ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
''ਸਵੇਰ ਦੇ 11 ਵੱਜ ਕੇ 40 ਮਿੰਟ ਹੋ ਚੁੱਕੇ ਹਨ, ਇਸਲਈ ਹੁਣ ਵਾਰੀ ਹੈ ਹਵਾ ਦੀ ਗਤੀ ਦੀ ਤਾਜ਼ਾ ਹਾਲਤ ਬਾਰੇ ਦੱਸਣ ਦੀ,'' ਕਡਲ ਓਸਈ ਰੇਡਿਓ ਸਟੇਸ਼ਨ ਦੇ ਏ. ਯਸ਼ਵੰਤ ਦੀ ਅਵਾਜ਼ ਗੂੰਜਦੀ ਹੈ। ''ਬੀਤੇ ਇੱਕ ਹਫ਼ਤੇ ਜਾਂ ਇੱਕ ਮਹੀਨੇ ਤੋਂ ਕਚਾਨ ਕਾਥੂ (ਦੱਖਣੀ ਹਵਾ) ਕਾਫ਼ੀ ਤੀਬਰ ਸੀ। ਉਹਦਾ ਵੇਗ 40 ਤੋਂ 60 ਸੀ (ਕਿਲੋਮੀਟਰ ਪ੍ਰਤੀ ਘੰਟਾ)। ਅੱਜ ਦੀ ਹਵਾ ਨੇ ਜਿਵੇਂ ਮਛੇਰਿਆਂ ਦੀ ਮਦਦ ਕਰਨ ਬਾਰੇ ਸੋਚ ਲਿਆ ਹੋਵੇ ਅਤੇ ਉਹਦੀ ਗਤੀ ਘੱਟ ਹੋ ਕੇ 15 (ਕਿਲੋਮੀਟਰ ਪ੍ਰਤੀ ਘੰਟਾ) ਪਹੁੰਚ ਗਈ ਹੈ।''
ਤਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਪਾਮਬਨ ਦੀਪ ਦੇ ਮਛੇਰਿਆਂ ਲਈ ਇਹ ਚੰਗੀ ਖ਼ਬਰ ਹੈ। ''ਇਹਦਾ ਮਤਲਬ ਹੈ ਕਿ ਉਹ ਬਿਨਾ ਕਿਸੇ ਡਰੋਂ ਸਮੁੰਦਰ ਵਿੱਚ ਜਾ ਸਕਦੇ ਹਨ,'' ਯਸ਼ਵੰਤ ਦੱਸਦੇ ਹਨ ਜੋ ਖ਼ੁਦ ਇੱਕ ਮਛੇਰੇ ਹਨ। ਉਹ ਇਸ ਇਲਾਕੇ ਵਿੱਚ ਚੱਲਣ ਵਾਲ਼ੇ ਭਾਈਚਾਰੇ ਦੇ ਇੱਕ ਗੁਆਂਢੀ ਰੇਡਿਓ ਸਟੇਸ਼ਨ, ਕਡਲ ਓਸਈ (ਸਮੁੰਦਰ ਦੀ ਅਵਾਜ਼) ਵਿੱਚ ਰੇਡਿਓ ਜੌਕੀ ਵੀ ਹਨ।
ਖ਼ੂਨਦਾਨ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰਸਾਰਣ ਸ਼ੁਰੂ ਕਰਨ ਵਾਸਤੇ, ਯਸ਼ਵੰਤ ਮੌਸਮ ਦੀ ਰਿਪੋਰਟ ਨਾਲ਼ ਜੁੜੀ ਗੱਲ ਇੰਝ ਖਤਮ ਕਰਦੇ ਹਨ: ''ਤਾਪਮਾਨ 32 ਡਿਗਰੀ ਸੈਲਸੀਅਸ 'ਤੇ ਅੱਪੜ ਚੁੱਕਿਆ ਹੈ। ਇਸਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਂਦੇ ਰਹੋ ਅਤੇ ਧੁੱਪੇ ਨਾ ਜਾਓ।''
ਇਹ ਇੱਕ ਲੋੜੀਂਦੀ ਸਾਵਧਾਨੀ ਹੈ ਕਿਉਂਕਿ ਪਾਮਬਨ ਵਿੱਚ ਹੁਣ 1996 ਦੇ ਮੁਕਾਬਲੇ ਜਿਹੜੇ ਸਾਲ ਯਸ਼ਵੰਤ ਪੈਦਾ ਹੋਏ ਸਨ ਕਿਤੇ ਵੱਧ ਗਰਮ ਦਿਨ ਦੇਖਣ ਨੂੰ ਮਿਲ਼ ਰਹੇ ਹਨ। ਉਦੋਂ, ਇਸ ਦੀਪ 'ਤੇ ਇੱਕ ਸਾਲ ਵਿੱਚ ਘੱਟੋ ਘੱਟ 162 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 32 ਡਿਗਰੀ ਸੈਲਸੀਅਸ ਦੇ ਨਿਸ਼ਾਨ ਨੂੰ ਛੂੰਹਦਾ ਸੀ ਜਾਂ ਉਹਦੇ ਪਾਰ ਪਹੁੰਚ ਜਾਂਦਾ ਸੀ। ਮਛੇਰਾ (ਕੁੱਲਵਕਤੀ) ਕੰਮ ਕਰਨ ਵਾਲ਼ੇ ਉਨ੍ਹਾਂ ਦੇ ਪਿਤਾ ਐਂਥਨੀ ਸਾਮੀ ਵਾਸ, ਜਦੋਂ 1973 ਵਿੱਚ ਪੈਦਾ ਹੋਏ ਸਨ ਤਾਂ ਇੰਨੀ ਗਰਮੀ ਸਾਲ ਦੇ 125 ਦਿਨਾਂ ਤੋਂ ਵੱਧ ਨਹੀਂ ਪੈਂਦੀ ਹੁੰਦੀ। ਪਰ ਅੱਜ, ਉਨ੍ਹਾਂ ਗਰਮ ਦਿਨਾਂ ਦੀ ਗਿਣਤੀ ਸਾਲ ਦੇ 125 ਦਿਨਾਂ ਦੀ ਬਜਾਇ 180 ਦਿਨ ਹੋ ਚੁੱਕੀ ਹੈ। ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ (ਗਲੋਬਲ ਵਾਰਮਿੰਗ) 'ਤੇ ਇੱਕ ਇੰਟਰੈਕਟਿਵ ਉਪਕਰਣ ਨਾਲ਼ ਕੀਤੀ ਗਈ ਗਣਨਾ ਦਾ ਦਾਅਵਾ ਹੈ ਜੋ ਇਸ ਸਾਲ ਜੁਲਾਈ ਵਿੱਚ ਨਿਊਯਾਰਕ ਟਾਈਮਸ ਦੁਆਰਾ ਆਨਲਾਈਨ ਪੋਸਟ ਕੀਤਾ ਗਿਆ ਸੀ।
ਇਸਲਈ ਯਸ਼ਵੰਤ ਅਤੇ ਉਨ੍ਹਾਂ ਦੇ ਸਹਿਯੋਗੀ ਨਾ ਸਿਰਫ਼ ਮੌਸਮ ਨੂੰ, ਸਗੋਂ ਜਲਵਾਯੂ ਦੇ ਵੱਡੇ ਮੁੱਦੇ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਅਤੇ ਹੋਰ ਮਛੇਰੇ ਜਿਨ੍ਹਾਂ ਦੀ ਅਸਲੀ ਸੰਖਿਆ (ਇਸ ਦੀਪ ਦੇ ਦੋ ਮੁੱਖ ਸ਼ਹਿਰ ਪਾਮਬਨ ਅਤੇ ਰਾਮੇਸ਼ਵਰਮ ਵਿੱਚ) 83,000 ਦੇ ਕਰੀਬ ਹੈ। ਉਨ੍ਹਾਂ ਵੱਲੋਂ ਇਸ ਉਮੀਦ ਨਾਲ਼ ਦੇਖ ਰਹੇ ਹਨ ਕਿ ਉਹ ਇਨ੍ਹਾਂ ਤਬਦੀਲੀਆਂ ਦਾ ਸਹੀ ਅਰਥ ਸਮਝਾਉਣਗੇ।









