''ਮੇਰੇ ਜਨਮ ਤੋਂ ਹੀ ਹਾਲਾਤ ਕੁਝ ਅਜਿਹੇ ਹੀ ਰਹੇ; ਮੈਂ ਬਤੌਰ ਮਜ਼ਦੂਰ ਕੰਮ ਕਰਦੀ ਆਈ ਹਾਂ,'' ਰਤਨੱਵਾ ਐੱਸ. ਹਰੀਜਨ ਕਹਿੰਦੀ ਹਨ, ਜਦੋਂ ਇਹ ਅਗਸਤ ਦੀ ਧੁੰਦਲਕੇ ਭਰੀ ਸਵੇਰੇ ਵੇਲ਼ੇ, ਆਪਣੇ ਘਰੋਂ ਖੇਤਾਂ ਵੱਲ ਨੂੰ ਛੋਹਲੇ ਪੈਰੀਂ ਵੱਧਦੀ ਜਾਂਦੀ ਹਨ, ਜਿੱਥੇ ਉਹ ਦਿਹਾੜੀ 'ਤੇ ਕੰਮ ਕਰਦੀ ਹਨ। ਥੋੜ੍ਹੀ ਝੁਕੀ ਹੋਈ, ਉਹ ਤੇਜ਼ੀ ਨਾਲ਼ ਅੱਗੇ ਵੱਧਦੀ ਜਾਂਦੀ ਹਨ, ਉਨ੍ਹਾਂ ਦੇ ਪੈਰਾਂ ਦੀ ਤੇਜ਼ੀ ਲੰਗੜੇਪਣ ਦੇ ਉਸ ਵਿਕਾਰ ਨੂੰ ਲੁਕਾਉਂਦੀ ਹੈ ਜੋ ਅੱਲ੍ਹੜ ਉਮਰੇ ਲੱਗਿਆ ਸੀ।
ਖੇਤ ਵਿੱਚ ਪੁੱਜਣ ਤੋਂ ਬਾਅਦ, ਉਹ ਆਪਣੇ ਕੰਮ ਦੇ ਕੱਪੜੇ ਬਾਹਰ ਕੱਢਦੀ ਹਨ ਜੋ ਉਹ ਆਪਣੇ ਨਾਲ਼ ਲਿਆਉਂਦੀ ਹਨ। ਸਭ ਤੋਂ ਪਹਿਲਾਂ, ਸਾੜੀ ਦੇ ਉੱਤੋਂ ਦੀ ਨੀਲੇ ਰੰਗੀ ਕਮੀਜ਼ ਪਾਉਂਦੀ ਹਨ, ਫਿਰ ਪੀਲ਼ੇ-ਰੰਗਾ ਬੂਟੀਦਾਰ ਪਰਨਾ ਆਪਣੇ ਦੁਆਲ਼ੇ ਵਲ੍ਹੇਟਦੀ ਹਨ ਤਾਂ ਕਿ ਪਰਾਗਣ ਦੇ ਬੂਰ ਚਿੰਬੜਨ ਤੋਂ ਬਚੀ ਰਹੇ। ਇਸ ਸਭ ਦੇ ਉੱਪਰ, ਉਹ ਹਰਾ ਸ਼ਿਫੋਨ ਦਾ ਕੱਪੜਾ ਕੁਝ ਇਸ ਤਰੀਕੇ ਨਾਲ਼ ਬੰਨ੍ਹਦੀ ਹਨ ਕਿ ਪੋਟਲੀ ਜਿਹੀ ਬਣ ਜਾਂਦਾ ਹੈ ਜਿਸ ਵਿੱਚ ਉਹ ਭਿੰਡੀ ਦੇ ਬੂਟੇ ਦੇ ਕੁਝ ਗੰਡੂ ਹੋਵੂ (ਨਰ ਫੁੱਲ) ਰੱਖਦੀ ਹਨ। ਸਭ ਤੋਂ ਅਖ਼ੀਰ 'ਤੇ ਉਹ ਆਪਣੇ ਸਿਰ 'ਤੇ ਇੱਕ ਫਿੱਕੜ ਜਿਹਾ ਤੌਲ਼ੀਆ ਬੰਨ੍ਹ ਲੈਂਦੀ ਹਨ। ਇੰਝ ਪੂਰੀ ਤਰ੍ਹਾਂ ਲੈਸ ਹੋ ਕੇ 45 ਸਾਲਾ ਰਤਨੱਵਾ ਆਪਣੇ ਖੱਬੇ ਹੱਥ ਵਿੱਚ ਧਾਗਿਆਂ ਦਾ ਇੱਕ ਗੁੱਛਾ ਫੜ੍ਹੀ ਕੰਮ ਸ਼ੁਰੂ ਕਰਦੀ ਹਨ।
ਉਹ ਕੋਈ ਇੱਕ ਫੁੱਲ ਚੁਣਦੀ ਹਨ, ਅਤੇ ਮਲ੍ਹਕੜੇ ਜਿਹੇ ਪੰਖੜੀਆਂ ਨੂੰ ਮੋੜ ਕੇ ਹੇਠਾਂ ਵੱਲ ਝੁਕਾਉਂਦੀ ਹਨ ਅਤੇ ਹਰ ਨਰ ਸ਼ੰਕੂ ਦੇ ਕੇਸਰ (ਫੁੱਲ ਦਾ ਗਰਭ) ਦੇ ਸਿਰੇ ਨੂੰ ਰਗੜਦੀ (ਮਲ਼ਦੀ) ਹਨ । ਉਹ ਪਰਾਗਿਤ ਫੁੱਲ ਦੇ ਚਾਰੇ ਪਾਸੇ ਇੱਕ ਧਾਗਾ ਲਪੇਟ ਦਿੰਦੀ ਹਨ। ਆਪਣੀ ਕਮਰ ਝੁਕਾਈ, ਉਹ ਲੈਅਬੱਧ ਤਰੀਕੇ ਕਤਾਰ ਵਿੱਚ ਲੱਗੇ ਭਿੰਡੀ ਦੇ ਹਰ ਬੂਟੇ ਦੇ ਹਰੇਕ ਫੁੱਲ ਨੂੰ ਪਰਾਗਤ ਕਰਦੀ ਅੱਗੇ ਵੱਧਦੀ ਜਾਂਦੀ ਹਨ। ਉਨ੍ਹਾਂ ਨੂੰ ਹੱਥੀਂ-ਪਰਾਗਤ ਕਰਨ ਦੇ ਇਸ ਕੰਮ ਵਿੱਚ ਮੁਹਾਰਤ ਹਾਸਲ ਹੈ- ਉਹ ਬਚਪਨ ਤੋਂ ਇਹ ਕੰਮ ਕਰਦੀ ਆਈ ਹਨ।
ਰਤਨੱਵਾ ਮਦੀਗਾ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ ਜੋ ਕਰਨਾਟਕ ਦੀ ਇੱਕ ਦਲਿਤ ਜਾਤੀ ਹੈ। ਉਹ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਰਾਣੀਬੇਨੂਰ ਤਾਲੁਕਾ ਦੇ ਕੋਨਾਨਾਤਾਲੀ ਪਿੰਡ ਦੇ ਮਡੀਗਾਰਾ ਕੇਰੀ (ਮਡੀਗਾ ਕੁਆਰਟਰ) ਵਿੱਚ ਰਹਿੰਦੀ ਹਨ।












