ਸੂਰਜ ਜੱਟੀ ਨੇ ਜਦੋਂ ਆਪਣੇ ਪਿਤਾ ਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਆਪਣੀ ਖੁਵਾਇਸ਼ ਬਾਰੇ ਦੱਸਿਆ ਸੀ ਤਾਂ ਉਦੋਂ ਉਹ ਗਭਰੇਟ ਵੀ ਨਹੀਂ ਸਨ ਹੋਏ। ਉਨ੍ਹਾਂ ਦੇ ਪਿਤਾ, ਜੋ ਖੁਦ ਫ਼ੌਜ ਤੋਂ ਰਿਟਾਇਰਡ ਸਨ, ਆਪਣੇ ਬੇਟੇ ਦੀ ਸੋਚ ਤੇ ਭਾਵਨਾ ਨੂੰ ਸੁਣ ਕੇ ਫਖ਼ਰ ਮਹਿਸੂਸ ਕਰਨ ਲੱਗੇ ਸਨ।
ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਪਲੂਸ ਨਗਰ ਵਿਖੇ ਅਕੈਡਮੀ ਵਿੱਚ ਸਿਖਲਾਈ ਸੈਸ਼ਨ ਦੌਰਾਨ 19 ਸਾਲਾ ਸੂਰਜ ਕਹਿੰਦੇ ਹਨ, "ਇਹ ਮੇਰੇ ਘਰ ਦਾ ਮਾਹੌਲ ਸੀ ਜਿਸ ਨੇ ਮੇਰੇ ਮਨ ਅੰਦਰ ਇਹ ਚੋਣ ਹੋਰ ਸਪੱਸ਼ਟ ਕੀਤੀ। ਕਿਉਂਕਿ ਮੈਨੂੰ ਯਾਦ ਹੈ, ਮੈਂ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਿਆ।'' ਸ਼ੰਕਰ ਵੀ ਆਪਣੇ ਬੇਟੇ ਦੇ ਫ਼ੈਸਲੇ ਤੋਂ ਖੁਸ਼ ਸਨ। ਇਹ ਇੱਕ ਅਜਿਹੀ ਮੰਗ ਸੀ ਜਿਸ ਤੋਂ ਕੋਈ ਵੀ ਪਿਤਾ ਸਹਿਮਤ ਹੋ ਸਕਦਾ ਸੀ।
ਮਨ ਵਿੱਚ ਧਾਰਿਆਂ ਅਜੇ ਇੱਕ ਦਹਾਕਾ ਵੀ ਨਹੀਂ ਬੀਤਿਆ ਸੀ ਕਿ ਸ਼ੰਕਰ ਆਪਣੇ ਬੇਟੇ ਦੀ ਚੋਣ ਨੂੰ ਲੈ ਕੇ ਡਾਂਵਾਂਡੋਲ ਰਹਿਣ ਲੱਗੇ। ਬੇਟੇ ਦੇ ਫ਼ੈਸਲੇ ਨੇ ਉਨ੍ਹਾਂ ਨੂੰ ਨਾ ਸਿਰਫ਼ ਭਾਵੁਕ ਕੀਤਾ ਬਲਕਿ ਆਪਣੇ ਬੇਟੇ 'ਤੇ ਮਾਣ ਵੀ ਮਹਿਸੂਸ ਕਰਾਇਆ, ਪਰ ਬੀਤਦੇ ਸਾਲਾਂ ਨਾਲ਼ ਉਨ੍ਹਾਂ ਦਾ ਮਨ ਤੌਖ਼ਲਿਆਂ ਨਾਲ਼ ਭਰਨ ਲੱਗਿਆ। ਦੱਸ ਦੇਈਏ ਕਿ 14 ਜੂਨ 2022 ਦੇ ਦਿਨ ਉਸ ਤੌਖ਼ਲੇ 'ਤੇ ਮੋਹਰ ਲੱਗ ਗਈ, ਜਦੋਂ ਅਗਨੀਵੀਰ ਯੋਜਨਾ ਲਾਂਚ ਕੀਤੀ ਗਈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਸੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ, "ਅਗਨੀਪਥ ਪ੍ਰੋਜੈਕਟ ਦੇ ਤਹਿਤ, ਹੁਣ ਤੋਂ ਭਾਰਤ ਦੇ ਨੌਜਵਾਨਾਂ ਨੂੰ ਅਗਨੀਵੀਰ ਦੇ ਰੂਪ ਵਿੱਚ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ।''
ਇਸ ਯੋਜਨਾ ਦੀ ਸ਼ੁਰੂਆਤ ਤੋਂ ਪਹਿਲਾਂ, 2015-2020 ਦੇ ਵਿਚਕਾਰ ਹਥਿਆਰਬੰਦ ਬਲਾਂ ਵਿੱਚ ਭਰਤੀ ਦੀ ਪੰਜ ਸਾਲਾਂ ਦੀ ਔਸਤ 61,000 ਸੀ। 2020 ਵਿੱਚ ਮਹਾਂਮਾਰੀ ਦੀ ਪਈ ਮਾਰ ਤੋਂ ਬਾਅਦ ਭਰਤੀ ਬੰਦ ਕਰ ਦਿੱਤੀ ਗਈ।
ਅਗਨੀਪਥ ਯੋਜਨਾ ਦੇ ਤਹਿਤ, ਲਗਭਗ 46,000 ਨੌਜਵਾਨਾਂ ਜਾਂ ਅਗਨੀਵੀਰਾਂ ਨੂੰ ਭਾਰਤੀ ਫ਼ੌਜ ਲਈ ਭਰਤੀ ਕੀਤਾ ਜਾਣਾ ਹੈ, "ਜਵਾਨ, ਮਜ਼ਬੂਤ ਅਤੇ ਬਹੁ-ਭਾਂਤੀ" ਨੌਜਵਾਨਾਂ ਦੀ ਇੱਕ ਪੂਰੀ ਫੋਰਸ। ਸਰਕਾਰੀ ਪ੍ਰੈੱਸ ਦੀ ਗੱਲ ਕਰੀਏ ਤਾਂ ਰਜਿਸਟ੍ਰੇਸ਼ਨ ਲਈ ਯੋਗ ਉਮਰ 17.5 ਤੋਂ 21 ਸਾਲ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਹੈ। ਇਸ ਨਾਲ਼ ਬਲਾਂ ਦੀ ਔਸਤ ਉਮਰ 4-5 ਸਾਲ ਘੱਟ ਜਾਣੀ ਹੈ।
ਉਮਰ-ਭਰ ਦੇ ਲੰਬੇ ਫ਼ੌਜੀ ਕੈਰੀਅਰ ਦੇ ਉਲਟ ਇਸ ਯੋਜਨਾ ਤਹਿਤ ਭਰਤੀ ਹਰੇਕ ਨੌਜਵਾਨ ਨੂੰ ਸਿਰਫ਼ 4-5 ਸਾਲ ਹੀ ਕੰਮ ਕਰਨ ਦਾ ਮੌਕਾ ਮਿਲ਼ੇਗਾ, ਜਿਹਦੇ ਅਖ਼ੀਰ ਵਿੱਚ ਹਰੇਕ ਬੈਚ ਦੇ 25 ਫੀਸਦੀ ਨੌਜਵਾਨਾਂ ਨੂੰ ਫ਼ੌਜ ਵਿੱਚ ਪੱਕੀ ਭਰਤੀ ਨਸੀਬ ਹੋਵੇਗੀ।










