ਆਨੰਦ ਵਿਹਾਰ ਰੇਲਵੇ ਸਟੇਸ਼ਨ ਦੇ ਭੀੜ-ਭੜੱਕੇ ’ਚ ਸੋਨੂੰ ਕੁਮਾਰ ਰਾਵਤ ਤੇ ਉਹਦੇ ਪਰਿਵਾਰ ਨੇ ਇੱਕ ਸ਼ਾਂਤ ਥਾਂ ਲੱਭ ਲਈ ਹੈ। ਲੋਕ, ਫੇਰੀ ਵਾਲੇ, ਤੇ ਰੇਲ ਗੱਡੀਆਂ ਆ-ਜਾ ਰਹੇ ਨੇ। 27 ਸਾਲਾ ਸੋਨੂੰ ਨੇ ਆਪਣੇ ਸਮਾਨ ’ਤੇ ਨਜ਼ਰ ਰੱਖੀ ਹੋਈ ਹੈ। ਉਹਦੀ ਬੀਵੀ ਸਿਤਾਰਾ ਖ਼ਾਤੂਨ ਨੇ ਬੱਚਾ ਗੋਦੀ ਚੁੱਕਿਆ ਹੋਇਆ ਹੈ। ਪਰ ਅਜੇ ਦੁਪਹਿਰ ਦੇ 2 ਵੱਜੇ ਨੇ ਅਤੇ ਬਿਹਾਰ ’ਚ ਆਪਣੇ ਘਰ ਪਹੁੰਚਣ ਲਈ ਲਿਛਵੀ ਐਕਸਪ੍ਰੈਸ ’ਤੇ ਚੜਨ ਲਈ ਉਹਨਾਂ ਨੂੰ ਅਜੇ ਇਸ ਭੀੜ-ਭੜੱਕੇ ਵਾਲੇ ਪਲੇਟਫਾਰਮ ’ਤੇ, ਤਪਦੀ ਗਰਮੀ ਵਿੱਚ, ਕੋਈ ਚਾਰ ਘੰਟੇ ਹੋਰ ਉਡੀਕ ਕਰਨੀ ਪਵੇਗੀ।
ਸੋਨੂੰ ਮਿਸਤਰੀ ਹੈ; ਸਿਤਾਰਾ ਉਸਾਰੀ ਵਾਲੀਆਂ ਥਾਵਾਂ ’ਤੇ ਮਜ਼ਦੂਰੀ ਕਰਦੀ ਹੈ। ਕੰਮ ਲੱਭਣ ਲਈ ਉਹ ਦੋਵੇਂ ਰੋਜ਼ ਗਾਜ਼ੀਆਬਾਦ ਦੀਆਂ ਲੇਬਰ ਮੰਡੀਆਂ ਵਿੱਚ ਖੜ੍ਹਦੇ ਹਨ। ਲੰਘੇ ਹਫ਼ਤਿਆਂ ਵਿੱਚ, ਸੋਨੂੰ ਨੇ ਦੱਸਿਆ, “ਅਸੀਂ ਪੂਰਾ-ਪੂਰਾ ਦਿਨ ਲੇਬਰ ਚੌਕ ਵਿੱਚ ਖੜ੍ਹੇ ਰਹੇ। ਦੋ-ਤਿੰਨ ਦਿਨ ਕੋਈ ਕੰਮ ਨਾ ਮਿਲਿਆ।”
ਜਦ ਤੋਂ ਅਮਰੀਕਾ ਦੇ ਇਰਾਨ ਖਿਲਾਫ਼ ਜੰਗ ਦੇ ਐਲਾਨ ਅਤੇ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਰਕੇ ਘਰੇਲੂ ਰਸੋਈ ਗੈਸ ਦਾ ਮੁੱਲ ਵਧਿਆ ਹੈ, ਰਾਵਤ ਪਰਿਵਾਰ ਦਾ ਦਿੱਲੀ ਵਿੱਚ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ।
“ਪਹਿਲਾਂ ਅਸੀਂ 1,200 ਰੁਪਏ ਗੈਸ ਸਿਲੰਡਰ ’ਤੇ, 2,500 ਕਿਰਾਏ ’ਤੇ, ਅਤੇ 500 ਬਿਜਲੀ ’ਤੇ ਖਰਚਦੇ ਸੀ। ਯਾਨੀ ਕਿ ਖਾਣੇ ਤੋਂ ਬਗ਼ੈਰ ਮਹੀਨੇ ਦਾ 4,000 ਤੋਂ 5,000 ਰੁਪਏ ਖਰਚਾ ਤਾਂ ਵੈਸੇ ਹੀ ਹੋ ਜਾਂਦਾ ਸੀ,” ਸੋਨੂੰ ਨੇ ਕਿਹਾ। ਮੁੱਢਲੀਆਂ ਜ਼ਰੂਰਤਾਂ ਲਈ ਪੈਸੇ ਨਾ ਹੋਣ ਕਰਕੇ ਉਹਨਾਂ ਕੋਲ ਪਿੰਡ ਵਾਪਸ ਮੁੜਨ ਤੋਂ ਬਗ਼ੈਰ ਕੋਈ ਚਾਰਾ ਨਹੀਂ।
ਪਰ ਉਹਨਾਂ ਦੀ ਘਰ ਵਾਪਸੀ ਵਿੱਚ ਵੀ ਕਾਫ਼ੀ ਘਬਰਾਹਟ ਨਜ਼ਰ ਆ ਰਹੀ ਹੈ - ਵੱਖ-ਵੱਖ ਧਰਮਾਂ ਦੇ ਹੋਣ ਕਰਕੇ ਉਹਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ। ਸਾਲ ਕੁ ਪਹਿਲਾਂ ਉਹ ਰਾਜਧਾਨੀ ਵਿੱਚ ਗੁੰਮਨਾਮਤਾ ਅਤੇ ਕੰਮ ਦੀ ਤਲਾਸ਼ ਵਿੱਚ ਪਹੁੰਚੇ ਸਨ। ਹੁਣ ਉਹਨਾਂ ਨੂੰ ਮੁੜਨਾ ਪੈਣਾ ਹੈ। ਉਹ ਸਿਵਾਨ ਜ਼ਿਲ੍ਹੇ ਦੇ ਮੈਰਵਾ ਵਿੱਚ ਸਿਤਾਰਾ ਦਾ ਘਰ ਅਜ਼ਮਾਉਣਗੇ, ਜਿੱਥੇ ਉਹਨਾਂ ਨੂੰ ਉਮੀਦ ਹੈ ਕਿ ਘੱਟ ਵਿਰੋਧ ਹੋਵੇਗਾ।
ਦਿੱਲੀ ਵਿੱਚ ਇਹ ਪਰਿਵਾਰ ਕਨਾਉਨੀ ਪਿੰਡ ਦੀ ਐਕਸਟੈਂਸ਼ਨ ਦੀਆਂ ਝੁੱਗੀਆਂ ਵਿੱਚ ਇੱਕ ਕਮਰੇ ਵਿੱਚ ਰਹਿੰਦਾ ਹੈ। “ਮਹੀਨੇ ਵਿੱਚ 20 ਕੁ ਦਿਨ ਕੰਮ ਮਿਲਦਾ ਹੈ,” ਸੋਨੂੰ ਨੇ ਦੱਸਿਆ। “ਚੰਗੇ ਵੇਲੇ ਅਸੀਂ ਦੋਵਾਂ ਨੇ 10-10,000 (ਰੁਪਏ) ਮਹੀਨੇ ਦੇ ਕਮਾਏ ਨੇ,” ਲੰਬਾ ਸਾਹ ਲੈਂਦਿਆਂ ਉਹਨੇ ਦੱਸਿਆ ਕਿ ਕਿਵੇਂ ਘਰੇਲੂ ਰਸੋਈ ਗੈਸ ਦੀ ਕਿੱਲਤ ਨੇ ਉਹਦੀ ਘਰੇਲੂ ਆਰਥਿਕਤਾ ਵਿਗਾੜ ਦਿੱਤੀ ਹੈ।






