੀ ਮਾਂ ਦੇ ਨਾਲ਼ ਘਰ ਵਿੱਚ ਮਾੜੇ-ਮੋਟੇ ਕੰਮ ਕਰਦਿਆਂ ਹੋਇਆਂ ਪੂਰਾ ਦਿਨ ਬਿਤਾਉਂਦੀ ਹਨ, ਪਰ ਜਦੋਂ ਉਨ੍ਹਾਂ ਦੀ ਕੰਮ ਕਰਨ ਦੀ ਮਰਜ਼ੀ ਹੁੰਦੀ ਹੈ ਸਿਰਫ਼ ਉਦੋਂ ਹੀ ਕੰਮ ਕਰਦੀ ਹਨ। ਉਹ ਬਾਮੁਸ਼ਕਲ ਹੀ ਕਿਸੇ ਨਾਲ਼ ਗੱਲ ਕਰਦੀ ਹਨ ਪਰ ਜਦੋਂ ਬੋਲਦੀ ਹਨ ਤਾਂ ਸਿਰਫ਼ ਰਾਹੀਬਾਈ ਅਤੇ ਕੁਝ ਗਿਣੇ-ਚੁਣੇ ਲੋਕਾਂ ਦੇ ਨਾਲ਼ ਹੀ ਗੱਲ ਕਰਦੀ ਹਨ। ਪਰ, ਉਹ ਗੱਲਾਂ ਨੂੰ ਸਮਝਦੀ ਹਨ ਅਤੇ ਸੰਵਾਦ ਕਰ ਲੈਂਦੀ ਹਨ। ਜਦੋਂ ਮੈਂ ਉਨ੍ਹਾਂ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਸਿਰ ਹਿਲਾਇਆ, ਮੁਸਕਰਾਈ ਅਤੇ ਚੰਦ ਪਲਾਂ ਲਈ ਬੋਲੀ।







