ਝੁਨੂ ਸਵਾਲ ਲੈ ਲੈ ਕੇ ਪੱਤੇ ਖਾ ਰਹੀ ਹੈ। ਉਂਝ ਇਹ ਪੱਤੇ ਉਹਦੀ ਖ਼ੁਰਾਕ ਦਾ ਹਿੱਸਾ ਤਾਂ ਨਹੀਂ ਹਨ ਪਰ ਮੂੰਹ ਦਾ ਸਵਾਦ ਬਦਲਣ ਦਾ ਉਹਦਾ ਇਹ ਵਿਕਲਪ ਬੜਾ ਹੀ ਵਧੀਆ ਹੈ।
ਇਸ ਪਾਲਤੂ ਪਿਆਰੀ ਬੱਕਰੀ ਦਾ ਇਓਂ ਪੱਤੇ ਚੱਬਣਾ ਕਲਿਆਣੀ ਪਾਤਰਾ ਨੂੰ ਥੋੜ੍ਹੀ ਪਰੇਸ਼ਾਨੀ ਵਿੱਚ ਜ਼ਰੂਰ ਪਾਉਂਦਾ ਹੈ, ਜੋ ਇਨ੍ਹਾਂ ਲੰਬੇ-ਲੰਬੇ ਪੱਤਿਆਂ ਨਾਲ਼ ਟੋਪ ਬਣਾ ਰਹੇ ਹਨ। ਇਸੇ ਸੋਚ ਨਾਲ਼ ਇਸ ਮਹਿਲਾ ਕਾਰੀਗਰ ਨੇ ਆਪਣੀ ਪਿਆਰੀ ਬੱਕਰੀ, ਝੁਨੂ ਦੇ ਸਿਰ 'ਤੇ ਥਪਕੀ ਦਿੱਤੀ, ਇੱਕ ਹਿਸਾਬੇ ਉਸ ਨੂੰ ਰੋਕਣ ਲਈ ਜੋ ਉਨ੍ਹਾਂ ਦਾ ਕੱਚਾ ਮਾਲ਼ ਹੀ ਖਾਈ ਜਾ ਰਹੀ ਹੈ।
ਇਸ ਗੱਲੋਂ ਸ਼ੁਕਰ ਆ ਖ਼ਜੂਰ ਦਾ ਇਹ ਰੁੱਖ ਕੋਈ 30 ਮੀਟਰ ਉੱਚਾ ਹੁੰਦਾ ਹੈ। ''ਵੱਡੀ ਦਿੱਕਤ ਤਾਂ ਹੈ ਖ਼ਜ਼ੂਰ ਦੇ ਪੱਤਿਆਂ ਤੱਕ ਅਪੜਨਾ। ਬੰਗਾਲ ਦੇ ਸਭ ਤੋਂ ਉੱਚੇ ਰੁੱਖ 'ਤੇ ਚੜ੍ਹਨਾ ਖਾਲਾ ਜੀ ਦਾ ਵਾੜਾ ਨਹੀਂ। ਰੁੱਖਾਂ ਦੀ ਤਾਂ ਕੋਈ ਘਾਟ ਨਹੀਂ ਪਰ ਉਨ੍ਹਾਂ 'ਤੇ ਚੜ੍ਹਨ ਦਾ ਹੁਨਰ ਹੁਣ ਅਲੋਪ ਹੁੰਦਾ ਜਾ ਰਿਹਾ ਏ,'' 50 ਸਾਲਾ ਕਲਿਆਣੀ ਕਹਿੰਦੇ ਹਨ।
ਇਸੇ ਕਲਾ ਦੀ ਇੱਕ ਹੋਰ ਮਾਹਰ ਤੇ ਕਲਿਆਣੀ ਦੀ ਗੁਆਂਢਣ ਛਾਇਆ ਪ੍ਰਮਾਨਿਕ ਸਹਿਮਤੀ ਜਤਾਉਂਦਿਆਂ ਕਹਿੰਦੇ ਹਨ,''ਪਹਿਲਾਂ, ਬੰਦੇ ਪੱਤੇ ਤੋੜ ਲਿਆ ਕਰਦੇ। ਪਰ ਅੱਜ ਦੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਖ਼ਜ਼ੂਰ 'ਤੇ ਚੜ੍ਹਨਾ ਕਿਵੇਂ ਆ।'' ਫਿਰ ਪ੍ਰਮਾਨਿਕ ਨੇ ਜਿਵੇਂ ਗੱਲ ਦਾ ਤੱਤ ਹੀ ਫੜ੍ਹ ਲਿਆ ਹੋਵੇ: ''ਤੇ ਸਮਾਂ ਹੀ ਕੀਹਦੇ ਕੋਲ਼ ਆ ਰੁੱਖ 'ਤੇ ਚੜ੍ਹਨ ਦਾ?''
ਕਲਿਆਣੀ ਤੇ ਛਾਇਆ ਅਖੁੜੀ ਡੋਮ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀਆਂ ਹਨ ਜਿਹਦੇ ਲੋਕ ਪੀੜ੍ਹੀਆਂ ਤੋਂ ਖ਼ਜ਼ੂਰ ਦੇ ਪੱਤਿਆਂ ਤੋਂ ਸਮਾਨ ਬਣਾਉਂਦੇ ਆਏ ਹਨ। ''ਸਾਡੇ ਗੁਆਂਢੀ ਖ਼ਜ਼ੂਰ ਦੇ ਪੱਤਿਆਂ ਤੇ ਬਾਂਸ ਦਾ ਸਮਾਨ ਬਣਾਉਣ ਲਈ ਮਸ਼ਹੂਰ ਰਹੇ ਹਨ,'' ਕਲਿਆਣੀ ਕਹਿੰਦੇ ਹਨ ਤੇ ਗੱਲ ਕਰਦਿਆਂ ਵੀ ਉਨ੍ਹਾਂ ਦੇ ਹੱਥ ਬੁਣਨੋਂ ਨਹੀਂ ਹਟਦੇ। ''ਪਹਿਲਾਂ ਜਦੋਂ ਵੀ ਸਾਡੇ ਭਾਈਚਾਰੇ ਵਿੱਚ ਵਿਆਹ ਹੁੰਦਾ ਤਾਂ ਕੁੜੀ ਤੇ ਮੁੰਡੇ ਦਾ ਬਾਂਸ ਦੀ ਬੁਣਾਈ ਵਿੱਚ ਨਿਪੁੰਨ ਹੋਣਾ ਪਹਿਲੀ ਸ਼ਰਤ ਹੁੰਦਾ ਸੀ।'' ਪਰ ਅੱਜ ਸਾਡੇ ਡੋਮ ਭਾਈਚਾਰੇ (ਸੂਬੇ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ) ਦੀਆਂ ਔਰਤਾਂ ਨੇ ਹੀ ਇਹ ਕੰਮ ਜਾਰੀ ਰੱਖਿਆ ਹੋਇਆ ਹੈ। ਉਹ ਖ਼ਜ਼ੂਰ ਦੇ ਪੱਤਿਆਂ ਤੇ ਬਾਂਸ ਨਾਲ਼ ਟੋਪ, ਹੱਥ-ਪੱਖੀ ਤੇ ਹੋਰ ਵੀ ਵਸਤਾਂ ਬਣਾਉਂਦੀਆਂ ਹਨ।''


























