ਵੇਨਮੋਨੀ ਪਿੰਡ ਦੇ ਕਿਲਵੇਨਮਨੀ ਬਸਤੀ ਦੇ ਜਾਬਰ ਜ਼ਿਮੀਂਦਾਰਾਂ ਦੇ ਖਿਲਾਫ਼ ਇਕਜੁੱਟ ਕਾਰਕੁੰਨਾਂ ਦੀਆਂ ਹਿੱਕਾਂ ਅੰਦਰ ਬਦਲੇ ਦੀ ਜੋ ਲਾਟ ਮੱਚ ਰਹੀ ਸੀ, ਉਹ ਕਾਫੀ ਸਮੇਂ ਤੋਂ ਮੱਘਦੀ ਆ ਰਹੀ ਸੀ ਅਤੇ ਦਸੰਬਰ 1968 ਵਿੱਚ ਉਸ ਲਾਟ ਨੇ ਲੇਲੀਹਾਨ ਦੇ ਭਾਂਬੜ ਦਾ ਰੂਪ ਧਾਰ ਲਿਆ। ਤਮਿਲਨਾਡੂ ਦੇ ਨਾਗਾਪੱਟਿਨਮ ਜਿਲ੍ਹੇ ਦੇ ਇਸ ਪਿੰਡ ਵਿੱਚ ਦਲਿਤ ਬੇਜ਼ਮੀਨੇ ਕਿਸਾਨ ਵੱਧ ਤਨਖਾਹਾਂ, ਵਾਹੀਯੋਗ ਜ਼ਮੀਨ 'ਤੇ ਕਿਸਾਨਾਂ ਦੇ ਅਧਿਕਾਰ ਅਤੇ ਜਗੀਰੂ ਸ਼ੋਸ਼ਣ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ। ਭਰੇਭੀਤੇ (ਕ੍ਰੋਧਿਤ) ਜ਼ਿਮੀਂਦਾਰਾਂ ਨੇ ਕਿਸਾਨਾਂ ਦੀ ਟੀਮ ਦਾ ਅੰਤ ਕਿਵੇਂ ਕੀਤਾ? ਉਨ੍ਹਾਂ ਨੇ ਉਸ ਚੇਰੀ ਦੇ 44 ਦਲਿਤ ਕਾਰਕੁੰਨਾਂ ਨੂੰ ਜਿਊਂਦੇ ਫੂਕ ਸੁੱਟਿਆ। ਨਵੀਂ ਸਿਆਸੀ ਚੇਤਨਾ ਤੋਂ ਪ੍ਰੇਰਿਤ ਹੋਈ ਇਹ ਪਿਛੜੀ ਜਾਤੀ ਧਨਾਢਾਂ ਅਤੇ ਤਾਕਤਵਰ ਜ਼ਿਮੀਂਦਾਰਾਂ ਲਈ ਆਤੰਕ ਦਾ ਸ੍ਰੋਤ ਬਣ ਗਈ ਇਸਲਈ ਉਨ੍ਹਾਂ ਨੇ ਗੁਆਂਢੀ ਪਿੰਡ ਤੋਂ ਕਾਮਿਆਂ ਨੂੰ ਨਾ ਸਿਰਫ਼ ਕਿਰਾਏ 'ਤੇ ਭਰਤੀ ਕਰਨ ਦਾ ਸਗੋਂ ਦਲਿਤਾਂ ਖਿਲਾਫ਼ ਇੰਤਕਾਮ ਲੈਣ ਦਾ ਫੈਸਲਾ ਵੀ ਕੀਤਾ।
25 ਦਸੰਬਰ ਦੀ ਰਾਤ ਨੂੰ ਜ਼ਿਮੀਂਦਾਰਾਂ ਨੇ ਚੇਰੀ ਨੂੰ ਚੁਫੇਰਿਓਂ ਘੇਰ ਕੇ ਹਮਲਾ ਬੋਲ ਦਿੱਤਾ ਅਤੇ ਬਚ ਨਿਕਲ਼ਣ ਦੇ ਸਾਰੇ ਰਾਹ ਬੰਦ ਕਰ ਦਿੱਤੇ। 44 ਮਜ਼ਦੂਰਾਂ ਦਾ ਇੱਕ ਸਮੂਹ ਆਪਣੀ ਜਾਨ ਬਚਾਉਣ ਲਈ ਇੱਕ ਝੌਂਪੜੀ ਵੱਲ ਨੂੰ ਭੱਜਿਆ ਅਤੇ ਹਮਲਾਕਾਰੀਆਂ ਵੱਲੋਂ ਝੌਂਪੜੀ ਨੂੰ ਅੱਗ ਲਾਏ ਜਾਣ ਦੌਰਾਨ ਅੰਦਰ ਹੀ ਤੜ ਕੇ ਰਹਿ ਗਿਆ। ਉਨ੍ਹਾਂ ਮਾਰੇ ਗਿਆਂ ਵਿੱਚੋਂ 11 ਕੁੜੀਆਂ ਅਤੇ 11 ਮੁੰਡੇ ਅਜਿਹੇ ਸਨ ਜੋ ਅਜੇ 16 ਸਾਲਾਂ ਤੋਂ ਵੀ ਘੱਟ ਉਮਰ ਦੇ ਸਨ। ਦੋ ਵਿਅਕਤੀਆਂ ਦੀ ਉਮਰ 70 ਸਾਲ ਦੇ ਕਰੀਬ ਸੀ। ਕੁੱਲ ਮਿਲ਼ਾ ਕੇ ਮਰਨ ਵਾਲ਼ੇ ਸਾਰਿਆਂ ਵਿੱਚੋਂ 29 ਔਰਤਾਂ ਅਤੇ 15 ਪੁਰਸ਼ ਸਨ। ਸਾਰੇ ਦੇ ਸਾਰੇ ਦਲਿਤ ਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਮਰਥਕ ਸਨ।
ਮਦਰਾਸ ਹਾਈਕੋਰਟ ਨੇ 1975 ਵਿੱਚ ਹੋਏ ਕਤਲੋਗਾਰਤ ਦੇ 25 ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਮੈਥਿਲੀ ਸ਼ਿਵਰਮਨ ਉਨ੍ਹਾਂ ਲੋਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਇਸ ਦਹਿਸ਼ਤ ਨੂੰ ਕਲਮਬੱਧ ਕੀਤਾ ਸੀ। ਪਰ ਉਨ੍ਹਾਂ ਨੇ ਇੱਕ ਵਾਰ ਵੀ ਆਪਣੀ ਕਲਮ ਨਹੀਂ ਰੋਕੀ। ਉਨ੍ਹਾਂ ਦੀ ਸ਼ਕਤੀਸ਼ਾਲੀ ਅਤੇ ਵਿਆਪਕ ਲੇਖਣੀ ਨੇ ਨਾ ਸਿਰਫ਼ ਇਸ ਦਿਲ-ਵਲੂੰਧਰੂ ਘਟਨਾ ਬਾਰੇ ਹੀ ਲਿਖਿਆ ਸਗੋਂ ਜਮਾਤ ਅਤੇ ਜਾਤ ਦੇ ਦਾਬੇ ਦੇ ਮਸਲਿਆਂ ਨੂੰ ਵੀ ਚੁੱਕਿਆ। ਅਸੀਂ ਇਹ ਕਵਿਤਾ ਮੈਥਿਲੀ ਸ਼ਿਵਰਾਮਨ ਦੀ ਯਾਦ ਵਿੱਚ ਪ੍ਰਕਾਸ਼ਤ ਰਹੇ ਹਾਂ, ਜੋ ਇੱਕ ਹਫ਼ਤਾ ਪਹਿਲਾਂ ਆਪਣੀ ਉਮਰ ਦੇ 81ਵੇਂ ਸਾਲ ਵਿੱਚ ਕੋਵਿਡ-19 ਦਾ ਸ਼ਿਕਾਰ ਹੋ ਗਏ।



