"ਜੇਕਰ ਕੋਵਿਡ-19 ਨਹੀਂ ਜਾਂਦਾ ਤਾਂ ਸ਼ਾਇਦ ਝੋਨਾ ਉਗਾਉਣ ਦਾ ਇਹ ਮੇਰਾ ਵੀ ਆਖ਼ਰੀ ਮੌਸਮ ਹੀ ਹੋਵੇ," ਅਬਦੁਲ ਰਹਿਮਾਨ ਨੇ ਕਿਹਾ, ਜੋ ਪੂਰਾ ਦਿਨ ਆਪਣੇ ਖੇਤਾਂ ਵਿੱਚ ਹੱਡਭੰਨ੍ਹਵੀਂ ਮੁਸ਼ੱਕਤ ਕਰਨ ਤੋਂ ਬਾਅਦ ਪਾਣੀ ਪੀ ਰਿਹਾ ਸੀ, ਉਹਦੀ ਪਤਨੀ ਆਪਣੇ ਪਤੀ ਦੀ ਥਕਾਵਟ ਭਜਾਉਣ ਵਾਸਤੇ ਆਪਣੇ ਹੱਥੀਂ ਗਲਾਸ ਵਿੱਚ ਪਾਣੀ ਪਾ ਰਹੀ ਸੀ, ਅਬਦੁਲ ਰਹਿਮਾਨ ਦੇ ਖੇਤ ਸੈਂਟਰਲ ਕਸ਼ਮੀਰ ਦੇ ਗੇਂਦਰਬਲ ਜ਼ਿਲ੍ਹੇ ਦੇ ਪਿੰਡ ਨਾਗਬਲ ਵਿੱਚ ਹਨ।
ਉਹ ਆਪਣੇ ਛੋਟੇ ਜਿਹੇ ਖੇਤ ਵਿੱਚ, ਜੋ ਕਿ ਇੱਕ ਏਕੜ ਤੋਂ ਵੀ ਘੱਟ ਹੈ, ਵਿੱਚ 10 ਸਾਲਾਂ ਬਾਅਦ ਖੇਤੀ ਕਰ ਰਿਹਾ ਸੀ। "ਮੈਂ ਆਪਣੇ ਖੇਤ ਵਿੱਚ ਖੁਦ ਕੰਮ ਕਰਨਾ ਬੰਦ ਕਰ ਦਿੱਤਾ ਸੀ, ਕਿਉਂਕਿ ਪ੍ਰਵਾਸੀ ਮਜ਼ਦੂਰ (ਖਾਸ ਕਰਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ) ਥੋੜ੍ਹੇ ਸਮੇਂ ਵਿੱਚ ਵੱਧ ਕੰਮ ਕਰ ਦਿੰਦੇ ਹਨ, ਜਿਸ ਨਾਲ਼ ਮੇਰਾ ਪੈਸਾ ਵੀ ਬੱਚ ਜਾਂਦਾ," 62 ਸਾਲ ਦੇ ਰਹਿਮਾਨ ਜੋ ਕਿ ਸਾਬਕਾ ਸਰਕਾਰੀ ਕਰਮਚਾਰੀ ਰਹਿ ਚੁੱਕਿਆ ਹੈ, ਨੇ ਕਿਹਾ,"ਪਰ ਹੁਣ, ਜੇਕਰ 'ਬਾਹਰੀ' ਮਜ਼ਦੂਰ ਨਹੀਂ ਆਉਂਦੇ ਤਾਂ ਸ਼ਾਇਦ ਮੈਂ ਝੋਨਾ ਬੀਜਣਾ ਬੰਦ ਹੀ ਕਰ ਦਿਆਂ।"
"ਮੈਂ ਲਗਭਗ 15 ਸਾਲਾਂ ਬਾਅਦ ਵਾਢੀ ਵੇਲੇ ਆਪਣੇ ਖੇਤ ਵਿੱਚ ਹਾਂ। ਇੱਥੋਂ ਤੱਕ ਕਿ ਅਸੀਂ ਤਾਂ ਵਾਢੀ ਕਰਨੀ ਤੱਕ ਵੀ ਭੁੱਲ ਗਏ ਹਾਂ, 60 ਸਾਲਾ ਹਰਲੀਮਾ ਨੇ ਕਿਹਾ ਜੋ ਵਾਢੀ ਦੌਰਾਨ, ਉਹ ਆਪਣੇ ਪਤੀ ਅਤੇ 29 ਸਾਲ ਦੇ ਬੇਟੇ ਅਲੀ ਮੁਹੰਮਦ, ਲਈ ਦੋ ਕਿਲੋਮੀਟਰ ਦੂਰੋਂ ਆਪਣੇ ਘਰੋਂ ਖਾਣਾ ਲਿਆ ਰਹੀ ਸੀ, ਅਲੀ ਮੁਹੰਮਦ ਜੋ ਵਾਢੀ ਤੋਂ ਛੁੱਟ ਰੇਤ ਕੱਢਣ ਅਤੇ ਨਿਰਮਾਣਾ ਥਾਵਾਂ 'ਤੇ ਦਿਹਾੜੀ ਦਾ ਕੰਮ ਵੀ ਲੱਭਦਾ ਰਿਹਾ ਹੈ।
ਸੈਂਟਰਲ ਕਸ਼ਮੀਰ ਵਿੱਚ ਝੋਨੇ ਦੇ ਖੇਤਾਂ ਅੰਦਰ, ਪ੍ਰਵਾਸੀ ਮਜ਼ਦੂਰ ਇੱਕ ਕਲਾਨ (8 ਕਨਾਲਾਂ 1 ਏਕੜ ਦੇ ਬਰਾਬਰ ਹਨ) ਵਾਢੀ ਦਾ 1000 ਰੁਪਿਆ ਲੈਂਦੇ ਹਨ ਅਤੇ 4-5 ਮਜ਼ਦੂਰ ਰਲ਼ ਕੇ ਇੱਕ ਦਿਨ ਵਿੱਚ 4-5 ਕਨਾਲ ਵਾਢੀ ਕਰ ਹੀ ਲੈਂਦੇ ਹਨ। ਸਥਾਨਕ ਮਜ਼ਦੂਰਾਂ ਵੱਧ ਪੈਸੇ ਮੰਗਦੇ ਹਨ, ਉਹ ਪ੍ਰਤੀ ਵਿਅਕਤੀ 800 ਰੁਪਏ ਦਿਹਾੜੀ ਮੰਗਦੇ ਹਨ ਅਤੇ ਚਾਰ ਬੰਦੇ ਰਲ਼ ਕੇ ਇੱਕ ਦਿਨ ਵਿੱਚ ਮਸਾਂ ਹੀ 1 ਕਨਾਲ (ਸ਼ਾਇਦ ਹੀ ਕਦੇ 1.5 ਜਾਂ 2 ਕਨਾਲਾਂ) ਵਾਢੀ ਕਰਦੇ ਹਨ। ਇੰਝ ਤਾਂ ਇੱਕ ਕਨਾਲ ਦਾ ਕੁੱਲ 32,00 ਰੁਪਿਆ ਬਣ ਜਾਂਦਾ ਹੈ।
5 ਅਗਸਤ 2019 ਨੂੰ ਧਾਰਾ 370 ਹਟਾਏ ਜਾਣ 'ਤੇ ਹੋਏ ਬੰਦ ਤੋਂ ਬਾਅਦ ਸਥਾਨਕ ਲੋਕਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਕਸ਼ਮੀਰ ਛੱਡਣ ਲਈ ਕਿਹਾ ਗਿਆ ਅਤੇ ਮਾਰਚ ਵਿੱਚ ਹੋਈ ਤਾਲਾਬੰਦੀ ਨਾਲ਼ ਹੁਣ ਤਾਂ ਸ਼ਾਇਦ ਹੀ ਕੋਈ ਪ੍ਰਵਾਸੀ ਮਜਦੂਰ ਬਚਿਆ ਹੋਵੇਗਾ ਜੋ ਖੇਤਾਂ ਦਾ ਕੰਮ ਕਰੇ। ਜੋ ਥੋੜ੍ਹੇ ਬਹੁਤ ਬਚੇ ਵੀ ਸਨ, ਉਨ੍ਹਾਂ ਨੇ ਅਪ੍ਰੈਲ-ਮਈ ਵਿੱਚ ਝੋਨੇ ਦੀ ਬਿਜਾਈ ਲਈ ਖੇਤਾਂ ਵਿੱਚ ਕੰਮ ਕੀਤਾ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਗਸਤ-ਸਤੰਬਰ ਵਿੱਚ ਵਾਢੀ ਦੌਰਾਨ ਜਿਆਦਾ ਕੰਮ ਰਹਿੰਦਾ ਹੈ।
ਨਾਗਬਲ ਤੋਂ ਦੋ ਕਿਲੋਮੀਟਰ ਦੇ ਕਰੀਬ, ਦਾਰੇਂਦ ਪਿੰਡ ਵਿੱਚ, ਇਸ਼ਤਿਆਕ ਅਹਿਮਦ ਰਾਠਰ ਰਹਿੰਦਾ ਹੈ, ਜੋ ਸੱਤ ਕਨਾਲ ਜ਼ਮੀਨ ਦਾ ਮਾਲਕ ਹੈ ਅਤੇ ਦਿਹਾੜੀ ਮਜ਼ਦੂਰ ਵਜੋਂ ਵੀ ਕੰਮ ਕਰਦਾ ਹੈ, ਕਹਿੰਦਾ ਹੈ, "ਇਸ ਵਾਰ ਇੱਕ ਕਨਾਲ ਫ਼ਸਲ ਦੀ ਵਾਢੀ ਲਈ ਚਾਰ ਸਥਾਨਕ ਮਜਦੂਰਾਂ ਨੇ 3200 ਰੁਪਏ ਲਏ। ਅਸੀਂ ਇੰਨਾ ਬੋਝ ਨਹੀਂ ਸਹਿ ਸਕਦੇ। ਅਤੇ ਮੌਜੂਦਾ ਸਮੇਂ ਸਾਨੂੰ ਸਿਰਫ਼ ਦਿਹਾੜੀਦਾਰ ਮਜਦੂਰ ਹੀ ਲੱਭ ਸਕਦੇ ਹਨ ਜੋ ਕਿ ਝੋਨੇ ਦੀ ਵਾਢੀ ਕਰਨ ਵਿੱਚ ਮਾਹਰ ਵੀ ਨਹੀਂ ਹੁੰਦੇ। ਪਰ ਅਸੀਂ ਲਾਚਾਰ ਹਾਂ, ਸਾਨੂੰ ਅਗਲੇ ਸਾਲ ਬਿਜਾਈ ਦੀ ਤਿਆਰੀ ਕਰਨ ਵਾਸਤੇ ਖੇਤ ਖਾਲੀ ਕਰਨਾ ਹੀ ਪਵੇਗਾ। ਇਸੇ ਕੰਮ ਬਦਲੇ ਪ੍ਰਵਾਸੀ ਮਜ਼ਦੂਰ ਸਿਰਫ਼ 1000 ਰੁਪਿਆ ਲਿਆ ਕਰਦੇ ਸਨ।











