ਅਬਦੁਲ ਰਹਿਮਾਨ ਦੀ ਦੁਨੀਆਂ ਸੁੰਗੜ ਗਈ ਹੈ — ਪੇਸ਼ੇਵਰ, ਵਿਅਕਤੀਗਤ ਅਤੇ ਸਰੀਰਕ ਤੌਰ ‘ਤੇ, ਸਚਮੁੱਚ। ਇੱਕ ਪ੍ਰਵਾਸੀ ਮਜ਼ਦੂਰ, ਜਿੰਨਾਂ ਨੇ ਚਾਰ ਮਹਾਂਦੀਪਾਂ ਦੇ ਮਜ਼ਦੂਰ ਦਲਾਂ ਵਿੱਚ ਕੰਮ ਕੀਤਾ, ਹੁਣ ਪੰਜ ਪਰਿਵਾਰਕ ਮੈਂਬਰਾਂ ਸਮੇਤ 150 ਵਰਗ ਫੁੱਟ ਦੇ ਕਮਰੇ ਵਿੱਚ ਸੀਮਿਤ ਹੋ ਗਏ ਹਨ।
ਇਹ ਮੁੰਬਈ ਦੇ ਟੈਕਸੀ ਡਰਾਈਵਰ, ਜਿੰਨ੍ਹਾਂ ਦੇ ਪਿਤਾ ਦਹਾਕੇ ਪਹਿਲਾਂ ਪੇਂਡੂ (ਗ੍ਰਾਮੀਣ) ਤਾਮਿਲਨਾਡੂ ਤੋਂ ਇਸ ਸ਼ਹਿਰ ਵਿੱਚ ਆਏ ਸਨ, ਲੰਘੇ ਸਮੇਂ ਵਿੱਚ ਸਾਉਦੀ ਅਰਬ, ਦੁਬਈ, ਬ੍ਰਿਟੇਨ ਕੈਨਡਾ, ਇੰਡੋਨੇਸ਼ੀਆਂ ਮਲੇਸ਼ੀਆਂ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਬੁਲਡੋਜ਼ਰ ਅਤੇ ਕਾਰਾਂ ਚਲਾ ਚੁੱਕੇ ਹਨ। ਅੱਜ ਇਨ੍ਹਾਂ ਨੂੰ ਇੱਕ ਕੁਰਸੀ (ਸਰੀਰਕ ਤੌਰ ‘ਤੇ) ਸਹਾਰੇ ਮਹਿਮ ਦੀ ਝੁੱਗੀ ਬਸਤੀ ਦੀ ਗਲੀ ਵਿੱਚੋਂ ਦੀ ਇੱਕ ਟੈਕਸੀ ਕੋਲ਼ ਲਿਜਾਇਆ ਜਾਂਦਾ ਹੈ। ਜੋ ਉਨ੍ਹਾਂ ਨੂੰ ਸਿਓਨ ਦੇ ਹਸਪਤਾਲ ਤੱਕ ਲੈ ਕੇ ਜਾਂਦੀ ਹੈ।
ਜਦੋਂ ਹਸਪਤਾਲ ਜਾਣ ਦਾ ਸਮਾਂ ਹੁੰਦਾ ਹੈ, ਰਹਿਮਾਨ ਕਮਰੇ ਵਿੱਚੋਂ ਉਤਰਨ ਦੀ ਤਿਆਰੀ ਕਰਦੇ ਹਨ। ਪੌੜੀ ਦਰਵਾਜੇ ਦੇ ਬਿਲਕੁਲ ਬਾਹਰ ਹੀ ਹੈ। ਉਹ ਫਰਸ਼ 'ਤੇ ਬੈਠਦੇ ਹਨ, ਉਹਨਾਂ ਦਾ ਬੇਟਾ ਹੇਠਾਂ ਤੋਂ ਉਹਨਾਂ ਦੀਆਂ ਲੱਤਾਂ ਫੜ੍ਹਦਾ ਹੈ, ਇੱਕ ਭਤੀਜਾ ਜਾਂ ਗੁਆਂਢੀ ਉਪਰੋਂ ਸਹਾਰਾ ਦਿੰਦਾ ਹੈ। ਰਹਿਮਾਨ ਫਿਰ ਇੱਕ-ਇੱਕ ਕਰਕੇ ਇਨ੍ਹਾਂ ਕਸ਼ਟ ਭਰੇ ਨੌ ਡੰਡਿਆਂ ਤੋਂ ਹੇਠਾਂ ਖਿਸਕਦੇ ਹਨ।
ਹੇਠਾਂ ਤੰਗ ਗ਼ਲੀ ਵਿੱਚ ਰੱਖੀ ਪੇਂਟ ਦੇ ਦਾਗ਼ਾਂ ਮਾਰੀ ਪੁਰਾਣੀ ਪਲਾਸਟਿਕ ਦੀ ਕੁਰਸੀ ‘ਤੇ ਬੈਠਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ — ਉਹਨਾਂ ਦੀ ਬਿਨਾ-ਪੈਰੋਂ ਸੱਜੀ ਲੱਤ ਸੀਟ 'ਤੇ ਟਿਕਾਈ ਜਾਂਦੀ ਹੈ। ਫਿਰ ਉਹਨਾਂ ਦਾ ਬੇਟਾ ਅਤੇ ਦੋ ਹੋਰ ਲੋਕ ਕੁਰਸੀ ਨੂੰ ਇਸ ਲੰਮੀ ਤੇ ਟੇਢੀ-ਮੇਢੀ ਗਲੀ ਵਿੱਚੋਂ ਦੀ ਚੁੱਕੀ ਮਹਿਮ ਬੱਸ ਡਿਪੂ ਵਾਲ਼ੀ ਸੜਕ ਵੱਲ ਲੈ ਕੇ ਜਾਂਦੇ ਹਨ। ਇੱਥੇ ਰਹਿਮਾਨ ਨੂੰ ਇੱਕ ਟੈਕਸੀ ਵਿੱਚ ਬਿਠਾਇਆ ਜਾਂਦਾ ਹੈ।
ਸਿਰਫ਼ ਪੰਜ ਕਿਲੋਮੀਟਰ ਦੂਰ ਸਿਓਨ ਦੇ ਸਰਕਾਰੀ ਹਸਪਤਾਲ ਤੱਕ ਟੈਕਸੀ ਦਾ ਕਿਰਾਇਆ ਉਹਨਾਂ ਦੀ ਸਮਰੱਥਾ ਤੋਂ ਕਿਤੇ ਉੱਪਰ ਹੈ, ਪਰ ਫਿਰ ਵੀ ਪਿਛਲੇ ਸਾਲ ਕਈ ਮਹੀਨੇ ਉਹਨਾਂ ਨੂੰ ਪੈਰ ਦੀ ਪੱਟੀ ਬੰਨ੍ਹਵਾਉਣ ਲਈ ਹਰ ਹਫ਼ਤੇ ਉੱਥੇ ਜਾਣਾ ਪਿਆ ਸੀ। ਜਦੋਂ ਜ਼ਖ਼ਮ ਥੋੜ੍ਹਾ ਠੀਕ ਹੋ ਗਿਆ, ਆਉਣਾ-ਜਾਣਾ ਘੱਟ ਹੋਣ ਲੱਗਿਆ, ਹਾਲਾਂਕਿ, ਉੱਤਰੀ ਮੁੰਬਈ ਦੇ ਮੋਰੀ ਰੋਡ ਦੀ ਕਲੋਨੀ ਵਿੱਚ ਦੋਹੀਂ ਪਾਸੀਂ ਉੱਭਰ ਆਈਆਂ ਦੋ-ਤਿੰਨ ਮੰਜਿਲ ਇਮਾਰਤਾਂ ਵਾਲ਼ੀ ਇਸ ਤੰਗ ਗਲੀ ਵਿੱਚੋਂ ਕੁਰਸੀਨੁਮਾ ਜਲੂਸ ਅਜੇ ਵੀ ਉਸੇ ਤਰ੍ਹਾਂ ਹੀ ਲੰਘਦਾ ਹੈ।














