''ਕੋਈ ਸਮੱਸਿਆ ਨਹੀਂ। ਕੁਝ ਵੀ ਅਸਧਾਰਣ ਨਹੀਂ। ਸਾਰਾ ਕੁਝ ਠੀਕ-ਠਾਕ ਸੀ। ਜ਼ਿੰਦਗੀ ਆਮ ਜਿਹੇ ਢੰਗ ਨਾਲ਼ ਗੁਜ਼ਰ ਰਹੀ ਸੀ,'' 33 ਸਾਲਾ ਦਿਨੇਸ਼ ਚੰਦਰ ਸੁਥਾਰ ਕਹਿੰਦੇ ਹਨ, ਜੋ ਆਪਣੇ ਪਰਿਵਾਰ ਦੇ ਐਨ ਵਿਚਕਾਰ ਫ਼ਾਈਲਾਂ ਅਤੇ ਰਿਪੋਰਟਾਂ ਲਈ ਬੈਠੇ ਹਨ ਅਤੇ ਚੇਤੇ ਕਰ ਰਹੇ ਹਨ ਕਿ ਇਸ ਅਣਕਿਆਸੀ ਘਟਨਾ ਤੋਂ ਪਹਿਲਾਂ ਰੋਜ਼ਮੱਰਾ ਦੇ ਹਾਲਾਤ ਕਿਹੋ ਜਿਹੇ ਸਨ।
ਰਾਜਸਥਾਨ ਦੇ ਬਾਂਸੀ ਪਿੰਡ ਵਿੱਚ ਸਥਿਤ ਸੁਥਾਰ ਘਰ ਦੀ ਕੰਧ 'ਤੇ ਉਨ੍ਹਾਂ ਦੀ ਮਰਹੂਮ ਪਤਨੀ ਦੀ ਤਸਵੀਰ ਲਮਕ ਰਹੀ ਹੈ। ਭਾਵਨਾ ਦੇਵੀ ਦੀ ਤਸਵੀਰ ਉਹੀ ਵਾਲ਼ੀ ਹੈ ਜੋ ਦਿਨੇਸ਼ ਕੋਲ਼ ਮੌਜੂਦ ਫ਼ਾਈਲਾਂ ਵਿੱਚ ਹੈ। ਇਹ ਤਸਵੀਰ 2015 ਵਿੱਚ ਉਨ੍ਹਾਂ ਦੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਖਿੱਚੀ ਗਈ ਸੀ ਅਤੇ ਇਹਨੂੰ ਇੱਕ ਸਰਕਾਰੀ ਯੋਜਨਾ ਦੇ ਬਿਨੈ ਪੱਤਰ ਵਿੱਚ ਚਿਪਕਾਇਆ ਗਿਆ ਸੀ।
ਪੰਜ ਸਾਲ ਬੀਤ ਚੁੱਕੇ ਹਨ, ਦਿਨੇਸ਼ ਇਨ੍ਹਾਂ ਕਾਗ਼ਜ਼ਾਂ ਅਤੇ ਤਸਵੀਰਾਂ ਨੂੰ ਆਪਣੇ ਕੋਲ਼ ਸਾਂਭੀ ਬੈਠੇ ਹਨ, ਜੋ ਉਨ੍ਹਾਂ ਦੇ ਛੋਟੇ ਜਿਹੇ ਵਿਆਹੁਤਾ ਜੀਵਨ ਦੀ ਨਿਸ਼ਾਨੀਆਂ ਹਨ। ਉਹ ਦੋ ਲੜਕਿਆਂ- ਤਿੰਨ ਸਾਲਾ ਚਿਰਾਗ ਅਤੇ ਦੇਵਾਂਸ ਦੇ ਪਿਤਾ ਹਨ। ਬੜੀ ਸਾਦੜੀ ਨਗਰਪਾਲਿਕਾ ਦੇ 50 ਬਿਸਤਰਿਆਂ ਵਾਲ਼ੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਵਿਖੇ ਨਸਬੰਦੀ ਦੀ ਪ੍ਰਕਿਰਿਆ ਦੌਰਾਨ ਆਂਦਰ ਵਿੱਚ ਹੋਏ ਛੇਕ ਕਾਰਨ ਭਾਵਨਾ ਦੀ ਮੌਤ ਹੋਈ, ਉਦੋਂ ਦੇਵਾਂਸ਼ ਸਿਰਫ਼ 29 ਦਿਨਾਂ ਦਾ ਸੀ ਅਤੇ ਉਹਦਾ ਨਾਮ ਵੀ ਨਹੀਂ ਰੱਖਿਆ ਗਿਆ ਸੀ।
ਦਿਨੇਸ਼- ਜਿਨ੍ਹਾਂ ਕੋਲ਼ ਬੀਐੱਡ ਦੀ ਡਿਗਰੀ ਹੈ ਉਹ ਬਾਂਸੀ ਤੋਂ ਛੇ ਕਿਲੋਮੀਟਰ ਦੂਰ, ਬੜਵਾਲ ਦੇ ਇੱਕ ਨਿੱਜੀ ਸਕੂਲ ਵਿੱਚ ਬਤੌਰ ਅਧਿਆਪਕ 15,000 ਰੁਪਏ ਕਮਾਉਂਦੇ ਹਨ- ਉਹ ਘਟਨਾਵਾਂ ਦੇ ਉਨ੍ਹਾਂ ਸਿਰਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਆਪਸ ਵਿੱਚ ਜੋੜਨ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਕਾਰਨਾਂ ਨੇ ਉਨ੍ਹਾਂ ਦਾ ਘਰ ਉਜਾੜ ਦਿੱਤਾ ਅਤੇ ਅੰਤ ਵਿੱਚ ਖ਼ੁਦ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ।
''ਕੀ ਜੇ ਮੈਂ ਓਪਰੇਸ਼ਨ ਲਈ ਰਾਜ਼ੀ ਨਾ ਹੁੰਦਾ ਤਾਂ ਉਹਦੀ ਮੌਤ ਨੂੰ ਟਾਲ਼ਿਆ ਜਾ ਸਕਦਾ ਸੀ? ਮੈਂ ਡਾਕਟਰਾਂ 'ਤੇ ਯਕੀਨ ਕਰ ਲਿਆ ਜੋ ਲਗਾਤਾਰ ਕਹਿ ਰਹੇ ਸਨ ਕਿ ਸਾਰਾ ਕੁਝ ਠੀਕ ਹੈ? ਮੈਨੂੰ ਹੋਰ ਜਾਣਕਾਰੀ ਮੰਗਣੀ ਚਾਹੀਦੀ ਸੀ। ਮੈਨੂੰ ਓਪਰੇਸ਼ਨ ਲਈ ਸਹਿਮਤ ਹੀ ਨਹੀਂ ਹੋਣਾ ਚਾਹੀਦਾ ਸੀ ਅਤੇ ਨਾ ਹੀ ਕਿਸੇ 'ਤੇ ਇੰਝ ਭਰੋਸਾ ਹੀ ਕਰਨਾ ਚਾਹੀਦਾ ਸੀ। ਇਹ ਮੇਰੀ ਗ਼ਲਤੀ ਹੈ,'' ਦਿਨੇਸ਼ ਕਹਿੰਦੇ ਹਨ, ਜੋ 24 ਜੁਲਾਈ, 2019 ਨੂੰ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਤੋਂ ਕਈ ਵਾਰੀ ਇਨ੍ਹਾਂ ਤਸੀਹੇ ਦਿੰਦੇ ਵਿਚਾਰਾਂ ਨਾਲ਼ ਜੂਝਦੇ ਰਹੇ ਹਨ।
ਮੌਤ ਤੋਂ ਇੱਕ ਮਹੀਨੇ ਪਹਿਲਾਂ (ਬਾਮੁਸ਼ਕਲ ਇੱਕ ਮਹੀਨਾ), 25 ਜੂਨ, 2019 ਨੂੰ 25 ਸਾਲਾ ਭਾਵਨਾ ਨੇ ਇੱਕ ਸਿਹਤਮੰਦ ਬੱਚੇ, ਦੇਵਾਂਸ਼ ਨੂੰ ਜਨਮ ਦਿੱਤਾ ਸੀ। ਦੂਸਰੀ ਗਰਭਅਵਸਥਾ ਅਤੇ ਪ੍ਰਸਵ ਪਹਿਲਾਂ ਵਾਂਗਰ ਹੀ ਨੌਰਮਲ ਸੀ। ਚਿੱਤੌੜਗੜ ਜ਼ਿਲ੍ਹੇ ਦੇ ਬੜੀ ਸਾਦੜੀ ਬਲਾਕ ਵਿੱਚ ਪੈਂਦੀ ਬੜੀ ਸਾਦੜੀ ਸੀਐੱਚਸੀ ਵਿਖੇ ਉਨ੍ਹਾਂ ਦੀਆਂ ਰਿਪੋਰਟਾਂ, ਜਾਂਚ ਅਤੇ ਇੱਥੋਂ ਤੱਕ ਕਿ ਪ੍ਰਸਵ ਵੀ ਨੌਰਮਲ ਹੀ ਸੀ, ਇਹ ਸੀਐੱਚਸੀ ਉਨ੍ਹਾਂ ਦੇ ਪਿੰਡ ਤੋਂ ਕਰੀਬ 60 ਕਿਲੋਮੀਟਰ ਦੂਰ ਹੈ।







