ਦਰੌਪਦੀ ਸਬਰ ਆਪਣੀ ਸਾੜੀ ਦੀ ਕੰਨੀ ਨਾਲ਼ ਆਪਣੀਆਂ ਅੱਖਾਂ ਪੂੰਝਦੀ ਹਨ, ਉਨ੍ਹਾਂ ਦੇ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈਂਦੇ। ਉਹ ਓਡੀਸਾ ਦੇ ਗੁਡਭੇਲੀ ਪਿੰਡ ਵਿਖੇ ਆਪਣੇ ਘਰ ਦੇ ਬਾਹਰ ਬੈਠੀ ਹੋਈ ਹਨ ਅਤੇ ਉਨ੍ਹਾਂ ਦੇ ਦੋਹਤੇ, ਤਿੰਨ ਸਾਲਾ ਗਿਰੀਸ਼ ਅਤੇ ਨੌ-ਮਹੀਨਿਆਂ ਦਾ ਵਿਰਾਜ ਆਪਣੀ ਨਾਨੀ ਦੇ ਆਸਪਾਸ ਹੀ ਖੇਡ ਰਹੇ ਹਨ ਪਰ ਬਿਲਕੁਲ ਖ਼ਾਮੋਸ਼ੀ ਨਾਲ਼। ਉਨ੍ਹਾਂ ਦਾ ਪਰਿਵਾਰ 65 ਸਾਲਾ ਇਸ ਬਜ਼ੁਰਗ ਪਰੇਸ਼ਾਨ ਔਰਤ ਨੂੰ ਹੌਂਸਲਾ ਦੇ ਰਿਹਾ ਹੈ ਜੋ ਕਿ ਆਪਣੀ ਪੋਤਰੀ, ਤੁਲਸਾ ਦੀ ਮੌਤ 'ਤੇ ਸੋਗ ਮਨਾ ਰਹੀ ਹੈ।
''ਹੁਣ ਕਿਹਨੂੰ 'ਆਪਣੀ ਧੀ' ਕਹੀਏ?'' ਉਹ ਹਵਾ ਵਿੱਚ ਹੀ ਸਵਾਲ ਪੁੱਛਦੀ ਹਨ।
ਨੂਆਪਾੜਾ ਜ਼ਿਲ੍ਹੇ ਦੇ ਖਰਿਅਰ ਬਲਾਕ ਵਿਖੇ ਆਪਣੇ ਅੱਧ-ਉਸਰੇ ਪੱਕੇ ਘਰ ਦੇ ਬਾਹਰ ਪਲਾਸਿਟਕ ਦੀ ਚਟਾਈ 'ਤੇ ਬੈਠਾ ਤੁਲਸਾ ਦਾ ਪਰਿਵਾਰ, ਜੋ ਕਿ ਸਬਰ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁਕ ਰੱਖਦਾ ਹੈ, ਅਚਨਚੇਤ ਪਏ ਇਸ ਘਾਟੇ ਲਈ ਆਪਣਾ ਦਿਲ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਲਸਾ ਦੀ ਮਾਤਾ ਪਦਮਿਨੀ ਅਤੇ ਪਿਤਾ ਦੇਬਾਨੰਦ ਆਪਣੀ ਧੀ ਦੇ ਬੱਚਿਆਂ-ਖ਼ਾਸ ਕਰਕੇ ਵਿਰਾਜ ਨੂੰ ਲੈ ਕੇ ਫ਼ਿਕਰਮੰਦ ਹਨ, ਵਿਰਾਜ ਜੋ ਕਿ ਇੰਨਾ ਛੋਟਾ ਹੈ ਕਿ ਆਪਣੀ ਮਾਂ ਦੀ ਮੌਤ ਵੇਲ਼ੇ ਤੱਕ ਆਪਣੀ ਮਾਂ ਦਾ ਦੁੱਧ ਪੀਂਦਾ ਰਿਹਾ ਹੈ। ''ਮੇਰੀ ਨੂੰਹ ਪਦਮਿਨੀ ਅਤੇ ਮੈਂ ਇਨ੍ਹਾਂ ਬੱਚਿਆਂ ਦੀ ਦੇਖਭਾਲ਼ ਕਰ ਰਹੀਆਂ ਹਾਂ,'' ਦਰੌਪਦੀ ਨੇ ਕਿਹਾ।
ਬੱਚਿਆਂ ਦਾ ਪਿਤਾ ਯਾਨਿ ਕਿ ਤੁਲਸਾ ਦਾ ਪਤੀ ਭੋਸਿੰਧੂ,ਇੱਥੇ ਨਹੀਂ ਹੈ। ਉਹ ਇੱਥੋਂ 500 ਕਿਲੋਮੀਟਰ ਦੱਖਣ ਵੱਲ, ਤੇਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ ਦੇ ਪਿੰਡ ਰੰਗਾਪੁਰ ਵਿਖੇ ਇੱਟ-ਭੱਠੇ 'ਤੇ ਮਜ਼ਦੂਰੀ ਕਰ ਰਿਹਾ ਹੈ। ਦਸੰਬਰ 2021 ਨੂੰ ਉਹ ਆਪਣੀ ਮਾਂ ਅਤੇ ਤੁਲਸਾ ਦੀ ਛੋਟੀ ਭੈਣ ਦਿਪਾਂਜਲੀ ਦੇ ਉੱਥੇ ਦਿਹਾੜੀ ਕਰਨ ਗਿਆ ਸੀ, ਇਹ ਕੰਮ ਕੋਈ ਛੇ ਮਹੀਨਿਆਂ ਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ।
24 ਜਨਵਰੀ 2022 ਦੀ ਰਾਤ, ਤੁਲਸਾ ਸਬਰ ਚਨਟਮਾਲ ਪਿੰਡ ਵਿਖੇ ਆਪਣੇ ਘਰ ਮੌਜੂਦ ਸਨ, ਇਹ ਪਿੰਡ ਉਨ੍ਹਾਂ ਦੇ ਮਾਪਿਆਂ ਦੇ ਗੁਡਭੇਲੀ ਦੇ ਘਰ ਨਾਲ਼ੋਂ 20 ਕਿਲੋਮੀਟਰ ਦੂਰ ਹੈ। ਰਾਤੀਂ ਕਰੀਬ 8 ਕੁ ਵਜੇ ਉਹਨੇ ਢਿੱਡ ਵਿੱਚ ਸ਼ਦੀਦ ਪੀੜ੍ਹ ਦੀ ਸ਼ਿਕਾਇਤ ਕੀਤੀ। ''ਮੈਂ ਉਹਨੂੰ ਖਰਿਆਰ (ਕਸਬੇ) ਦੇ ਸਬ-ਡਿਵੀਜ਼ਨ ਹਸਪਤਾਲ ਲੈ ਗਿਆ। ਉੱਥੋਂ ਦੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਤੁਸੀਂ ਇਹਨੂੰ ਨੂਆਪਾੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲੈ ਜਾਓ। ਪਰ ਇਸ ਤੋਂ ਪਹਿਲਾਂ ਕਿ ਅਸੀਂ ਉੱਥੇ ਅੱਪੜਦੇ, ਤੁਲਸਾ ਇਸ ਦੁਨੀਆ ਤੋਂ ਜਾ ਚੁੱਕੀ ਸੀ,'' ਉਨ੍ਹਾਂ ਦੇ ਸਹੁਰਾ, ਦਸਮੂ ਸਾਬਰ ਕਹਿੰਦੇ ਹਨ।








