ਅਕਤੂਬਰ 2022 ਦੀ ਇੱਕ ਦੇਰ ਸ਼ਾਮ ਨੂੰ ਇੱਕ ਕਮਜ਼ੋਰ, ਬਜ਼ੁਰਗ ਔਰਤ ਬੇਲਾਰੀ ਦੇ ਵੜੂ ਪਿੰਡ ਦੇ ਕਮਿਊਨਿਟੀ ਸੈਂਟਰ ਦੇ ਥੜ੍ਹੇ 'ਤੇ ਅਰਾਮ ਕਰ ਰਹੀ ਹੁੰਦੀ ਹੈ। ਥੰਮ੍ਹ ਨਾਲ਼ ਢੋਅ ਲਾਈ ਇਸ ਬਜ਼ੁਰਗ ਔਰਤ ਦੀਆਂ ਲੱਤਾਂ ਅੱਗੇ ਵੱਲ ਨੂੰ ਫੈਲੀਆਂ ਹੋਈਆਂ ਹਨ। ਸੰਦੂਰ ਤਾਲੁਕਾ ਦੇ ਪਹਾੜੀ ਰਸਤਿਆਂ ਤੋਂ ਹੁੰਦੇ ਹੋਏ 28 ਕਿਲੋਮੀਟਰ ਕੀਤੀ ਪੈਦਲ ਯਾਤਰਾ ਨੇ ਉਹਦੀ ਸਾਹ-ਸਤ ਮੁਕਾ ਛੱਡੀ ਹੈ। ਅਜੇ ਉਹਨੇ ਅਗਲੇ ਦਿਨ 42 ਕਿਲੋਮੀਟਰ ਹੋਰ ਤੁਰਨਾ ਹੈ।
ਹਨੁਮੱਕਾ ਰੰਗੰਨਾ, ਸੰਦੂਰ ਦੇ ਸੁਸੀਲਾਨਗਰ ਪਿੰਡ ਦੀ ਇੱਕ ਖਾਨ ਮਜ਼ਦੂਰ, ਬੇਲਾਰੀ ਜ਼ਿਲ੍ਹਾ ਗਨੀ ਕਰਮੀਕਾਰਾ ਸੰਘ (ਬੇਲਾਰੀ ਜ਼ਿਲ੍ਹਾ ਖਾਨ ਮਜ਼ਦੂਰ ਸੰਘ) ਵੱਲੋਂ ਅਯੋਜਿਤ ਦੋ ਰੋਜ਼ਾ ਪੈਦਲ ਯਾਤਰਾ 'ਤੇ ਨਿਕਲ਼ੀ ਹਨ। ਉੱਤਰ ਕਰਨਾਟਕਾ ਦੇ ਬੇਲਾਰੀ (ਬਾਲਾਰੀ ਵੀ ਕਿਹਾ ਜਾਂਦਾ ਹੈ) ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਪਣੀਆਂ ਮੰਗਾਂ ਸੌਂਪਣ ਵਾਸਤੇ ਮੁਜ਼ਾਹਰਾਕਾਰੀ 70 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਰਹੇ ਹਨ। ਬੀਤੇ 10 ਸਾਲਾਂ ਦੇ ਵਕਫ਼ੇ ਦੌਰਾਨ ਇਹ 16ਵੀਂ ਵਾਰ ਹੈ ਜਦੋਂ ਉਹ ਆਪਣੇ ਸਹਿ-ਕਰਮੀ ਖਾਨ ਮਜ਼ਦੂਰਾਂ ਦੇ ਨਾਲ਼ ਸੜਕਾਂ 'ਤੇ ਉਤਰੀ ਹੈ। ਉਹ ਮੰਗ ਕਰ ਰਹੇ ਹਨ ਕਿ ਇੱਕ ਤਾਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ; ਦੂਜਾ ਰੋਜ਼ੀਰੋਟੀ ਵਾਸਤੇ ਕੋਈ ਬਦਲ ਵੀ ਪੇਸ਼ ਕੀਤਾ ਜਾਵੇ।
ਉਹ, ਬੇਲਾਰੀ ਦੀਆਂ ਹੱਥੀਂ ਕੰਮ ਕਰਨ ਵਾਲ਼ੀਆਂ ਉਨ੍ਹਾਂ ਸੈਂਕੜੇ ਮਹਿਲਾ ਮਜ਼ਦੂਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ 1990ਵਿਆਂ ਦੇ ਦਹਾਕੇ ਦੇ ਅੰਤ ਵਿੱਚ ਕੰਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ''ਮੰਨ ਲਓ ਹੁਣ ਮੇਰੀ ਉਮਰ 65 ਸਾਲ ਹੈ ਤੇ ਮੇਰਾ ਕੰਮ ਛੁੱਟਿਆਂ 15 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ,'' ਉਹ ਕਹਿੰਦੀ ਹਨ,''ਕਈ ਤਾਂ ਮੁਆਵਜ਼ੇ ਦੀ ਉਡੀਕ ਕਰਦਿਆਂ-ਕਰਦਿਆਂ ਇਸ ਜਹਾਨੋਂ ਰੁਖਸਤ ਹੋ ਗਏ... ਮੇਰੇ ਪਤੀ ਵੀ।''
''ਸਾਡੇ ਜੀਵਨ ਸ਼ਰਾਪੇ ਹੋਏ ਹਨ। ਅਸੀਂ ਨਹੀਂ ਜਾਣਦੇ ਸਾਨੂੰ ਸ਼ਰਾਪਿਆਂ ਨੂੰ ਮੁਆਵਜ਼ਾ ਮਿਲ਼ੇਗਾ ਵੀ ਜਾਂ ਸਾਨੂੰ ਵੀ ਉਡੀਕ ਕਰਦਿਆਂ ਹੀ ਇਸ ਜਹਾਨੋਂ ਜਾਣਾ ਹੋਵੇਗਾ,'' ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ,''ਅਸੀਂ ਇੱਥੇ ਮੁਜ਼ਾਹਰਾ ਕਰਨ ਆਏ ਹਾਂ। ਜਦੋਂ ਕਦੇ ਵੀ ਅਜਿਹੀ ਬੈਠਕ ਹੁੰਦੀ ਹੈ, ਮੈਂ ਸ਼ਮੂਲੀਅਤ ਕਰਦੀ ਹੀ ਹਾਂ। ਅਸੀਂ ਸੋਚਿਆ ਅਖ਼ੀਰਲੀ ਵਾਰੀ ਹੀ ਸਹੀ ਇੱਕ ਹੋਰ ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ।''















