ਜਦੋਂ PARI ਅਧਿਆਪਕ ਦੇ ਕਿਰਦਾਰ ਵਿੱਚ ਹੁੰਦਾ ਹੈ ਅਤੇ ਵਿਸ਼ਾ ਹੁੰਦਾ ਹੈ ਪੇਂਡੂ ਭਾਰਤ, ਤਾਂ ਅਸੀਂ ਦੇਖਿਆ ਹੈ ਕਿ ਸਿਖਲਾਈ ਯਥਾਰਥ ਭਰਪੂਰ, ਨਿੱਗਰ ਅਤੇ ਚਿਰਸਥਾਈ ਹੋ ਨਿਬੜਦੀ ਹੈ।
ਆਓ ਜ਼ਰਾ ਆਯੂਸ਼ ਮੰਗਲ ਦਾ ਸਿਖਲਾਈ ਤਜ਼ਰਬਾ ਹੀ ਦੇਖ ਲਈਏ ਜੋ ਉਹਨੇ ਸਾਡੇ ਨਾਲ਼ ਕੰਮ ਕਰਦਿਆਂ ਹਾਸਲ ਕੀਤਾ। ਉਸਨੇ ਛੱਤੀਸਗੜ੍ਹ ਦੇ ਪੇਂਡੂ ਇਲਾਕਿਆਂ ਵਿੱਚ ਆਦਿਵਾਸੀਆਂ ਦੀ ਸਿਹਤ ਸਹੂਲਤਾਂ ਤੱਕ ਪਹੁੰਚ ਦੀ ਘਾਟ ਨੂੰ ਲੈ ਕੇ ਅਤੇ ਝੋਲਾ-ਛਾਪ ਡਾਕਟਰਾਂ ਦੀ ਇੱਕ ਪੂਰੀ ਦੁਨੀਆ ਨੂੰ ਸਮਝਣ ਤੇ ਦੋਵਾਂ ਵਿਚਲੇ ਸਬੰਧਾਂ ਦੀ ਕੜੀ ਨੂੰ ਸਮਝਣ ਲਈ ਆਪਣਾ ਸਮਾਂ PARI ਦੇ ਲੇਖੇ ਲਾਇਆ। ''ਮੈਂ ਨਿੱਜੀ ਤੇ ਸਰਕਾਰੀ, ਯੋਗ ਤੇ ਅਯੋਗ ਡਾਕਟਰਾਂ ਵਿਚਾਲੇ ਉਲਝੀਆਂ ਤੰਦਾਂ ਨੂੰ ਦੇਖਿਆ। ਕਿਸੇ ਨਾ ਕਿਸੇ ਨੀਤੀ ਨੂੰ ਤਾਂ ਇਹਦੇ ਹੱਲ ਬਾਰੇ ਸੋਚਣਾ ਪਏਗਾ,” ਇਸ ਵਿਦਿਆਰਥੀ ਦਾ ਕਹਿਣਾ ਹੈ ਜਿਹਦਾ ਤਾਅਲੁੱਕ ਰਾਜ ਦੇ ਜੰਜਗੀਰ ਚੰਪਾ ਜ਼ਿਲ੍ਹੇ ਨਾਲ਼ ਹੈ ਅਤੇ ਉਸ ਵੇਲ਼ੇ ਅਰਥਸ਼ਾਸਤਰ ਵਿੱਚ ਮਾਸਟਰੀ ਦੀ ਪੜ੍ਹਾਈ ਕਰ ਰਿਹਾ ਸੀ।
ਨੌਜਵਾਨ ਹਾਸ਼ੀਏ 'ਤੇ ਪਏ ਉਨ੍ਹਾਂ ਲੋਕਾਂ ਬਾਰੇ ਵੀ ਬਹੁਤ ਕੁਝ ਸਿੱਖ ਰਹੇ ਹਨ, ਜੋ ਲੋਕ ਸਾਡੀਆਂ ਪਾਠ-ਪੁਸਤਕਾਂ ਦਾ ਹਿੱਸਾ ਨਹੀਂ ਹਨ। ਪੱਤਰਕਾਰੀ ਦੀ ਵਿਦਿਆਰਥਣ ਸੁਭਾਸ਼੍ਰੀ ਮਹਾਪਾਤਰਾ ਦੀ ਰਿਪੋਰਟਿੰਗ ਦੱਸਦੀ ਹੈ ਕਿ ਗੌਰਾ ਜਿਹੇ ਅਪਾਹਜ ਲੋਕਾਂ ਲਈ ਓਡੀਸ਼ਾ ਦੇ ਕੋਰਾਪੁਟ ਵਿਖੇ ਸਰਕਾਰੀ ਸਹੂਲਤਾਂ ਤੱਕ ਪਹੁੰਚਣਾ ਕਿੰਨਾ ਮੁਸ਼ਕਲ ਹੈ, ਉਸ ਕੁੜੀ ਦੀ ਇਸ ਹਾਲਤ ਨੇ ਸੁਭਾਸ਼੍ਰੀ ਨੂੰ ਇਹ ਸਵਾਲ ਪੁੱਛਣ ਲਈ ਮਜ਼ਬੂਰ ਕਰ ਦਿੱਤਾ: "ਪ੍ਰਸ਼ਾਸਨ ਦੀ ਉਹ ਕਿਹੜੀ ਘਾਟ ਹੈ ਜਿਹਨੇ ਗੌਰਾ ਨੂੰ ਇੰਨੇ ਜ਼ਿਆਦਾ ਸਰੀਰਕ ਤੇ ਭਾਵਨਾਤਮਕ ਦਬਾਅ ਹੇਠ ਲੈ ਆਂਦਾ?"
ਸਤੰਬਰ 2022 ਵਿੱਚ, PARI ਐਜੂਕੇਸ਼ਨ - ਪੀਪਲਜ਼ ਆਰਕਾਈਵ ਆਫ਼ ਇੰਡੀਆ ਦੀ ਸਿੱਖਿਆ ਸੰਸਥਾ - ਨੇ ਆਪਣੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਹਨਾਂ ਸਾਲਾਂ ਵਿੱਚ, ਯੂਨੀਵਰਸਿਟੀ ਦੇ ਵਿਦਿਆਰਥੀਆਂ, ਸਮਾਜਿਕ ਤਬਦੀਲੀ ਲਈ ਕੰਮ ਕਰਦੀਆਂ ਸੰਸਥਾਵਾਂ ਨਾਲ਼ ਜੁੜੇ ਨੌਜਵਾਨਾਂ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਨੇ ਆਮ ਲੋਕਾਂ ਵੱਲੋਂ ਸਾਂਭੇ ਗਏ ਵੰਨ-ਸੁਵੰਨੇ ਹੁਨਰਾਂ ਅਤੇ ਗਿਆਨ ਦੀ ਡੂੰਘੀ ਸਮਝ ਹਾਸਿਲ ਕੀਤੀ ਹੈ। ਜਿਵੇਂ ਕਿ ਹਾਈ ਸਕੂਲ ਦੇ ਵਿਦਿਆਰਥੀ ਪ੍ਰਜਵਲ ਠਾਕੁਰ ਨੇ ਰਾਏਪੁਰ, ਛੱਤੀਸਗੜ੍ਹ ਵਿੱਚ ਧਨ ਝੂਮਰਾਂ ਬਾਰੇ ਲਿਖੇ ਜਾਣ ਤੋਂ ਬਾਅਦ ਕਿਹਾ: “ਮੈਂ ਤਿਉਹਾਰਾਂ ਵਿੱਚ ਕਿਸਾਨਾਂ ਦੀ ਭੂਮਿਕਾ ਅਤੇ ਝੋਨੇ ਦੀ ਮਹੱਤਤਾ ਬਾਰੇ ਵਧੇਰੇ ਚੇਤੰਨ ਹੋ ਗਿਆ ਹਾਂ... PARI ਐਜੂਕੇਸ਼ਨ ਦੇ ਨਾਲ ਕੰਮ ਕਰਕੇ, ਮੈਨੂੰ ਉਸ ਸਮਾਜ ਦਾ ਇੱਕ ਨਵਾਂ ਪੱਖ ਦਿੱਸਣ ਲੱਗਿਆ ਹੈ ਜਿਸ ਸਮਾਜ ਵਿੱਚ ਮੈਂ ਰਹਿੰਦਾ ਹਾਂ।"



