ਪਿਛਲੇ ਤਿੰਨ ਸਾਲਾਂ ਵਿੱਚ ਤੁਸੀਂ ਕਿੰਨੇ ਹਸਪਤਾਲਾਂ ਵਿੱਚ ਸੰਪਰਕ ਕੀਤਾ?
ਮੇਰਾ ਸਵਾਲ ਸੁਣਦਿਆਂ ਹੀ ਸੁਸ਼ੀਲਾ ਦੇਵੀ (ਦੋਵਾਂ ਦੇ ਨਾਮ ਬਦਲ ਦਿੱਤੇ ਗਏ ਹਨ) ਅਤੇ ਉਨ੍ਹਾਂ ਦੇ ਪਤੀ, ਮਨੋਜ ਕੁਮਾਰ ਦੇ ਚਿਹਰੇ 'ਤੇ ਉਦਾਸੀ ਅਤੇ ਥਕਾਵਟ ਦੀਆਂ ਲੀਕਾਂ ਫਿਰ ਗਈਆਂ। ਇਨ੍ਹਾਂ ਦੋਵਾਂ ਨੂੰ ਹਸਪਤਾਲਾਂ ਦੀ ਗਿਣਤੀ ਹੀ ਚੇਤੇ ਨਹੀਂ ਕਿ ਜੂਨ 2017 ਵਿੱਚ ਬਾਂਦੀਕੁਈ ਸ਼ਹਿਰ ਦੇ ਮਧੁਰ ਹਸਪਤਾਲ ਵਿੱਚ ਜਦੋਂ ਪਹਿਲੀ ਵਾਰ ਸੁਸ਼ੀਲਾ ਦੀ ਨਸਬੰਦੀ ਹੋਈ ਸੀ ਤਾਂ ਉਹਦੇ ਬਾਅਦ ਉਨ੍ਹਾਂ ਨੂੰ ਕਿੰਨੇ ਕੁ ਹਸਪਤਾਲਾਂ ਦੇ ਗੇੜੇ ਲਾਉਣੇ ਪਏ ਸਨ, ਕਿੰਨੀਆਂ ਕੁ ਜਾਂਚਾਂ ਦੇ ਗੇੜ 'ਚੋਂ ਲੰਘਣਾ ਪਿਆ ਅਤੇ ਕਿਹੜਾ-ਕਿਹੜਾ ਇਲਾਜ ਚੱਲਿਆ।
ਵਿਆਹ ਦੇ 10 ਸਾਲ ਵਿੱਚ ਤਿੰਨ ਕੁੜੀਆਂ ਤੋਂ ਬਾਅਦ ਜਦੋਂ ਚੌਥਾ ਬੱਚਾ ਇੱਕ ਬੇਟਾ ਪੈਦਾ ਹੋਇਆ ਤਾਂ ਪਤੀ-ਪਤਨੀ ਨੇ 27 ਸਾਲਾ ਸੁਸ਼ੀਲਾ ਦੀ ਨਸਬੰਦੀ ਕਰਾਉਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦੇ ਜੀਵਨ ਦਾ ਬੇਹਤਰ ਪ੍ਰਬੰਧ ਕਰ ਸਕਣ। ਰਾਜਸਥਾਨ ਦੀ ਦੌਸਾ ਤਹਿਸੀਲ ਵਿੱਚ ਉਨ੍ਹਾਂ ਦੇ ਪਿੰਡ, ਢਾਣੀ ਜਮਾ ਤੋਂ 20 ਕਿਲੋਮੀਟਰ ਦੂਰ ਸਥਿਤ, ਬਾਂਦੀਕੁਈ ਦਾ ਨਿੱਜੀ ਹਸਪਤਾਲ ਉਨ੍ਹਾਂ ਦੀ ਪਹਿਲੀ ਪਸੰਦ ਸੀ, ਜਦੋਂਕਿ ਢਾਣੀ ਜਮਾ ਤੋਂ ਮਹਿਜ ਤਿੰਨ ਕਿਲੋਮੀਟਰ ਦੂਰ, ਕੁੰਡਲ ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਮੌਜੂਦ ਹੈ।
''ਸਿਹਤ ਕੇਂਦਰ (ਸਰਕਾਰੀ) ਵਿਖੇ ਨਸਬੰਦੀ ਕੈਂਪ ਜ਼ਿਆਦਾਤਰ ਸਰਦੀਆਂ ਦੇ ਮਹੀਨਿਆਂ ਵਿੱਚਲਾਏ ਜਾਂਦੇ ਹਨ। ਔਰਤਾਂ ਠੰਡ ਦੇ ਮਹੀਨਿਆਂ ਵਿੱਚ ਨਸਬੰਦੀ ਕਰਾਉਣਾ ਪਸੰਦ ਕਰਦੀਆਂ ਹਨ ਕਿਉਂਕਿ ਉਸ ਸਮੇਂ ਜ਼ਖ਼ਮ ਤੇਜ਼ੀ ਨਾਲ਼ ਰਾਜ਼ੀ ਹੋ ਜਾਂਦਾ ਹੈ। ਜੇ ਉਹ ਗਰਮੀਆਂ ਵਿੱਚ ਸਰਜਰੀ ਕਰਾਉਣੀ ਚਾਹੁੰਣ ਤਾਂ ਅਸੀਂ ਉਨ੍ਹਾਂ ਨੂੰ ਦੌਸਾ ਅਤੇ ਬਾਂਦੀਕੁਈ ਦੇ ਨਿੱਜੀ ਹਸਪਤਾਲਾਂ ਵਿੱਚ ਲੈ ਜਾਂਦੇ ਹਨ,'' 31 ਸਾਲਾ ਸੁਨੀਤਾ ਦੇਵੀ ਕਹਿੰਦੀ ਹਨ ਜੋ ਇੱਕ ਆਸ਼ਾ ਵਰਕਰ ਹਨ। ਉਹ ਇਨ੍ਹਾਂ ਪਤੀ-ਪਤਨੀ ਦੇ ਨਾਲ਼ 25 ਬਿਸਤਰਿਆਂ ਵਾਲ਼ੇ ਇੱਕ ਸਧਾਰਣ ਹਸਪਤਾਲ, ਮਧੁਰ ਹਸਪਤਾਲ ਗਈ ਸਨ। ਇਹ ਹਸਪਤਾਲ ਰਾਜ ਪਰਿਵਾਰ ਕਲਿਆਣ ਯੋਜਨਾ ਦੇ ਤਹਿਤ ਪੰਜੀਕ੍ਰਿਤ ਹੈ, ਇਸ਼ਲਈ ਨਸਬੰਦੀ ਲਈ ਸੁਸ਼ੀਲਾ ਪਾਸੋਂ ਕੋਈ ਪੈਸਾ ਨਹੀਂ ਲਿਆ ਗਿਆ ਸੀ। ਸਗੋਂ, ਉਨ੍ਹਾਂ ਨੂੰ 1,400 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਮਿਲ਼ੀ ਸੀ।
ਸਰਜਰੀ ਤੋਂ ਕੁਝ ਦਿਨਾਂ ਬਾਅਦ ਸੁਸ਼ੀਲਾ ਨੂੰ ਜੋ ਮਾਹਵਾਰੀ ਆਈ, ਉਸ ਨਾਲ਼ ਉਨ੍ਹਾਂ ਨੂੰ ਪੀੜ੍ਹ ਅਤੇ ਥਕਾਵਟ ਦਾ ਅਜਿਹਾ ਬੇਰੋਕ ਸਿਲਸਿਲਾ ਸ਼ੁਰੂ ਹੋਇਆ ਕਿ ਅਗਲੇ ਤਿੰਨ ਸਾਲਾਂ ਤੀਕਰ ਜਾਰੀ ਰਿਹਾ।
''ਜਦੋਂ ਪਹਿਲੀ ਵਾਰ ਪੀੜ੍ਹ ਸ਼ੁਰੂ ਹੋਈ, ਤਾਂ ਮੈਂ ਉਹਨੂੰ ਘਰੇ ਪਈਆਂ ਦਰਦ-ਨਿਵਾਰਕ ਗੋਲ਼ੀਆਂ ਦਿੱਤੀਆਂ। ਥੋੜ੍ਹੀ ਦੇਰ ਅਰਾਮ ਮਿਲ਼ਿਆ। ਪਰ ਹਰ ਮਹੀਨੇ ਮਾਹਵਾਰੀ ਆਉਣ 'ਤੇ ਉਹ ਪੀੜ੍ਹ ਨਾਲ਼ ਵਿਲ਼ਕਣ ਲੱਗਦੀ,'' 29 ਸਾਲਾ ਮਨੋਜ ਦੱਸਦੇ ਹਨ।
''ਪੀੜ੍ਹ ਵੱਧਦੀ ਹੀ ਰਹੀ ਅਤੇ ਵਿਤੋਂ-ਵੱਧ ਲਹੂ ਪੈਣ ਕਾਰਨ ਮੈਨੂੰ ਉਲਟੀ ਹੋਣ ਲੱਗੀ। ਮੈਂ ਸਦਾ ਕਮਜ਼ੋਰ ਰਹਿੰਦੀ,'' ਸੁਸ਼ੀਲਾ ਕਹਿੰਦੀ ਹਨ, ਜੋ ਇੱਕ ਗ੍ਰਹਿਣੀ ਅਤੇ 8ਵੀਂ ਜਮਾਤ ਤੱਕ ਪੜ੍ਹੀ ਹੋਈ ਹਨ।
ਤਿੰਨ ਮਹੀਨਿਆਂ ਤੱਕ ਜਦੋਂ ਇੰਝ ਹੀ ਚੱਲਦਾ ਰਿਹਾ ਤਾਂ ਅਖ਼ੀਰ ਪਤੀ-ਪਤਨੀ ਝਿਜਕਦੇ-ਝਿਜਕਦੇ ਕੁੰਡਲ ਦੇ ਪੀਐੱਚਸੀ ਗਏ।







