ਮਾਰਚ 2019 ਵਿੱਚ ਇਰੱਪਾ ਬਾਵਗੇ ਨੂੰ ਜਦੋਂ ਬੰਗਲੁਰੂ ਵਿਖੇ ਪ੍ਰੋਜੈਕਟ ਮੈਨੇਜਰ ਦੀ ਨੌਕਰੀ ਮਿਲ਼ੀ ਤਾਂ ਉਨ੍ਹਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਸਾਲ ਬਾਅਦ ਅਚਾਨਕ ਤਾਲਾਬੰਦੀ ਲੱਗੇਗੀ ਅਤੇ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ ਅਤੇ ਜੂਨ 2020 ਆਉਂਦੇ-ਆਉਂਦੇ ਅਜਿਹੇ ਹਾਲਾਤ ਪੈਦਾ ਹੋਣਗੇ ਕਿ ਉਹ ਬੀਦਰ ਜ਼ਿਲ੍ਹੇ ਦੇ ਆਪਣੇ ਪਿੰਡ ਕਾਮਥਾਨਾ ਵਿਖੇ ਮਨਰੇਗਾ ਮਜ਼ਦੂਰੀ ਕਰ ਰਹੇ ਹੋਣਗੇ।
“ਇੱਕ ਮਹੀਨਾ ਘਰੇ ਵਿਹਲੇ ਬੈਠੇ ਰਹਿਣ ਤੋਂ ਬਾਅਦ, ਮੈਂ ਅਪ੍ਰੈਲ ਵਿੱਚ ਨਰੇਗਾ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ ਕੀਤੀ,” ਉਹ ਕਹਿੰਦੇ ਹਨ “ਪਰਿਵਾਰ ਨੂੰ ਜਿਊਂਦੇ ਰੱਖਣ ਲਈ ਕਮਾਈ ਕਰਨੀ ਜ਼ਰੂਰੀ ਸੀ। ਜਦੋਂ ਤਾਲਾਬੰਦੀ ਦਾ ਐਲਾਨ ਹੋਇਆ ਤਾਂ ਸਾਡੇ ਕੋਲ਼ ਬਾਮੁਸ਼ਕਲ ਹੀ ਕੋਈ ਪੈਸਾ ਰਿਹਾ ਹੋਣਾ। ਮੇਰੀ ਮਾਂ ਨੂੰ ਵੀ ਕੰਮ ਮਿਲ਼ਣਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਖੇਤਾਂ ਦੇ ਮਾਲਕ ਮਜ਼ਦੂਰਾਂ ਨੂੰ ਬੁਲਾ ਨਹੀਂ ਰਹੇ ਸਨ।”
ਤਾਲਾਬੰਦੀ ਨੇ ਉਨ੍ਹਾਂ ਦੀ ਜਿਹੜੀ ਨੌਕਰੀ ਨਿਗਲ਼ੀ ਸੀ ਉਹ ਦਰਅਸਲ ਪਰਿਵਾਰ ਦੀ ਹੱਡ-ਭੰਨ੍ਹਵੀਂ ਮਿਹਨਤ, ਵੱਧਦੇ ਕਰਜ਼ੇ ਤੇ ਪਰਿਵਾਰ ਦੀ ਹਮਾਇਤ ਅਤੇ ਸੰਕਲਪ ਤੋਂ ਬਾਅਦ ਕਿਤੇ ਜਾ ਕੇ ਮਿਲ਼ੀ ਸੀ। ਉਦੋਂ ਇੰਝ ਲੱਗਾ ਸੀ ਕਿ ਸਿੱਖਿਆ ਨਾਲ਼ ਉਨ੍ਹਾਂ ਦੇ ਜੀਵਨ ਦਾ ਪੱਧਰ ਅਤੇ ਆਮਦਨੀ ਵਿੱਚ ਵਾਧਾ ਹੋਵੇਗਾ।
ਇਰੱਪਾ ਨੇ ਅਗਸਤ 2017 ਵਿੱਚ ਬੀਦਰ ਦੇ ਇੱਕ ਨਿੱਜੀ ਕਾਲਜ ਤੋਂ ਬੀਟੈਕ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਸ ਤੋਂ ਪਹਿਲਾਂ, 2013 ਵਿੱਚ, ਉਸੇ ਸ਼ਹਿਰ ਦੇ ਇੱਕ ਸਰਕਾਰੀ ਪੋਲੀਟੈਕਨਿਕ ਤੋਂ ਆਟੋਮੋਬਾਇਲ ਇੰਜੀਨਅਰਿੰਗ ਵਿੱਚ ਡਿਪਲੋਮਾ ਕੀਤਾ ਸੀ। ਡਿਗਰੀ ਕੋਰਸ ਦੇ ਲਈ ਦਾਖ਼ਲਾ ਕਰਾਉਣ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ ਅੱਠ ਮਹੀਨਿਆਂ ਤੱਕ ਪੂਨੇ ਵਿਖੇ ਖੇਤੀ ਮਸ਼ੀਨਰੀ ਬਣਾਉਣ ਵਾਲ਼ੀ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ 12,000 ਰੁਪਏ ਦੀ ਤਨਖ਼ਾਹ ‘ਤੇ ਤਕਨੀਕੀ-ਸਿਖਲਾਇਕ ਵਜੋਂ ਨੌਕਰੀ ਕੀਤੀ।“ਮੈਂ ਹੋਣਹਾਰ ਵਿਦਿਆਰਥੀ ਸਾਂ, ਇਸਲਈ ਮੈਨੂੰ ਲੱਗਿਆ ਕਿ ਮੈਂ ਵੱਡੀਆਂ ਜ਼ਿੰਮੇਦਾਰੀਆਂ ਚੁੱਕ ਸਕਦਾ ਹਾਂ ਅਤੇ ਹੋਰ ਪੈਸੇ ਕਮਾ ਸਕਦਾ ਹਾਂ। ਮੈਂ ਸੋਚਿਆ ਇੱਕ ਦਿਨ ਲੋਕ ਮੈਨੂੰ ਇੰਜੀਨਅਰ ਕਹਿਣਗੇ,” 27 ਸਾਲਾ ਇਰੱਪਾ ਕਹਿੰਦੇ ਹਨ।
ਉਨ੍ਹਾਂ ਦੀ ਪੜ੍ਹਾਈ ਖਾਤਰ ਪਰਿਵਾਰ ਨੇ ਕਈ ਕਰਜ਼ੇ ਚੁੱਕੇ। “ਤਿੰਨ ਸਾਲਾ ਬੀਟੈਕ ਲਈ 1.5 ਲੱਖ ਰੁਪਏ ਦੀ ਲੋੜ ਰਹੀ। ਮੇਰੇ ਮਾਪੇ ਸਵੈ-ਸਹਾਇਤਾ ਸਮੂਹ ਪਾਸੋਂ ਕਦੇ 20,000 ਉਧਾਰ ਚੁੱਕਦੇ ਅਤੇ ਕਦੇ 30,000 ਰੁਪਏ।”ਦਸੰਬਰ 2015 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਸਮੈਸਟਰ ਚੱਲ ਰਿਹਾ ਸੀ ਤਾਂ ਉਨ੍ਹਾਂ ਦੇ 48 ਸਾਲਾ ਮਜ਼ਦੂਰ ਪਿਤਾ ਦੀ ਪੀਲੀਏ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਇਲਾਜ ਵਾਸਤੇ, ਪਰਿਵਾਰ ਨੇ ਖ਼ੁਦ ਸਹਾਇਤਾ ਸਮੂਹ ਅਤੇ ਰਿਸ਼ਤੇਦਾਰਾਂ ਪਾਲੋਂ ਲਗਭਗ 1.5 ਲੱਖ ਰੁਪਏ ਦਾ ਕਰਜਾ ਲਿਆ। “ਡਿਗਰੀ ਪੂਰੀ ਕਰਦਿਆਂ ਹੀ ਮੇਰੇ ਮੋਢਿਆਂ ’ਤੇ ਜ਼ਿੰਮੇਦਾਰੀਆਂ ਆਣ ਪਈਆਂ,” ਇਰੱਪਾ ਕਹਿੰਦੇ ਹਨ।
ਇਸਲਈ ਜਦੋਂ ਉਨ੍ਹਾਂ ਨੂੰ ਬੰਗਲੁਰੂ ਵਿਖੇ 20,000 ਰੁਪਏ ਤਨਖ਼ਾਹ ’ਤੇ ਪਲਾਸਟਿਕ ਮੋਲਡਿੰਗ ਮਸ਼ੀਨ ਬਣਾਉਣ ਦੀ ਛੋਟੀ-ਜਿਹੀ ਯੁਨਿਟ ਵਿੱਚ ਬਤੌਰ ਪ੍ਰੋਜੈਕਟ ਮੈਨੇਜਰ ਨੌਕਰੀ ਮਿਲ਼ੀ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਬੜੀ ਖ਼ੁਸ਼ੀ ਹੋਈ। ਇਹ ਮਾਰਚ 2019 ਦੀ ਗੱਲ ਹੈ। “ਮੈਂ ਹਰ ਮਹੀਨੇ ਆਪਣੀ ਮਾਂ ਨੂੰ 8,000-10,000 ਰੁਪਏ ਭੇਜਦਾ। ਪਰ ਤਾਲਾਬੰਦੀ ਨੇ ਸਾਰਾ ਕੁਝ ਬਰਬਾਦ ਕਰਕੇ ਰੱਖ ਦਿੱਤਾ,” ਉਹ ਕਹਿੰਦੇ ਹਨ।










