ਐਸਲਾਵਤ ਬਨਿਆ ਨਾਇਕ, ਸਵੇਰੇ 9 ਵਜੇ ਕਰੀਬ 150 ਗਾਵਾਂ ਦੇ ਇੱਜੜ ਨੂੰ ਹੈਦਰਾਬਾਦ-ਸ਼੍ਰੀਸ਼ੈਲਮ ਰਾਜਮਾਗਰ ਦੇ ਪਾਰ ਸਥਿਤ ਵਟਵਰਲਾਪੱਲੇ ਪਿੰਡ ਦੇ ਨੇੜੇ ਦੀ ਚਰਾਂਦ ਵਿਖੇ ਹਿੱਕ ਲੈ ਜਾਂਦੇ ਹਨ। ਉਹ ਪੂਰਬੀ ਘਾਟ ਦੇ ਨੱਲਾਮਾਲਾ ਰੇਂਜ ਵਿੱਚ ਸਥਿਤ ਅਮਰਾਬਾਦ ਟਾਈਗਰ ਰਿਜ਼ਰਵ ਦੇ ਮੁੱਖ ਜ਼ੋਨ ਵਿੱਚ ਪ੍ਰਵੇਸ਼ ਕਰਦੇ ਹਨ, ਜਿੱਥੇ ਕੁਝ ਗਾਵਾਂ ਘਾਹ ਚਰਦੀਆਂ ਹਨ ਤੇ ਕੁਝ ਨਰਮ-ਨਰਮ ਪੱਤਿਆਂ ਲੱਦੀਆਂ ਟਹਿਣੀਆਂ ਤੀਕਰ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਹਨ।
75 ਸਾਲਾ ਨਾਇਕ ਲੰਬਾਡੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਇੱਥੋਂ ਦੇ ਦੂਜੇ ਪਸ਼ੂ-ਪਾਲਕਾਂ ਵਾਂਗਰ ਉਹ ਵੀ ਤੁਰੂਪੁ ਪਸ਼ੂ ਪਾਲ਼ਦੇ ਹਨ। ਲੰਬਾਡੀ (ਪਿਛੜਿਆ ਕਬੀਲਾ), ਯਾਦਵ (ਗੋਲਾ) (ਓਬੀਸੀ) ਤੇ ਚੇਂਚੂ (ਅਤਿ-ਕਮਜ਼ੋਰ ਕਬੀਲਾ ਸਮੂਹ)ਤੁਰੂਪੁ ਨੂੰ ਪਾਲਣ ਵਾਲ਼ੇ ਰਵਾਇਤੀ ਭਾਈਚਾਰੇ ਹਨ। ਇਨ੍ਹਾਂ ਪਸ਼ੂਆਂ ਦੇ ਸਿੰਙ ਛੋਟੇ ਤੇ ਤਿੱਖੇ ਹੁੰਦੇ ਹਨ ਤੇ ਖ਼ੁਰ ਵੀ ਸਖ਼ਤ ਤੇ ਖ਼ਾਸੇ ਮਜ਼ਬੂਤ ਹੁੰਦੇ ਹਨ। ਉਹ ਗਿੱਲੀ, ਚਿੱਕੜ ਭਰੀ ਭੋਇੰ ਤੇ ਸੁੱਕੀ ਪਥਰੀਲੀ ਜ਼ਮੀਨ ਜਿਹੇ ਅੱਡ-ਅੱਡ ਤਰ੍ਹਾਂ ਦੇ ਇਲਾਕਿਆਂ ਵਿੱਚ ਸੌਖਿਆਂ ਹੀ ਤੁਰਦੇ ਰਹਿੰਦੇ ਹਨ ਤੇ ਵਜ਼ਨਦਾਰ ਚੀਜ਼ਾਂ ਵੀ ਸੌਖਿਆਂ ਹੀ ਚੁੱਕ ਤੇ ਖਿੱਚ ਲੈਂਦੇ ਹਨ। ਉਹ ਪਾਣੀ ਦੇ ਘਾਟ ਨਾਲ਼ ਜੂਝ ਰਹੇ ਇਸ ਇਲਾਕੇ ਦੀ ਗਰਮੀ ਨੂੰ ਵੀ ਲੰਬੇ ਸਮੇਂ ਤੱਕ ਝੱਲ ਸਕਦੇ ਹਨ।
ਅਮਰਾਬਾਦ ਉਪ-ਜ਼ਿਲ੍ਹਾ ਕਿਉਂਕਿ ਇਨ੍ਹਾਂ ਪਿੰਡਾਂ ਦੇ ਪੂਰਬ ਵਿੱਚ ਤੇਲੰਗਾਨਾ-ਕਰਨਾਟਕ ਸੀਮਾ 'ਤੇ ਸਥਿਤ ਹੈ, ਜਿੱਥੇ ਕਈ ਕਿਸਾਨ ਇਨ੍ਹਾਂ ਗਾਵਾਂ ਨੂੰ ਖ਼ਰੀਦਣ ਆਉਂਦੇ ਹਨ ਤੇ ਕਿਉਂਕਿ ਇਨ੍ਹਾਂ ਪਸ਼ੂਆਂ ਦੇ ਸਰੀਰ 'ਤੇ ਡੱਬੇ (ਧੱਬੇਦਾਰ) ਬਣੇ ਹੁੰਦੇ ਹਨ, ਇਸਲਈ ਇੱਥੇ ਲੋਕ ਉਨ੍ਹਾਂ ਨੂੰ 'ਪੋਡਾ ਤੁਰੂਪੁ' ਕਹਿੰਦੇ ਹਨ- ਤੇਲੁਗੂ ਵਿੱਚ 'ਪੋਡਾ' ਦਾ ਅਰਥ ਹੈ ਧੱਬਾ ਤੇ 'ਤੁਰੂਪੁ' ਦਾ ਮਤਲਬ ਹੁੰਦਾ ਹੈ ਪੂਰਬ। ਪੋਡਾ ਤੁਰੂਪੁ ਛੋਟੇ ਤੇ ਗ਼ਰੀਬ ਕਿਸਾਨਾਂ ਲਈ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ, ਜੋ ਕਿਸਾਨ ਟ੍ਰੈਕਟਰ ਅਤੇ ਹੋਰ ਖੇਤੀ ਸੰਦਾਂ ਦਾ ਖ਼ਰਚਾ ਨਹੀਂ ਝੱਲ ਸਕਦੇ।















