"ਸਾਨੂੰ ਇੰਝ ਤਿੱਲ-ਤਿੱਲ ਮਾਰਨ ਨਾਲ਼ੋਂ ਚੰਗਾ ਰੱਬ ਸਾਨੂੰ ਇੱਕੋ ਹੀਲੇ ਮਾਰ ਮੁਕਾਏ," ਅਜ਼ਹਰ ਖਾਨ ਕਹਿੰਦੇ ਹਨ, ਜੋ ਇੱਕ ਕਿਸਾਨ ਹਨ ਅਤੇ ਉਨ੍ਹਾਂ ਨੇ 26 ਮਈ ਨੂੰ ਸੁੰਦਰਬਨ ਵਿੱਚ ਮੌਸੁਨੀ ਟਾਪੂ ਨੂੰ ਆਪਣੀ ਚਪੇਟ ਵਿੱਚ ਲੈਣ ਵਾਲ਼ੀਆਂ ਚੱਕਰਵਾਤੀ ਲਹਿਰਾਂ ਵਿੱਚ ਆਪਣੀ ਜ਼ਮੀਨ ਗੁਆ ਦਿੱਤੀ।
ਉਸ ਦੁਪਹਿਰ ਨੂੰ ਉੱਚੀਆਂ ਲਹਿਰਾਂ ਦੇ ਰੂਪ ਵਿੱਚ ਬੰਗਾਲ ਦੀ ਖਾੜੀ ਵਿੱਚ ਉੱਠੇ ਤੂਫਾਨ ਨੇ ਮੁਰੀਗੰਗਾ ਨਦੀ ਵਿੱਚ ਉੱਚੀਆਂ ਲਹਿਰਾਂ ਪੈਦਾ ਕੀਤੀ, ਜੋ ਸਧਾਰਣ ਲਹਿਰਾਂ ਨਾਲ਼ੋਂ 1-2 ਮੀਟਰ ਉੱਚੀਆਂ ਸਨ। ਪਾਣੀ ਨੇ ਬੰਨ੍ਹਾਂ ਨੂੰ ਤੋੜ ਸੁੱਟਿਆ ਅਤੇ ਨੀਵੇਂ ਟਾਪੂਆਂ ਵਿੱਚ ਪਾਣੀ ਭਰ ਗਿਆ, ਜਿਸ ਕਰਕੇ ਘਰਾਂ ਅਤੇ ਖੇਤੀ ਨੂੰ ਭਾਰੀ ਨੁਕਸਾਨ ਪੁੱਜਿਆ।
26 ਮਈ ਦੁਪਹਿਰ ਤੋਂ ਠੀਕ ਪਹਿਲਾਂ ਆਇਆ ਤੂਫਾਨ ਚੱਕਰਵਾਤ ਯਾਸ ਦੁਆਰਾ ਪੈਦਾ ਕੀਤਾ ਗਿਆ ਸੀ, ਜਦੋਂ ਉਹਨੇ ਓੜੀਸਾ ਵਿੱਚ ਬਲਾਸੌਰ ਨੇੜੇ ਲੈਂਡਫਾਲ (ਜ਼ਮੀਨ ਦਾ ਧੱਸਣਾ) ਬਣਾਇਆ- ਜੋ ਇਲਾਕਾ ਮੌਸੁਨੀ ਦੇ ਦੱਖਣ-ਪੱਛਮ ਸਿਰੇ ਤੋਂ ਕਰੀਬ 65 ਮੀਲ ਸਮੁੰਦਰੀ ਦੂਰੀ 'ਤੇ ਹੈ। ਇਹ ਇੱਕ ਬਹੁਤ ਭਿਅੰਕਰ ਚੱਕਰਵਾਤੀ ਤੂਫਾਨ ਸੀ ਜਿਹਨੇ 130-140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ਼ ਹਵਾ ਦੀ ਗਤੀ ਪੈਦਾ ਕੀਤੀ।
"ਅਸੀਂ ਤੂਫਾਨ ਆਉਂਦਾ ਦੇਖ ਲਿਆ ਅਤੇ ਸੋਚਿਆ ਕਿ ਸਾਨੂੰ ਆਪਣਾ ਮਾਲ-ਅਸਬਾਬ ਚੁੱਕਣ ਦਾ ਸਮਾਂ ਮਿਲ਼ ਹੀ ਜਾਵੇਗਾ ਪਰ ਪਾਣੀ ਪੂਰੀ ਰਫ਼ਤਾਰ ਨਾਲ਼ ਸਾਡੇ ਪਿੰਡ ਵੱਲ ਭੱਜਿਆ ਆਇਆ," ਮਜੌਰਾ ਬੀਬੀ ਕਹਿੰਦੀ ਹਨ ਜੋ ਬਗਦੰਗਾ ਮੌਜ਼ਾ (ਪਿੰਡ) ਤੋਂ ਹਨ। ਉਹ ਮੂਰੀਗੰਗਾ ਦੇ ਬੰਨ੍ਹ, ਪੱਛਮੀ ਮੌਸੁਨੀ ਦੇ ਨੇੜੇ ਰਹਿੰਦੀ ਹਨ। "ਅਸੀਂ ਆਪਣੀਆਂ ਜਾਨਾਂ ਬਚਾ ਕੇ ਭੱਜੇ ਪਰ ਅਸੀਂ ਆਪਣੀਆਂ ਵਸਤਾਂ ਨਾ ਬਚਾ ਸਕੇ। ਸਾਡੇ ਵਿੱਚੋਂ ਕਈ ਆਪਣੀਆਂ ਜਾਨਾਂ ਬਚਾਉਣ ਖਾਤਰ ਰੁੱਖਾਂ 'ਤੇ ਜਾ ਚੜ੍ਹੇ।"
ਲਗਾਤਾਰ ਪੈਂਦੇ ਮੀਂਹ ਕਾਰਨ ਟਾਪੂ ਦੇ ਚਾਰ ਪਿੰਡਾਂ- ਬਗਦੰਗਾ, ਬਲਿਆਰਾ, ਕੁਸੁਮਤਲਾ ਅਤੇ ਮੌਸੁਨੀ ਦੀਆਂ ਬੇੜੀਆਂ ਅਤੇ ਕਿਸ਼ਤੀਆਂ ਵੀ ਤਿੰਨ ਦਿਨਾਂ ਲਈ ਰੁੱਕ ਗਈਆਂ। 29 ਮਈ ਦੀ ਸਵੇਰ ਜਦੋਂ ਮੈਂ ਮੌਸੁਨੀ ਪੁੱਜਿਆ ਤਾਂ ਮੈਂ ਦੇਖਿਆ ਪੂਰਾ ਇਲਾਕਾ ਪਾਣੀ ਨਾਲ਼ ਡੁੱਬਿਆ ਪਿਆ ਸੀ।
"ਮੇਰੀ ਜ਼ਮੀਨ ਖਾਰੇ ਪਾਣੀ ਵਿੱਚ ਡੁੱਬ ਗਈ," ਅਭਿਲਾਸ਼ ਸਰਦਰ ਨੇ ਕਿਹਾ, ਜਿਨ੍ਹਾਂ ਨੂੰ ਮੈਂ ਬਗਦੰਗਾ ਦੀ ਠ੍ਹਾਰ (ਪਨਾਹ) ਵਿੱਚ ਮਿਲ਼ਿਆ। "ਅਸੀਂ ਕਿਸਾਨਾਂ ਨੇ ਆਪਣੀ ਰੋਜ਼ੀਰੋਟੀ ਗੁਆ ਲਈ," ਉਨ੍ਹਾਂ ਨੇ ਕਿਹਾ। "ਹੁਣ ਮੈਂ ਆਉਣ ਵਾਲ਼ੇ ਤਿੰਨ ਸਾਲਾਂ ਤੱਕ ਆਪਣੀ ਜ਼ਮੀਨ ਨਹੀਂ ਵਾਹ (ਖੇਤੀ ਨਹੀਂ) ਸਕਾਂਗਾ। ਇਹਨੂੰ ਦੋਬਾਰਾ ਜਰਖੇਜ਼ ਹੋਣ ਵਿੱਚ ਸੱਤ ਸਾਲਾਂ ਤੱਕ ਦਾ ਸਮਾਂ ਲੱਗ ਸਕਦਾ ਹੈ।"




















