ਜਦ ਮੂਕਾਂਬਿਕਾ ਦੇ ਦਾਦਾ ਨੇ ਉਹਨੂੰ ਯਕਸ਼ਗਾਨਾ ਵਾਲ਼ੀਆਂ ਹਰਕਤਾਂ ਕਰਦੇ ਦੇਖਿਆ,“ਉਹ ਬਹੁਤ ਨਾਰਾਜ਼ ਹੋਏ ਤੇ ਮੈਨੂੰ ਡਾਂਟਿਆ ਵੀ।” ਉਹਨੇ ਉਸ ਅੱਲ੍ਹੜ ਕੁੜੀ ਨੂੰ ਚੇਤੇ ਕਰਾਇਆ ਕਿ ਔਰਤਾਂ ਲਈ ਤੱਟੀ ਕਰਨਾਟਕ ਤੇ ਕੇਰਲ ਦੇ ਕਾਸਰਗੋਡ ਵਿੱਚ ਹੋਣ ਵਾਲ਼ਾ ਇਹ ਲੋਕ-ਨਾਚ ਨਾਟਕ ਵਰਜਿਤ ਸੀ।
ਮੂਕਾਂਬਿਕਾ ਵਾਰਮਬੱਲੀ ਜੋ ਹੁਣ 75 ਸਾਲ ਦੀ ਹੈ, ਬਚਪਨ ਵਿੱਚ ਉਡੁਪੀ ਜ਼ਿਲ੍ਹੇ ਦੇ ਆਪਣੇ ਪਿੰਡ ਮਾਰਵੀ ’ਚ ਹੁੰਦੀਆਂ ਯਕਸ਼ਗਾਨਾ ਪੇਸ਼ਕਾਰੀਆਂ ਵੱਲ ਆਕਰਸ਼ਿਤ ਹੁੰਦੀ ਸੀ। ਇਹ ਨਾਟਕੀ ਨਾਚ ਅਕਸਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਜਾਰੀ ਰਹਿੰਦੇ, ਤੇ ਉਹ ਯਾਦ ਕਰਦੀ ਹੈ ਕਿ ਉਹ ਕਿਵੇਂ ਇਹਨਾਂ ਨੂੰ ਦੇਖਣ ਲਈ ਔਰਤਾਂ, ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੀ ਵੱਡੀ ਗਿਣਤੀ ਨਾਲ਼ ਲੰਮਾ ਸਫ਼ਰ ਤੈਅ ਕਰਦੀ ਹੁੰਦੀ ਸੀ। ਅਗਲੇ ਦਿਨ ਉਹ ਆਪਣੀਆਂ ਸਹੇਲੀਆਂ ਨੂੰ ਵਿਹੜੇ ’ਚ ਇਕੱਠਾ ਕਰਕੇ ਪ੍ਰਸੰਗ (ਨਾਟਕ) ਲਈ ਚਾਦਰਾਂ ਜਾਂ ਤੌਲੀਏ ਦੇ ਕੱਪੜੇ ਬਣਾ ਕੇ ਨਾਚ ਦੁਹਰਾਉਂਦੀ।
“ਅਸੀਂ ਵਿਹੜੇ ਵਿੱਚ ਪੇਸ਼ਕਾਰੀ ਕਰਦੀਆਂ ਸੀ ਪਰ ਸਿਰਫ਼ ਉਦੋਂ ਜਦੋਂ ਮੇਰੇ ਦਾਦਾ ਘਰ ਨਹੀਂ ਸਨ ਹੁੰਦੇ,” ਉਹਨੇ ਦੱਸਿਆ। “ਉਹਨਾਂ ਦਾ ਕਹਿਣਾ ਸੀ ਕਿ ਯਕਸ਼ਗਾਨਾ ਕੁੜੀਆਂ ਦੇ ਕਰਨ ਵਾਲ਼ੀ ਚੀਜ਼ ਨਹੀਂ।”
ਯਕਸ਼ਗਾਨਾ ਦਾ ਮਤਲਬ ਹੈ ‘ਦੇਵਤਿਆਂ ਦਾ ਗੀਤ’ ਤੇ ਕਰਨਾਟਕ ਦੇ ਤੱਟੀ ਇਲਾਕਿਆਂ ਅਤੇ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਵਿੱਚ ਇਸਦੀ ਪੇਸ਼ਕਾਰੀ ਸਦੀਆਂ ਤੋਂ ਹੁੰਦੀ ਆ ਰਹੀ ਹੈ। ਸੰਗੀਤ, ਨਾਚ, ਸੰਵਾਦ ਤੇ ਬਿਰਤਾਂਤ ਦੀ ਵਰਤੋਂ ਕਰਦੇ ਹੋਏ ਇਹ ਪੇਸ਼ਕਾਰੀ ਮਿਥਿਹਾਸ ਅਤੇ ਰਮਾਇਣ ਤੇ ਮਹਾਂਭਾਰਤ ਵਰਗੀਆਂ ਮਹਾਕਥਾਵਾਂ ਦੀਆਂ ਕਹਾਣੀਆਂ ’ਤੇ ਅਧਾਰਤ ਹੁੰਦੀ ਹੈ। ਯਕਸ਼ਗਾਨਾ ਮੇਲਿਆਂ ਨੂੰ ਅਕਸਰ ਇਲਾਕੇ ਦੇ ਪ੍ਰਮੁੱਖ ਮੰਦਰਾਂ ਦੀ ਸਰਪ੍ਰਸਤੀ ਹਾਸਲ ਹੁੰਦੀ ਸੀ।
ਇਸ ਸਰੀਰਕ ਤੌਰ ’ਤੇ ਔਖੀ ਕਲਾ ਨੂੰ ਸਥਾਨਕ ਤੌਰ ’ਤੇ ਗੰਡੂ ਕਲੇ ਕਿਹਾ ਜਾਂਦਾ ਹੈ ਜਿਸਦਾ ਸ਼ਾਬਦਿਕ ਅਰਥ ਹੈ ‘ਪੁਰਸ਼ਾਂ ਦੀ ਕਲਾ।’ ਇਸ ਨਾਚ ਵਿੱਚ ਉੱਚੀਆਂ ਛਾਲਾਂ ਲਾਉਣੀਆਂ ਤੇ ਘੁੰਮਣਾ ਪੈਂਦਾ ਹੈ ਜਿਸ ਲਈ ਚੁਸਤੀ ਤੇ ਤੰਦਰੁਸਤੀ ਦੀ ਲੋੜ ਪੈਂਦੀ ਹੈ, ਜੋ ਆਮ ਕਰਕੇ ਮਰਦਾਂ ਦਾ ਖੇਤਰ ਮੰਨਿਆ ਜਾਂਦਾ ਹੈ। ਜਦ ਔਰਤਾਂ ਦੇ ਕਿਰਦਾਰ ਦੀ ਲੋੜ ਹੁੰਦੀ, ਤਾਂ ਮਰਦ ਹੀ ਕਰਦੇ।
“ਦਰਸ਼ਕਾਂ ਨੂੰ ਨਾਟਕਾਂ ਤੇ ਕਹਾਣੀਆਂ ਦਾ ਪਤਾ ਹੈ,” ਅਨੁਭਵੀ ਯਕਸ਼ਗਾਨਾ ਪੇਸ਼ਕਾਰ ਤੇ ਯਕਸ਼ਗਾਨਾ ਅਕਾਦਮੀ ਦੇ ਸਾਬਕਾ ਪ੍ਰਧਾਨ, ਐੱਮ. ਐੱਲ. ਸਮਾਗਾ ਨੇ ਕਿਹਾ। “ਪਰ ਉਹ ਹਰ ਪੇਸ਼ਕਾਰੀ ਨੂੰ ਨਵੀਂ ਰੌਸ਼ਨੀ ’ਚ ਦੇਖਦੇ ਹਨ ਤੇ ਹਰ ਵਾਰ ਇਸਨੂੰ ਦੁਬਾਰਾ ਅਨੁਭਵ ਕਰਦੇ ਹਨ। ਕੋਈ ਅਦਾਕਾਰ ਕਿਸੇ ਕਿਰਦਾਰ ਨੂੰ ਕਿਵੇਂ ਵੱਖਰੀ ਤਰ੍ਹਾਂ ਨਾਲ਼ ਪੇਸ਼ ਕਰਦਾ ਹੈ, ਇਹ ਉਹਨਾਂ ਲਈ ਖਿੱਚ ਦਾ ਕਾਰਨ ਬਣਦਾ ਹੈ।”














