ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਦੇ ਆਦਿਵਾਸੀ ਇਲਾਕੇ ਵਿੱਚ ਬਤੌਰ ਸੀਨੀਅਰ ਗ੍ਰਾਮੀਣ ਸਿਹਤ ਅਫ਼ਸਰ ਕੰਮ ਕਰਨ ਵਾਲ਼ੀ ਉਰਮਿਲਾ ਦੁੱਗਾ ਸਿਰ ਜ਼ਿੰਮੇਦਾਰੀਆਂ ਦਾ ਕਾਫ਼ੀ ਬੋਝ ਹੈ ਅਤੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਜ਼ਮੀਨੀ ਪੱਧਰ 'ਤੇ ਉਨ੍ਹਾਂ ਜਿਹੀਆਂ ਆਰਐੱਚਓ ਦੀ ਬਦੌਲਤ ਹੀ ਜਨਤਕ ਸਿਹਤ ਪ੍ਰਣਾਲੀ ਦੀ ਗੱਡੀ ਚੱਲੀ ਜਾਂਦੀ ਹੈ
ਤਿੰਨ ਸਾਲਾ ਸੁਹਾਨੀ ਨੂੰ ਆਪਣੀ ਨਾਨੀ ਦੀ ਗੋਦੀ ਵਿੱਚ ਬੇਸੁਰਤ ਪਿਆ ਦੇਖ ਕੇ ਗ੍ਰਾਮੀਣ ਸਿਹਤ ਅਫ਼ਸਰ ਉਰਮਿਲਾ ਦੁੱਗਾ ਕਹਿੰਦੀ ਹਨ,''ਤੁਹਾਨੂੰ ਮਲੇਰੀਆ ਦੀਆਂ ਇਹ ਗੋਲ਼ੀਆਂ ਸਦਾ ਗੁੜ ਜਾਂ ਸ਼ਹਿਦ ਨਾਲ਼ ਹੀ ਦੇਣੀਆਂ/ਖਾਣੀਆਂ ਚਾਹੀਦੀਆਂ ਹਨ।''
ਬੱਚੀ ਨੂੰ ਮਲੇਰੀਏ ਦੀਆਂ ਕੌੜੀਆਂ ਗੋਲ਼ੀਆਂ ਖੁਆਉਣ ਦੌਰਾਨ ਤਿੰਨ ਔਰਤਾਂ ਨੂੰ ਪਿਆਰ ਅਤੇ ਸਿਆਣਪ ਦੀ ਲੋੜ ਪੈਂਦੀ ਹੈ, ਇੱਕ ਬੱਚੀ ਦੀ ਨਾਨੀ, ਇੱਕ ਹੋਰ ਗ੍ਰਾਮੀਣ ਸਿਹਤ ਅਧਿਕਾਰੀ (ਆਰਐੱਚਓ) ਸਾਵਿਤਰੀ ਨਾਇਕ ਅਤੇ ਮਨਕੀ ਕਾਚਲਨ ਯਾਨਿ ਮਿਤਾਨਿਨ (ਆਸ਼ਾ ਵਰਕਰ)।
ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਦਿਆਂ, 39 ਸਾਲਾ ਸੀਨੀਅਰ ਆਰਐੱਚਓ ਉਰਮਿਲਾ ਇੱਕ ਵੱਡੇ ਸਾਰੇ ਰਜਿਸਟਰ ਵਿੱਚ ਮਾਮਲੇ ਦਾ ਵੇਰਵਾ ਲਿਖਦੀ ਹਨ ਅਤੇ ਉਨ੍ਹਾਂ ਦੇ ਸਾਹਮਣੇ ਵਾਲ਼ੇ ਵਿਹੜੇ ਵਿੱਚ ਬੱਚਿਆਂ ਦੇ ਖੇਡਣ ਦੀ ਅਵਾਜ਼ ਗੂੰਜਦੀ ਹੈ। ਉਨ੍ਹਾਂ ਦਾ ਅਸਥਾਈ ਕਲੀਨਿਕ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿੱਚ, ਨੌਮੁੰਜਮੇਟਾ ਪਿੰਡ ਦੀ ਇੱਕ ਆਂਗਨਵਾੜੀ ਦੇ ਉਸ ਬਰਾਂਡੇ ਵਿੱਚ ਕੰਮ ਕਰਦਾ ਹੈ ਜਿਹਨੂੰ ਥੋੜ੍ਹਾ-ਬਹੁਤ ਢੱਕਿਆ ਹੋਇਆ ਹੈ।
ਮਹੀਨੇ ਦੇ ਹਰ ਦੂਸਰੇ ਮੰਗਲਵਾਰ ਨੂੰ, ਆਂਗਨਵਾੜੀ ਦਾ ਮਾਹੌਲ ਆਊਟ ਪੇਸ਼ੇਂਟ ਕਲੀਨਿਕ (ਉਹ ਕਲੀਨਿਕ ਜਿੱਥੇ ਇਲਾਜ ਕਰਾਉਣ ਵਾਲ਼ੇ ਮਰੀਜ਼ਾਂ ਨੂੰ ਭਰਤੀ ਹੋਣ ਦੀ ਲੋੜ ਨਹੀਂ ਪੈਂਦੀ) ਵਰਗਾ ਹੋ ਜਾਂਦਾ ਹੈ, ਜਿੱਥੇ ਬੱਚੇ ਵਰਣਮਾਲਾ ਚੇਤੇ ਕਰਨ ਵਿੱਚ ਰੁੱਝੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਮਾਵਾਂ, ਨਵਜਾਤ ਬੱਚੇ ਅਤੇ ਦੂਸਰੇ ਹੋਰ ਲੋਕ ਚੈੱਕਅਪ ਵਾਸਤੇ ਲੱਗੀ ਲਾਈਨ ਵਿੱਚ ਖੜ੍ਹੇ ਦੇਖੇ ਜਾ ਸਕਦੇ ਹੁੰਦੇ ਹਨ। ਉਰਮਿਲਾ ਅਤੇ ਉਨ੍ਹਾਂ ਦੇ ਸਿਹਤ-ਕਰਮੀਆਂ ਦੀ ਟੀਮ ਸਵੇਰੇ ਕਰੀਬ 10 ਵਜੇ ਉੱਥੇ ਪਹੁੰਚ ਜਾਂਦੀ ਹੈ। ਇਹਦੇ ਬਾਅਦ, ਬਰਾਂਡੇ ਵਿੱਚ ਇੱਕ ਮੇਜ਼ ਅਤੇ ਬੈਂਚ ਟਿਕਾਇਆ ਜਾਂਦਾ ਹੈ ਅਤੇ ਉਹ ਬੈਗ ਵਿੱਚੋਂ ਰਜਿਸਟਰ, ਜਾਂਚ ਅਤੇ ਵਾਕਸੀਨੇਸ਼ਨ ਵਾਲ਼ੇ ਔਜ਼ਾਰ ਕੱਢ ਕੇ, ਆਪਣੇ ਮਰੀਜਾਂ ਨੂੰ ਦੇਖਣ ਦੀ ਤਿਆਰ ਹੋ ਜਾਂਦੇ ਹਨ।
ਸੁਹਾਨੀ ਦਾ ਰੈਪਿਡ ਡਾਇਗਨੋਸਟਿਕ ਟੈਸਟ (ਆਰਡੀਟੀ) ਉਨ੍ਹਾਂ ਕਰੀਬ 400 ਮਲੇਰੀਆ ਜਾਂਚਾਂ ਵਿੱਚੋਂ ਇੱਕ ਹੈ ਜੋ ਨਰਾਇਣਪੁਰ ਬਲਾਕ ਦੇ ਛੇ ਪਿੰਡਾਂ ਵਿੱਚ ਇੱਕ ਸਾਲ ਵਿੱਚ ਕੀਤੇ ਜਾਂਦੇ ਹਨ। ਉਰਮਿਲਾ ਅਤੇ ਉਨ੍ਹਾਂ ਦੇ ਸਹਿਯੋਗੀ, ਜਿਨ੍ਹਾਂ ਵਿੱਚ 35 ਸਾਲਾ ਆਰਐੱਚਓ ਸਾਵਿਤਰੀ ਨਾਇਕ ਵੀ ਸ਼ਾਮਲ ਹਨ, ਇਸ ਬਲਾਕ ਇੰਚਾਰਜ ਹਨ ਅਤੇ ਸਾਰੇ ਟੈਸਟ ਆਪ ਹੀ ਕਰਦੇ ਹਨ।
ਨਰਾਇਣਪੁਰ ਜ਼ਿਲ੍ਹੇ ਦੇ ਮੁੱਖ ਮੈਡੀਕਲ ਸਿਹਤ ਅਧਿਕਾਰੀ ਡਾ. ਆਨੰਦ ਰਾਮ ਗੋਟਾ ਕਹਿੰਦੇ ਹਨ,''ਮਲੇਰੀਆ ਸਾਡੀਆਂ ਸਭ ਤੋਂ ਵੱਡੀਆਂ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਇਹ ਲਹੂ-ਵਹਿਣੀਆਂ ਅਤੇ ਲੀਵਰ 'ਤੇ ਅਸਰ ਪਾਉਂਦਾ ਹੈ ਜਿਸ ਕਰਕੇ ਅਨੀਮਿਆ ਹੋ ਜਾਂਦਾ ਹੈ ਅਤੇ ਫਿਰ ਕੰਮ ਕਰਨ ਦੀ ਸਾਡੀ ਸਰੀਰਕ ਸਮਰੱਥਾ ਘੱਟ ਜਾਂਦੀ ਹੈ। ਇਸਲਈ, ਮਜ਼ਦੂਰੀ ਵੀ ਪ੍ਰਭਾਵਤ ਹੁੰਦੀ ਹੈ। ਬੱਚੇ ਜਨਮ ਵੇਲ਼ੇ ਹੀ ਘੱਟ ਵਜ਼ਨ ਲੈ ਕੇ ਪੈਦਾ ਹੁੰਦੇ ਹਨ ਅਤੇ ਇਹ ਸਿਲਸਿਲਾ ਫਿਰ ਰੁਕਦਾ ਨਹੀਂ।''










