“ਤੁਸੀਂ ਇੰਨੇ ਸਾਲਾਂ ਤੋਂ ਮੇਰੀਆਂ ਫ਼ੋਟੋਆਂ ਖਿੱਚਦੇ ਆ ਰਹੇ ਹੋ, ਦੱਸੋ ਤਾਂ ਸਹੀ ਤੁਸੀਂ ਕਰਨ ਕੀ ਵਾਲ਼ੇ ਹੋ?” ਗੋਵਿੰਦੱਮਾ ਵੇਲੂ ਯਕਦਮ ਵਿਲ਼ਕ ਹੀ ਪੈਂਦੀ ਹਨ। ਇਸ ਸਾਲ ਮਾਰਚ ਮਹੀਨੇ ਵਿੱਚ ਉਨ੍ਹਾਂ ਦੇ ਬੇਟੇ, ਸੇਲਾਯਾ ਦੀ ਮੌਤ ਨੇ ਉਨ੍ਹਾਂ ਨੂੰ ਧੁਰ-ਅੰਦਰੋਂ ਤੋੜ ਸੁੱਟਿਆ ਹੈ। “ਮੇਰੀ ਨਜ਼ਰ ਵੀ ਖ਼ਤਮ ਹੋ ਗਈ ਹੈ। ਮੈਨੂੰ ਤਾਂ ਤੂੰ ਵੀ ਨਹੀਂ ਦਿੱਸ ਰਿਹਾ। ਦੱਸੋ ਹੁਣ ਮੇਰਾ ਤੇ ਮੇਰੀ ਬੁੱਢੀ ਮਾਂ ਦਾ ਕੌਣ ਧਿਆਨ ਰੱਖੂ?”
ਉਹ ਮੈਨੂੰ ਆਪਣੇ ਹੱਥਾਂ ’ਤੇ ਪਏ ਡੂੰਘੇ ਚੀਰੇ ਤੇ ਛਾਲ਼ੇ ਦਿਖਾਉਂਦੀ ਹਨ। “ਤਿਰਕਾਲੀਂ ਸਿਰਫ਼ 200 ਰੁਪਏ ਘਰ ਲਿਜਾਣ ਬਦਲੇ ਮੈਨੂੰ ਬਹੁਤ ਪੀੜ੍ਹ ਝੱਲਣੀ ਪੈਂਦੀ ਹੈ। ਦੱਸੋ ਹੁਣ ਮੇਰੀ ਉਮਰ ਹੈ ਜਾਲ਼ ਸੁੱਟ ਕੇ ਝੀਂਗੇ ਫੜ੍ਹਨ ਦੀ? ਨਹੀਂ, ਮੇਰੇ ਅੰਦਰ ਜਾਲ਼ ਸੁੱਟਣ ਦੀ ਤਾਕਤ ਕਿੱਥੇ। ਮੈਂ ਤਾਂ ਆਪਣੇ ਹੱਥਾਂ ਤੋਂ ਹੀ ਕੰਮ ਲੈ ਸਕਦੀ ਹਾਂ,” ਗੋਵਿੰਦੱਮਾ ਕਹਿੰਦੀ ਹਨ। ਝੀਂਗੇ ਫੜ੍ਹਨ ਵਾਲ਼ੀ ਮੱਧਰੀ ਜਿਹੀ ਤੇ ਮਾੜੂ ਜਿਹੀ ਇਸ ਔਰਤ ਦਾ ਮੰਨਣਾ ਹੈ ਕਿ ਉਹ 77 ਸਾਲਾਂ ਦੀ ਹੈ। “ਇੰਝ ਲੋਕੀਂ ਹੀ ਕਹਿੰਦੇ ਹਨ,” ਗੋਵਿੰਦੱਮਾ ਦਾ ਕਹਿਣਾ ਹੈ। “ਰੇਤ ਅੰਦਰ ਹੱਥ ਪਾਉਣ ਅਤੇ ਝੀਂਗਿਆਂ ਨੂੰ ਫੜ੍ਹਨ ਕਾਰਨ ਡੂੰਘੇ ਚੀਰੇ ਪੈ ਜਾਂਦੇ ਹਨ। ਜਦੋਂ ਮੇਰੇ ਹੱਥ ਪਾਣੀ ਵਿੱਚ ਡੁੱਬੇ ਹੋਣ ਤਾਂ ਲਹੂ ਸਿੰਮਣ ਦਾ ਮੈਨੂੰ ਕਿੱਥੇ ਪਤਾ ਲੱਗਦਾ।”
2019 ਵਿੱਚ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਦੇਖਿਆ ਸੀ ਜਦੋਂ ਮੈਂ ਬਕਿੰਘਮ ਕੈਨਾਲ ਦੇ ਇਲਾਕੇ ਵੱਲ ਸਫ਼ਰ ਕਰ ਰਿਹਾ ਸਾਂ। ਇਹ ਕੈਨਾਲ ਏਨੌਰ ਵਿਖੇ ਕੋਸਾਸਤਲੀਅਰ ਨਦੀ ਦੇ ਐਨ ਸਮਾਂਨਤਰ ਹੀ ਵਗਦੀ ਹੈ, ਉੱਤਰੀ ਚੇਨੱਈ ਦਾ ਇਹ ਇਲਾਕੇ ਗੁਆਂਢੀ ਤਿਰੂਵੱਲੂਰ ਜ਼ਿਲ੍ਹੇ ਤੀਕਰ ਫੈਲਿਆ ਹੋਇਆ ਹੈ। ਗ੍ਰੇਬ ਪੰਛੀ ਵਾਂਗਰ, ਨਹਿਰ ਵਿੱਚ ਡੁੱਬਕੀ ਲਾਉਣ ਅਤੇ ਪਾਣੀ ਹੇਠਾਂ ਲੱਥਣ ਦੀ ਉਨ੍ਹਾਂ ਦੀ ਇਸ ਮੁਹਾਰਤ ਨੇ ਮੇਰਾ ਧਿਆਨ ਖਿੱਚਿਆ। ਉਨ੍ਹਾਂ ਨੇ ਨਦੀ ਤਲ਼ੇ ਦੀ ਖੁਰਦੁਰੀ ਰੇਤ ਦੀ ਮੋਟੀ ਤਹਿ ਵਿੱਚ ਬੜੀ ਫੁਰਤੀ ਨਾਲ਼ ਆਪਣਾ ਹੱਥ ਘੁਮਾਇਆ ਅਤੇ ਕਿਸੇ ਵੀ ਹੋਰ ਦੇ ਮੁਕਾਬਲੇ ਬੜੀ ਕਾਹਲੀ ਦੇਣੀ ਝੀਂਗਾ ਫੜ੍ਹ ਲਿਆ। ਕਮਰ ਤੱਕ ਡੂੰਘੇ ਪਾਣੀ ਵਿੱਚ ਲੱਥੀ ਉਹ ਲੱਕ ਦੁਆਲ਼ੇ ਬੱਝੀ ਖਜ਼ੂਰ ਦੇ ਪੱਤਿਆਂ ਦੀ ਬਣੀ ਟੋਕਰੀ ਵਿੱਚ ਝੀਂਗੇ ਇਕੱਠੀ ਕਰਦੀ ਹੋਈ ਇਸ ਔਰਤ ਦੀ ਚਮੜੀ ਨਹਿਰ ਦੇ ਪਾਣੀ ਨਾਲ਼ ਹੀ ਰਲ਼ੀ ਪਈ ਜਾਪਦੀ ਸੀ। ਇੰਨੀ ਇਕਸਾਰ ਕਿ ਵੱਖ ਕਰ ਪਾਉਣਾ ਮੁਸ਼ਕਲ ਜਾਪਿਆ।
19ਵੀਂ ਸਦੀ ਵਿੱਚ ਬਣਿਆ ਨੇਵੀਗੇਸ਼ਨ ਚੈਨਲ, ਬਰਕਿੰਘਮ ਕੈਨਾਲ ਅਤੇ ਏਨੌਰ ਥਾਣੀਂ ਹੋ ਕੇ ਵਹਿਣ ਵਾਲ਼ੀ ਕੋਸਾਸਤਲੀਅਰ ਅਥੇ ਅਰਾਨਿਯਾਰ ਨਦੀਆਂ, ਇੱਕ ਮਹੱਤਵਪੂਰਨ ਜਲ ਪ੍ਰਣਾਲੀ ਬਣਾਉਂਦੀਆਂ ਹਨ ਜੋ ਚੇਨੱਈ ਸ਼ਹਿਰ ਨੂੰ ਜੀਵਨ-ਰੇਖਾ ਪ੍ਰਦਾਨ ਕਰਦੀ ਹੈ।

















