''ਚਾਰ-ਪੰਜ ਮਹੀਨਿਆਂ ਤੋਂ ਝਾਰੀਆ ਪਿੰਡ ਵਿੱਚ ਪੈਂਦੇ ਮੇਰੇ ਘਰ ਦੀ ਬਿਜਲੀ ਕੱਟੀ ਹੋਈ ਹੈ। ਮੈਂ, ਮੇਰੀ ਭੈਣ ਤੇ ਮੇਰਾ ਭਰਾ ਟਾਰਚ ਦੀ ਰੌਸ਼ਨੀ ਵਿੱਚ ਥੋੜ੍ਹਾ-ਬਹੁਤ ਪੜ੍ਹ ਲੈਂਦੇ ਹਾਂ, ਪਰ ਟਾਰਚ ਅੱਧਾ-ਪੌਣਾ ਘੰਟਾ ਹੀ ਕੰਮ ਕਰਦੀ ਹੈ। ਫਿਰ ਉਹਨੂੰ ਦੋਬਾਰਾ ਚਾਰਜ ਕਰਨ ਦੀ ਲੋੜ ਪੈਂਦੀ ਹੈ।''
ਸੋਮਵਾਰੀ ਬਾਸਕੇ 13 ਸਾਲਾ ਇੱਕ ਸੰਤਾਲ ਆਦਿਵਾਸੀ ਕੁੜੀ ਹੈ ਤੇ ਭਾਟਿਨ ਮਿਡਿਲ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਕਿਸੇ ਵੀ ਹਾਲਤ ਵਿੱਚ ਉਹ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ: ''ਮੈਂ ਪੜ੍ਹਨਾ ਚਾਹੁੰਦੀ ਹਾਂ। ਇਹੀ ਮੇਰਾ ਸੁਪਨਾ ਹੈ।''
ਝਾਰੀਆ ਪਿੰਡ, ਜਾਦੂਗੋੜਾ ਬਲਾਕ ਵਿੱਚ ਪੈਂਦਾ ਹੈ ਤੇ ਇਹਦੀ ਅਬਾਦੀ ਕੋਈ 1,000 ਤੋਂ ਥੋੜ੍ਹੀ ਵੱਧ ਹੈ। ਇੱਥੋਂ ਦੀ ਸਾਖ਼ਰਤਾ ਦਰ 59 ਫ਼ੀਸਦ ਹੈ, ਜੋ ਝਾਰਖੰਡ ਰਾਜ ਦੀ ਸਾਖ਼ਰਤਾ ਦਰ (66.41 ਫ਼ੀਸਦ) ਨਾਲ਼ੋਂ ਘੱਟ ਹੈ। ਪੂਰਬੀ ਸਿੰਘਭੂਮ ਦੇ ਇਸ ਪਿੰਡ ਵਿੱਚ ਸਿਰਫ਼ ਪ੍ਰਾਇਮਰੀ ਸਕੂਲ ਹੀ ਹੈ, ਇਸਲਈ ਸੋਮਵਾਰੀ ਨੂੰ ਪੜ੍ਹਨ ਲਈ ਘਰੋਂ ਚਾਰ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।
ਜਦੋਂ ਇਸ ਰਿਪੋਰਟਰ ਨੇ ਨੇੜਲੇ ਇੱਕ ਪਿੰਡ ਖੜੀਆ ਕੋਚਾ ਦਾ ਦੌਰਾ ਕੀਤਾ ਸੀ, ਤਾਂ ਸੋਮਵਾਰੀ ਨੇ ਰਿਪੋਰਟਰ ਲਈ ਸਬਰ ਭਾਸ਼ਾ ਤੋਂ ਹਿੰਦੀ ਵਿੱਚ ਦੁਭਾਸ਼ੀਏ ਦੀ ਭੂਮਿਕਾ ਨਿਭਾਈ ਸੀ ਤੇ ਝਾਰਖੰਡ ਦੇ ਪੂਰਬੀ ਸਿੰਘਭੂਮ ਦੇ ਇਸ ਇਲਾਕੇ ਦੇ ਸਬਰ ਆਦਿਵਾਸੀਆਂ ਨਾਲ਼ ਗੱਲ ਕਰਨ ਵਿੱਚ ਰਿਪੋਰਟਰ ਦੀ ਮਦਦ ਕੀਤੀ। ਆਪਣੀ ਮਾਂ-ਬੋਲੀ ਸੰਤਾਲੀ ਤੋਂ ਇਲਾਵਾ, ਸੋਮਵਾਰੀ ਸਬਰ, ਹੋ, ਹਿੰਦੀ ਤੇ ਬੰਗਾਲੀ ਵੀ ਬੋਲ ਲੈਂਦੀ ਹੈ।







