ਉਨ੍ਹਾਂ ਦੇ ਘਰ ਜਾਣ ਲਈ ਅਸੀਂ ਇੱਕ ਮੋੜ ਥਾਣੀਂ ਲੰਘਦੇ ਹਾਂ। ''ਕਿਸਾਨ ਤੇ ਮਜ਼ਦੂਰ ਇੱਕ ਦੋਰਾਹੇ 'ਤੇ ਖੜ੍ਹੇ ਹਨ,'' ਕ੍ਰਿਸ਼ਨ ਕਹਿੰਦੇ ਹਨ। ''ਅਸੀਂ ਚਹੁ-ਪਾਸੜੀਂ ਮਾਰ ਝੱਲ ਰਹੇ ਹਾਂ। ਸਾਡੇ ਨਾਲ਼ 'ਸਾਮ-ਦਾਮ-ਦੰਡ-ਭੇਦ' ਸਾਰੀਆਂ ਤਿਕੜਮਾਂ ਅਜਮਾਈਆਂ ਜਾ ਰਹੀਆਂ ਹਨ।'' ਉਹ ਕੌਟਲਿਆ ਯਾਨਿ ਚਾਣਕਿਆ, ਜਿਨ੍ਹਾਂ ਨੂੰ ਇੱਕ ਪ੍ਰਾਚੀਨ ਭਾਰਤੀ ਗੁਰੂ, ਕੂਟਨੀਤਕ ਤੇ ਰਾਜਾ ਦੇ ਸਲਾਹਕਾਰ ਵਜੋਂ ਵੀ ਜਾਣਿਆ ਜਾਂਦਾ ਹੈ-ਦੁਆਰਾ ਲਿਖੇ ਗਏ ਅਰਥਸ਼ਾਸਤਰ ਵਿੱਚ ਜਿਕਰ ਕੀਤੇ ਸ਼ਾਸਨ ਦੇ ਚਾਰ ਮੁੱਖ ਸਿਧਾਤਾਂ- ਧੀਰਜ, ਧਨ-ਪ੍ਰਯੋਗ ਤੇ ਲੋਭ, ਉਤਪੀੜਨ ਤੇ ਸ਼ਕਤੀ ਪ੍ਰਯੋਗ ਦਾ ਜਿਕਰ ਕਰਦਿਆਂ ਆਪਣੀ ਗੱਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ।
ਪਰ ਕ੍ਰਿਸ਼ਨ, ਚਾਣਕਿਆ ਦਾ ਜਿਕਰ ਆਧੁਨਿਕ ਸੰਦਰਭ ਵਿੱਚ ਕਰਦੇ ਹਨ!
"ਸੱਤਾਧਾਰੀ ਪਾਰਟੀ (ਭਾਜਪਾ) ਨੇ ਦਿੱਲੀ ਦੀਆਂ ਸਰਹੱਦਾਂ 'ਤੇ 700 ਤੋਂ ਵੱਧ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰੀ ਨਹੀਂ ਚੁੱਕੀ," ਉਹ 2020 ਵਿੱਚ ਇਤਿਹਾਸਕ ਕਿਸਾਨ ਅੰਦੋਲਨ ਦਾ ਹਵਾਲ਼ਾ ਦਿੰਦੇ ਹੋਏ ਕਹਿੰਦੇ ਹਨ। ਉਹ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਵੀ ਭਾਜਪਾ ਦੀ ਨਿੰਦਾ ਕਰਦੇ ਹਨ, ਜਿਨ੍ਹਾਂ ਨੂੰ ਇੱਕ ਸਾਲ ਦੇ ਹੰਗਾਮੇ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ।
ਉਨ੍ਹਾਂ ਕਿਹਾ,''ਕੀ ਤੁਹਾਨੂੰ ਯਾਦ ਹੈ ਟੇਨੀ (ਭਾਜਪਾ ਨੇਤਾ ਦਾ ਬੇਟਾ) ਨੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਕਿਵੇਂ ਦਰੜਿਆ ਸੀ? ਯੇ ਮਾਰਨੇ ਮੇਂ ਕੰਜੂਸੀ ਨਹੀਂ ਕਰਤੇ। ਉੱਤਰ ਪ੍ਰਦੇਸ਼ ਵਿਖੇ 2021 ਨੂੰ ਵਾਪਰੀ ਇਸ ਘਟਨਾ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ।
ਕ੍ਰਿਸ਼ਨ ਵਰਗੇ ਲੋਕ ਇਸ ਗੱਲ ਤੋਂ ਵੀ ਨਾਖੁਸ਼ ਹਨ ਕਿ ਭਾਜਪਾ ਨੇ ਆਪਣੀ ਹੀ ਪਾਰਟੀ ਦੇ ਸਾਂਸਦ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਸ 'ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ''ਸਾਕਸ਼ੀ ਮਲਿਕ ਅਤੇ ਕਈ ਮਸ਼ਹੂਰ ਪਹਿਲਵਾਨਾਂ ਨੇ ਪਿਛਲੇ ਸਾਲ ਨਵੀਂ ਦਿੱਲੀ ਵਿੱਚ ਕਈ ਮਹੀਨਿਆਂ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ। ਉਹ ਇੱਕ ਨਾਬਾਲਗ ਲੜਕੀ ਸਮੇਤ ਕਈ ਔਰਤਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲ਼ੇ ਇਸ ਨੇਤਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ,'' ਉਹ ਕਹਿੰਦੇ ਹਨ।
2014 'ਚ ਭਾਜਪਾ ਔਰਤਾਂ 'ਤੇ ਅੱਤਿਆਚਾਰ ਰੋਕਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਸੀ। "ਉਨ੍ਹਾਂ ਸਾਰੇ ਵਾਅਦਿਆਂ ਦਾ ਕੀ ਹੋਇਆ?" ਕ੍ਰਿਸ਼ਨ ਪੁੱਛਦੇ ਹਨ। ''ਉਨ੍ਹਾਂ ਸਵਿਟਜ਼ਰਲੈਂਡ ਤੋਂ ਕਾਲ਼ਾ ਧਨ ਵਾਪਸ ਲਿਆਉਣ ਅਤੇ ਸਾਡੇ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ ਦਾ ਵੀ ਵਾਅਦਾ ਕੀਤਾ ਸੀ। ਪਰ ਅਖੀਰ ਸਾਡੀ ਝੋਲ਼ੀ ਭੁੱਖ ਪਈ ਤੇ ਮੁੱਠੀ ਕੁ ਰਾਸ਼ਨ।''