''ਹਰ ਕੋਈ ਇਹਦੀ ਹੀ ਤਾਂ ਵਰਤੋਂ ਕਰ ਰਿਹਾ ਹੈ। ਇਸਲਈ ਅਸੀਂ ਵੀ ਕਰ ਰਹੇ ਹਾਂ,'' ਰੂਪਾ ਪਿਰਿਕਾਕਾ ਨੇ ਥੋੜ੍ਹੀ ਬੇਯਕੀਨੀ ਨਾਲ਼ ਕਿਹਾ।
'ਇਹ' ਜੈਨੇਟਿਕ (ਜਿਣਸੀ) ਤੌਰ 'ਤੇ ਸੋਧੇ (ਜੀਬੀ) ਬੀਟੀ ਕਪਾਹ ਦੇ ਬੀਜ ਹਨ, ਜਿਨ੍ਹਾਂ ਨੂੰ ਹੁਣ ਸੌਖ਼ਿਆਂ ਹੀ ਸਥਾਨਕ ਬਜ਼ਾਰ ਤੋਂ ਖ਼ਰੀਦਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਆਪਣੇ ਪਿੰਡ ਦੀ ਹੱਟੀ ਤੋਂ ਵੀ। 'ਹਰ ਕੋਈ' ਤੋਂ ਉਨ੍ਹਾਂ (ਰੂਪਾ) ਦਾ ਮਤਲਬ ਇਸ ਪਿੰਡ ਅਤੇ ਦੱਖਣ-ਪੱਛਮ ਓੜੀਸਾ ਦੇ ਰਾਇਗੜਾ ਜ਼ਿਲ੍ਹੇ ਦੇ ਬਾਕੀ ਪਿੰਡਾਂ ਦੇ ਅਣਗਿਣਤ ਬਾਕੀ ਕਿਸਾਨਾਂ ਤੋਂ ਹੈ।
''ਉਨ੍ਹਾਂ ਦੇ ਹੱਥੀਂ ਨਕਦੀ ਲੱਗ ਰਹੀ ਆ,'' ਉਹ ਕਹਿੰਦੀ ਹਨ।
40 ਸਾਲ ਤੋਂ ਵੱਧ ਉਮਰ ਨੂੰ ਢੁੱਕਣ ਵਾਲ਼ੀ ਪਿਰਿਕਾਕਾ ਇੱਕ ਕੋਂਧ ਆਦਿਵਾਸੀ ਕਿਸਾਨ ਹਨ ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਰ ਸਾਲ ਡੋਂਗਰ ਚਾਸ ਵਾਸਤੇ ਪਹਾੜੀ ਢਲ਼ਾਣ ਤਿਆਰ ਕਰਦੀ ਹਨ। ਡੋਂਗਰ ਚਾਸ ਦਾ ਸ਼ਾਬਦਿਕ ਅਰਥ ਹੈ 'ਪਹਾੜੀ ਖੇਤੀ'। ਇਸ ਇਲ਼ਾਕੇ ਦੇ ਕਿਸਾਨਾਂ ਦੁਆਰਾ ਸਦੀਆਂ ਤੋਂ ਅਪਣਾਈਆਂ ਗਈਆਂ ਪਰੰਪਰਾਵਾਂ ਦੇ ਪੂਰਨਿਆਂ 'ਤੇ ਚੱਲਦੇ ਹੋਏ ਪਿਰਿਕਾਕਾ, ਫ਼ਸਲਾਂ ਤੋਂ ਬਚਾ ਕੇ ਰੱਖੇ ਗਏ ਬੀਜਾਂ ਨੂੰ ਰਲੇਵੀਂਆਂ ਜੋਤਾਂ ਵਿੱਚ ਬੀਜਦੀ ਹਨ। ਇਨ੍ਹਾਂ ਰਾਹੀਂ ਕਾਫ਼ੀ ਮਾਤਰਾ ਵਿੱਚ ਅਨਾਜ ਫ਼ਸਲਾਂ ਪ੍ਰਾਪਤ ਹੋਣਗੀਆਂ: ਮੰਡੀਆਂ ਅਤੇ ਕੰਗੂ ਜਿਵੇਂ ਬਾਜਰਾ, ਅਰਹਰ ਅਤੇ ਕਾਲ਼ੇ ਛੋਲੇ ਜਿਹੀਆਂ ਦਾਲ਼ਾਂ ਦੇ ਨਾਲ਼ ਹੀ ਲੰਬੀਆਂ ਫਲ਼ੀਆਂ, ਕਾਲੇ ਤਿਲ ਦੇ ਬੀਜ ਅਤੇ ਤਿਲ ਦੀਆਂ ਰਵਾਇਤੀ (ਜੱਦੀ) ਕਿਸਮਾਂ ਵੀ ਸ਼ਾਮਲ ਹਨ।
ਇਸ ਜੁਲਾਈ ਵਿੱਚ, ਪਿਰਿਕਾਕਾ ਨੇ ਪਹਿਲੀ ਦਫ਼ਾ ਬੀਟੀ ਕਪਾਹ ਦੀ ਬੀਜਾਈ ਕੀਤੀ। ਇਹੀ ਉਹ ਸਮਾਂ ਸੀ, ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ੇ। ਉਦੋਂ ਉਹ ਬਿਸ਼ਮਕਟਕ ਬਲਾਕ ਵਿਖੇ ਪੈਂਦੇ ਆਪਣੇ ਪਿੰਡ ਵਿੱਚ ਇਹ ਪਹਾੜੀ ਢਲ਼ਾਣ 'ਤੇ ਗੂੜ੍ਹੇ ਗੁਲਾਬੀ ਰੰਗੇ ਅਤੇ ਰਸਾਇਣ ਵਿੱਚ ਡੁੱਬੇ ਬੀਜਾਂ ਨੂੰ ਬੀਜ ਰਹੀ ਸਨ। ਆਦਿਵਾਸੀਆਂ ਦੀ ਪੌੜੀਦਾਰ ਖੇਤੀ ਦੀਆਂ ਪਰੰਪਰਾਵਾਂ ਵਿੱਚ ਕਪਾਹ ਦਾ ਪ੍ਰਵੇਸ਼ ਹੈਰਾਨ ਕਰਨ ਵਾਲ਼ਾ ਸੀ, ਜਿਹਨੇ ਸਾਨੂੰ ਉਨ੍ਹਾਂ ਤੋਂ ਇਸ ਬਦਲਾਅ ਬਾਰੇ ਪੁੱਛਣ 'ਤੇ ਮਜ਼ਬੂਰ ਕੀਤਾ।
''ਪਿਰਿਕਾਕਾ ਪ੍ਰਵਾਨ ਕਰਦੀ ਹਨ,''ਹਲਦੀ ਜਿਹੀਆਂ ਹੋਰ ਫ਼ਸਲਾਂ ਤੋਂ ਵੀ ਪੈਸਾ ਆਉਂਦਾ ਹੈ। ਪਰ ਕੋਈਵੀ ਇਨ੍ਹਾਂ ਦੀ ਖੇਤੀ ਨਹੀਂ ਕਰ ਰਿਹਾ। ਸਾਰੇ ਲੋਕ ਮੰਡਿਆਂ (ਬਾਜਰਾ) ਨੂੰ ਛੱਡ ਰਹੇ ਹਨ ਅਤੇ ਨਰਮਾ ਦਾ ਰਾਹ ਫੜ੍ਹ ਰਹੇ ਹਨ।''
ਰਾਇਗੜਾ ਜ਼ਿਲ੍ਹੇ ਵਿੱਚ ਕਪਾਹ ਦਾ ਰਕਬਾ 16 ਸਾਲਾਂ ਅੰਦਰ 5,200 ਪ੍ਰਤੀਸ਼ਤ ਵੱਧ ਗਿਆ ਹੈ। ਅਧਿਕਾਰਕ ਅੰਕੜਿਆਂ ਦੀ ਮੰਨੀਏ ਤਾਂ 2002-03 ਵਿੱਚ ਸਿਰਫ਼ 1,631 ਏਕੜ ਜ਼ਮੀਨ 'ਤੇ ਹੀ ਨਰਮੇ ਦੀ ਖੇਤੀ ਹੋਈ ਸੀ। ਜ਼ਿਲ੍ਹਾ ਖੇਤੀ ਦਫ਼ਤਰ ਮੁਤਾਬਕ, 2018-19 ਵਿੱਚ ਇਹ ਰਕਬਾ ਵੱਧ ਕੇ 86,907 ਏਕੜ ਹੋ ਗਿਆ ਸੀ।
ਰਾਇਗੜਾ, ਜਿੱਥੋਂ ਦੀ ਅਬਾਦੀ 10 ਲੱਖ ਦੇ ਕਰੀਬ ਹੈ, ਕੋਰਾਪੁਟ ਇਲਾਕੇ ਦਾ ਹਿੱਸਾ ਹੈ, ਜੋ ਦੁਨੀਆ ਦੀ ਜੀਵ-ਵਿਭਿੰਨਤਾ ਵਾਲ਼ੇ ਸਭ ਤੋਂ ਵੱਡੇ ਇਲਾਕੇ ਵਿੱਚੋਂ ਇੱਕ ਹੈ ਅਤੇ ਚੌਲ਼ ਦੀ ਵੰਨ-ਸੁਵੰਨਤਾ ਵਾਲ਼ਾ ਇਹ ਇਤਿਹਾਸਕ ਇਲਾਕਾ ਹੈ। ਕੇਂਦਰੀ ਚੌਲ ਖ਼ੋਜ਼ ਸੰਸਥਾ ਦੇ 1959 ਦੇ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਵੀ ਇਸ ਇਲਾਕੇ ਅੰਦਰ 1,700 ਤੋਂ ਵੱਧ ਚੌਲ਼ ਦੀਆਂਕ ਕਿਸਮਾਂ ਸਨ। ਪਰ, ਹੁਣ ਇਹ ਸੰਖਿਆ ਹੇਠਾਂ ਡਿੱਗ ਕੇ ਕਰੀਬ 200 'ਤੇ ਅੱਪੜ ਗਈ ਹੈ। ਕੁਝ ਖ਼ੋਜਾਰਥੀ ਤਾਂ ਇਸ ਇਲਾਕੇ ਨੂੰ ਚੌਲ਼ ਦੀ ਖੇਤੀ ਦਾ ਜਨਮ ਅਸਥਾਨ ਮੰਨਦੇ ਹਨ।








