ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਬਜ਼ਾਰ ਚੱਲੋ, ਬਜ਼ਾਰ ਚੱਲੋ...
ਇਨ੍ਹਾਂ ਬਾਂਸਾਂ ਦੀ ਲੰਬਾਈ ਉਨ੍ਹਾਂ ਔਰਤਾਂ ਨਾਲ਼ੋਂ ਕਰੀਬ ਤਿੰਨ ਗੁਣਾ ਵੱਧ ਹੈ ਜੋ ਇਨ੍ਹਾਂ ਨੂੰ ਚੁੱਕ ਕੇ ਇੱਥੋਂ ਤੱਕ ਲਿਆਈਆਂ ਹਨ। ਝਾਰਖੰਡ ਦੇ ਗੋਡਾ ਜ਼ਿਲ੍ਹੇ ਦੇ ਇਸ ਹਫ਼ਤਾਵਰੀ ਬਜ਼ਾਰ ਵਿੱਚ, ਹਰੇਕ ਔਰਤ ਇੱਕ ਜਾਂ ਇੱਕ ਤੋਂ ਵੱਧ ਬਾਂਸ ਲੈ ਕੇ ਆਈ ਹੈ। ਇੱਥੋਂ ਤੱਕ ਪਹੁੰਚਣ ਲਈ, ਕੁਝ ਔਰਤਾਂ ਨੂੰ ਬਾਂਸ ਆਪਣੇ ਸਿਰ ਜਾਂ ਮੋਢੇ 'ਤੇ ਟਿਕਾਈ ਅਤੇ ਸੰਤੁਲਨ ਬਣਾਈ 12 ਕਿਲੋਮੀਟਰ ਤੱਕ ਪੈਦਲ ਤੁਰਨਾ ਪਿਆ ਹੈ। ਜ਼ਾਹਰ ਹੈ ਕਿ ਇੰਝ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਜੰਗਲ ਵਿੱਚੋਂ ਬਾਂਸ ਕੱਟਣ ਵਿੱਚ ਵੀ ਘੰਟਿਆਂ-ਬੱਧੀ ਮਿਹਨਤ ਕੀਤੀ ਹੋਵੇਗੀ।
ਇੰਨੀ ਮਿਹਨਤ ਤੋਂ ਬਾਅਦ, ਜੇ ਉਨ੍ਹਾਂ ਦੀ ਕਿਸਮਤ ਨੇ ਸਾਥ ਦਿੱਤਾ ਤਾਂ ਉਹ ਦਿਨ ਦੇ ਅਖ਼ੀਰ ਤੱਕ 20 ਰੁਪਏ ਕਮਾ ਪਾਉਣਗੀਆਂ। ਕੁਝ ਔਰਤਾਂ ਗੋਡਾ ਦੇ ਹੀ ਇੱਕ ਹੋਰ ਹਾਟ ਵੱਲ ਜਾ ਰਹੀਆਂ ਹਨ, ਜਿੱਥੇ ਉਨ੍ਹਾਂ ਨੂੰ ਇਸ ਤੋਂ ਵੀ ਘੱਟ ਪੈਸਾ ਮਿਲ਼ੇਗਾ। ਜੋ ਔਰਤਾਂ ਆਪਣੇ ਸਿਰ 'ਤੇ ਪੱਤਿਆਂ ਦਾ ਉੱਚਾ ਢੇਰ ਰੱਖ ਕੇ ਲਿਜਾ ਰਹੀਆਂ ਹਨ ਉਨ੍ਹਾਂ ਨੇ ਇਨ੍ਹਾਂ ਪੱਤਿਆਂ ਨੂੰ ਪਹਿਲਾਂ ਇਕੱਠਾ ਵੀ ਕੀਤਾ ਹੈ ਅਤੇ ਆਪਸ ਵਿੱਚ ਜੋੜ ਕੇ ਇਨ੍ਹਾਂ 'ਤੇ ਸਿਊਣ ਵੀ ਮਾਰੀ ਹੈ। ਇਨ੍ਹਾਂ ਪੱਤੀਆਂ ਰਾਹੀਂ ਖਾਣਾ ਖਾਣ ਲਈ ਬਿਹਤਰੀਨ 'ਪਲੇਟਾਂ' ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਇੱਕ ਵਾਰ ਇਸਤੇਮਾਲ ਕਰਨ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ ਚਾਹ ਦੀਆਂ ਦੁਕਾਨਾਂ, ਹੋਟਲ ਅਤੇ ਕੈਨਟੀਨ ਵਾਲ਼ੇ ਇਹੋ ਜਿਹੀਆਂ ਸੈਂਕੜੇ ਪਲੇਟਾਂ ਖ਼ਰੀਦਦੇ ਹੋਣਗੇ। ਹੋ ਸਕਦਾ ਹੈ ਕਿ ਇਹ ਔਰਤਾਂ 15-20 ਰੁਪਏ ਕਮਾ ਲੈਣ। ਅਗਲੀ ਵਾਰ ਜਦੋਂ ਤੁਸੀਂ ਕਿਸੇ ਰੇਲਵੇ ਸਟੇਸ਼ਨ 'ਤੇ ਇਨ੍ਹਾਂ ਪਲੇਟਾਂ ਵਿੱਚ ਖਾਣਾ ਖਾਓਗੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਨ੍ਹਾਂ ਪਲੇਟਾਂ ਨੇ ਕਿੱਥੋਂ ਤੋਂ ਕਿੱਥੋਂ ਤੱਕ ਸਫ਼ਰ ਤੈਅ ਕੀਤਾ ਹੈ।









