ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਚੀਜ਼ਾਂ 'ਤੇ ਆਪਣੀ ਪਕੜ ਬਣਾਉਂਦੀਆਂ ਹੋਈਆਂ
ਉਹਨੇ ਇੱਥੇ ਆਉਣ ਅਤੇ ਸਾਈਕਲ ਚਲਾਉਣਾ ਸਿੱਖਣ ਲਈ ਆਪਣੀ ਸਭ ਤੋਂ ਵਧੀਆ ਸਾੜੀ ਪਾਈ ਸੀ। ਤਸਵੀਰ (ਕਵਰ ਫ਼ੋਟੋ) ਵਿਚਲਾ ਦ੍ਰਿਸ਼ ਤਮਿਲਨਾਡੂ ਦੇ ਪੁਦੂਕੋਟਈ ਦੇ ਇਸ 'ਸਾਈਕਲਿੰਗ ਟ੍ਰੇਨਿੰਗ ਕੈਂਪ' ਦਾ ਹੈ। ਸਾਈਕਲ ਸਿੱਖਣ ਲਈ ਉਹ ਕਾਫ਼ੀ ਉਤਸਾਹਤ ਸੀ। ਉਨ੍ਹਾਂ ਦੇ ਜ਼ਿਲ੍ਹੇ ਦੀਆਂ ਕਰੀਬ 4,000 ਬੇਹੱਦ ਗ਼ਰੀਬ ਔਰਤਾਂ ਉਨ੍ਹਾਂ ਖੰਦਕਾਂ ਨੂੰ ਨਿਯੰਤਰਿਤ ਕਰਨ ਆਈਆਂ ਸਨ, ਜਿੱਥੇ ਉਹ ਕਦੇ ਬੰਧੂਆ ਮਜ਼ਦੂਰ ਹੋਇਆ ਕਰਦੀਆਂ ਸਨ। ਉਨ੍ਹਾਂ ਦੇ ਸੰਗਠਤ ਸੰਘਰਸ਼ ਨੇ, ਜੋ ਰਾਜਨੀਤੀ ਰੂਪ ਵਿੱਚ ਸੁਚੇਤ, ਸਾਖ਼ਰਤਾ ਅੰਦੋਲਨ ਦੇ ਮੋਢੇ ਨਾਲ਼ ਮੋਢਾ ਰਲ਼ਾ ਕੇ ਚੱਲ ਰਿਹਾ ਸੀ, ਪੁਦੁਕੋਟਾਈ ਵਿਖੇ ਬਦਲਾਅ ਨੂੰ ਸਕਾਰ ਕਰਕੇ ਦਿਖਾਇਆ ਸੀ।
ਵਸੀਲਿਆਂ ਦਾ ਮਾਲਿਕਾਨਾ ਹੱਕ ਅਤੇ ਉਨ੍ਹਾਂ 'ਤੇ ਨਿਯੰਤਰਣ ਪਹਿਲਾਂ ਵੀ ਅਹਿਮ ਸੀ ਅਤੇ ਹੁਣ ਵੀ ਹੈ। ਜੇ ਕਰੋੜਾਂ ਕਰੋੜ ਪਿੰਡ ਦੀਆਂ ਔਰਤਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਇਹ ਅਧਿਕਾਰ ਦੇਣੇ ਹੀ ਹੋਣਗੇ।
ਇਹ ਮੱਧ ਪ੍ਰਦੇਸ਼ ਦੇ ਝਾਬੂਆ ਦੀ ਉਸ ਪੰਚਾਇਤ ਦਾ ਸਮੂਹ ਹੈ ਜਿੱਥੇ ਸਾਰੀਆਂ ਔਰਤਾਂ ਹੀ ਮੈਂਬਰ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਥਾਨਕ ਸ਼ਾਸਨ ਦਾ ਹਿੱਸੇਦਾਰ ਬਣਨ ਨਾਲ਼ ਉਨ੍ਹਾਂ ਦੀ ਹਾਲਤ ਸੁਧਰੀ ਹੈ ਅਤੇ ਸਵੈ-ਮਾਣ ਵਿੱਚ ਵਾਧਾ ਹੋਇਆ ਹੈ। ਪਰ ਉਨ੍ਹਾਂ ਦੇ ਆਪਣੇ ਪਿੰਡਾਂ ਵਿੱਚ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਸੀਮਤ ਹੈ। ਵਿਰਲੀਆਂ ਹੀ ਚੀਜ਼ਾਂ ਹਨ ਜਿਨ੍ਹਾਂ 'ਤੇ ਉਨ੍ਹਾਂ ਦਾ ਮਾਲਿਕਾਨਾ ਹੱਕ ਅਤੇ ਨਿਯੰਤਰਣ ਹੈ। ਮਿਸਾਲ ਵਜੋਂ ਉਨ੍ਹਾਂ ਦੇ ਕੋਲ਼ ਭੂਮੀ ਦਾ ਕੋਈ ਹੱਕ ਨਹੀਂ ਅਤੇ ਬਹੁਤੇਰੇ ਖੇਤਰ ਅਜਿਹੇ ਹਨ ਜਿੱਥੇ ਉਨ੍ਹਾਂ ਦੇ ਹੱਕਾਂ ਨੂੰ ਕੋਈ ਮੰਨਦਾ ਹੀ ਨਹੀਂ, ਇੱਥੋਂ ਤੱਕ ਕਿ ਉਨ੍ਹਾਂ ਥਾਵਾਂ 'ਤੇ ਵੀ ਜਿੱਥੇ ਕਨੂੰਨੀ ਤੌਰ 'ਤੇ ਉਨ੍ਹਾਂ ਨੂੰ ਹੱਕ ਮਿਲ਼ੇ ਵੀ ਹੋਏ ਹਨ। ਜੇ ਕਿਸੇ ਦਲਿਤ ਔਰਤ ਸਰਪੰਚ ਨੂੰ ਇਹ ਪਤਾ ਚੱਲਦਾ ਹੈ ਕਿ ਉਹਦਾ ਸਹਾਇਕ ਇੱਕ ਜ਼ਿਮੀਂਦਾਰ ਹੈ, ਤਦ ਕੀ ਹੁੰਦਾ ਹੋਊ? ਕੀ ਅਹੁਦੇ ਦਾ ਰੁਤਬਾ ਦੇਖ ਕੇ ਉਹ ਜ਼ਿਮੀਂਦਾਰ ਦਲਿਤ ਮਹਿਲਾ ਸਰਪੰਚ ਦੀ ਸੁਣਦਾ ਹੋਊ ਜਾਂ ਨਹੀਂ? ਜਾਂ ਫਿਰ ਉਹ ਉਹਦੇ ਨਾਲ਼ ਉਵੇਂ ਹੀ ਸਲੂਕ ਕਰਦਾ ਹੈ ਜਿਵੇਂ ਇੱਕ ਜ਼ਿਮੀਂਦਾਰ ਆਪਣੇ ਮਜ਼ਦੂਰ ਨਾਲ਼ ਕਰਦਾ ਹੈ? ਜਾਂ ਫਿਰ ਕਿਸੇ ਔਰਤ 'ਤੇ ਰੋਅਬ ਜਮਾਉਂਦੇ ਹੋਏ ਆਪਣੇ ਪੁਰਸ਼ ਹੋਣ ਦਾ ਸਬੂਤ ਦਿੰਦਾ ਹੋਊ? ਇਹ ਵੀ ਸੱਚ ਹੈ ਔਰਤ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦੇ ਕੱਪੜੇ ਪਾੜੇ ਗਏ, ਉਨ੍ਹਾਂ ਨੂੰ ਕੁੱਟਿਆ ਗਿਆ, ਬਲਾਤਕਾਰ ਅਤੇ ਅਗਵਾ ਤੱਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਗਿਆ ਹੈ। ਫਿਰ ਵੀ ਪੰਚਾਇਤ ਵਿੱਚ ਔਰਤਾਂ ਨੇ ਹੈਰਾਨੀਜਨਕ ਮੱਲ੍ਹਾਂ ਮਾਰੀਆਂ ਹਨ। ਜੇ ਸਮਾਜ ਦੀ ਸੋਚ ਵਿੱਚੋਂ ਜਗੀਰੂਵਾਦ ਮੁੱਕ ਜਾਵੇ ਤਾਂ ਸੱਚਿਓ ਹੀ ਇਹ ਔਰਤਾਂ ਕੀ ਕੁਝ ਨਹੀਂ ਕਰ ਸਕਦੀਆਂ।






