“ਇਹ ਕਿਸੇ ਹੋਰ ਨੂੰ ਜਿਤਾ ਰਹੇ ਨੇ, ਸਾਡੇ ਅੱਗੇ ਕੋਈ ਕੁੜੀ ਨਹੀਂ ਸੀ,” ਅਥਲੀਟ ਜਸਪਾਲ, ਰਮਨਦੀਪ ਤੇ ਉਹਨਾਂ ਨਾਲ ਦੀਆਂ ਕੁੜੀਆਂ ਇੱਕੋ ਸੁਰ ਵਿੱਚ ਆਪਣੇ ਕੋਚ ਕੋਲ ਸ਼ਿਕਾਇਤ ਲਾ ਰਹੀਆਂ ਹਨ। ਦਰਜਣ ਭਰ ਅਥਲੀਟ ਅੰਮ੍ਰਿਤਸਰ ਜ਼ਿਲ੍ਹੇ ਤੋਂ ਚੰਡੀਗੜ੍ਹ ਵਿੱਚ ਇੱਕ ਮੈਰਾਥਨ ਰੇਸ ਵਿੱਚ ਸ਼ਾਮਲ ਹੋਣ ਲਈ 200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਹਨ, ਤੇ ਉਹ ਗੁੱਸੇ ਵਿੱਚ ਲੱਗ ਰਹੇ ਹਨ।
ਇਹ ਸਭ ਉਦੋਂ ਹੋ ਰਿਹਾ ਹੈ ਜਦ 5 ਕਿਲੋਮੀਟਰ ਦੀ ਰੇਸ ਵਿੱਚ ਦੂਜੇ ਸਥਾਨ ਦੇ ਇਨਾਮ ਲਈ ਜਸਪਾਲ ਕੌਰ ਦਾ ਨਾਮ ਐਲਾਨਿਆ ਜਾ ਰਿਹਾ ਹੈ। ਉਹ ਜਾਣਦੇ ਹਨ ਕਿ ਜਸਪਾਲ ਪਹਿਲੇ ਸਥਾਨ ’ਤੇ ਰਹੀ ਹੈ, ਨਾ ਕਿ ਦੂਸਰੇ ’ਤੇ, ਕਿਉਂਕਿ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰੇਸ ਵਿੱਚ ਸਭ ਤੋਂ ਅੱਗੇ ਸੀ। ਪਰ ਫਿਰ ਵੀ 5,000 ਰੁਪਏ ਦਾ ਨਕਦ ਇਨਾਮ ਕਿਸੇ ਹੋਰ ਦੇ ਨਾਂ ਐਲਾਨਿਆ ਜਾ ਰਿਹਾ ਸੀ।
ਜਸਪਾਲ ਸਟੇਜ ’ਤੇ ਜਾ ਦੂਜੇ ਸਥਾਨ ਦਾ ਇਨਾਮ ਲੈਣ ਤੋਂ ਨਾਂਹ ਕਰ ਦਿੰਦੀ ਹੈ, ਸਗੋਂ ਉਹ ਤੇ ਉਹਦੇ ਕੋਚ ਸਟੇਜ ’ਤੇ ਅਤੇ ਹੇਠਾਂ ਇੱਕ ਤੋਂ ਦੂਜੇ ਸ਼ਖਸ ਕੋਲ ਜਾ ਕੇ ਇਸ ਫੈਸਲੇ ’ਤੇ ਸਵਾਲ ਚੁੱਕਦੇ ਹਨ, ਆਪਣੀ ਗੱਲ ਬਿਆਨ ਕਰਦੇ ਹਨ, ਤੇ ਨਿਆਂ ਦੀ ਮੰਗ ਕਰਦੇ ਹਨ। ਅੰਤ ਵਿੱਚ ਆਪਣੇ ਕੋਚ ਦੇ ਕਹਿਣ ’ਤੇ ਜਸਪਾਲ ਦੂਜੇ ਸਥਾਨ ਦਾ ਇਨਾਮ, ਵੱਡਾ ਸਾਰਾ ਪਲਾਸਟਿਕ ਦਾ ਚੈੱਕ ਜਿਸ ਉੱਤੇ 3,100 ਰੁਪਏ ਲਿਖਿਆ ਹੋਇਆ ਹੈ, ਪਰਵਾਨ ਕਰ ਲੈਂਦੀ ਹੈ।
ਜਸਪਾਲ ਨੂੰ ਹੈਰਾਨੀ ਉਦੋਂ ਹੋਈ ਜਦ ਮਹੀਨੇ ਬਾਅਦ, ਅਪ੍ਰੈਲ 2023 ਵਿੱਚ, ਜਸਪਾਲ ਦੇ ਖਾਤੇ ਵਿੱਚ 5,000 ਰੁਪਏ ਜਮ੍ਹਾਂ ਹੋ ਗਏ। ਜਸਪਾਲ ਨੂੰ ਕੁਝ ਦੱਸਿਆ ਨਹੀਂ ਗਿਆ ਤੇ ਨਾ ਹੀ ਸਥਾਨਕ ਅਖਬਾਰਾਂ ਵਿੱਚ ਕੁਝ ਰਿਪੋਰਟ ਹੋਇਆ। ਨਤੀਜੇ ਵਾਲੀ ਸਮਾਂ ਵਿਵਸਥਾ ਵੈਬਸਾਈਟ ਰਨੀਜ਼ੇਨ (Runizen) ’ਤੇ 23.07 ਮਿੰਟਾਂ ਦੇ ਗੰਨ ਟਾਈਮ (ਰੇਸ ਦਾ ਸਮਾਂ) ਨਾਲ 5 ਕਿਲੋਮੀਟਰ ਰੇਸ ਦੀ ਜੇਤੂ ਵਜੋਂ ਉਸੇ ਦਾ ਨਾਮ ਦਰਜ ਹੈ। ਉਸ ਸਾਲ ਦੀਆਂ ਇਨਾਮ ਵੰਡ ਸਮਾਰੋਹ ਦੀਆਂ ਤਸਵੀਰਾਂ ਵਿੱਚ ਉਹਦੀ ਤਸਵੀਰ ਨਹੀਂ ਹੈ। ਪਰ ਜਸਪਾਲ ਨੇ ਅਜੇ ਵੀ ਆਪਣੇ ਬਹੁਤ ਸਾਰੇ ਮੈਡਲਾਂ ਨਾਲ ਉਹ ਵੱਡਾ ਸਾਰਾ ਚੈਕ ਸਾਂਭ ਰੱਖਿਆ ਹੈ।
2024 ਵਿੱਚ ਅਗਲੀ ਮੈਰਾਥਨ ਵੇਲੇ ਲੜਕੀਆਂ ਨਾਲ ਜਾਂਦਿਆਂ, ਇਸ ਪੱਤਰਕਾਰ ਨੂੰ ਆਯੋਜਕਾਂ ਕੋਲੋਂ ਪਤਾ ਲੱਗਾ ਕਿ ਪਿਛਲੇ ਸਾਲ ਜਸਪਾਲ ਦੇ ਮੁਕਾਬਲੇ ਵਾਲੀ ਲੜਕੀ ਨੂੰ ਵੀਡੀਓ ਫੁਟੇਜ ਦੀ ਜਾਂਚ ਤੋਂ ਬਾਅਦ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਉਹ ਸਮਝ ਗਏ ਕਿ ਲੜਕੀਆਂ ਸਹੀ ਰੌਲਾ ਪਾ ਰਹੀਆਂ ਸਨ। ਰੇਸ ਬਿਬ ਦੇ ਜ਼ਰੀਏ ਧੋਖਾ ਕੀਤਾ ਗਿਆ ਸੀ। ਇੱਥੋਂ ਸਮਝ ਵਿੱਚ ਆਇਆ ਕਿ ਜਸਪਾਲ ਦੇ ਖਾਤੇ ਵਿੱਚ ਪਹਿਲੇ ਇਨਾਮ ਦੀ ਰਾਸ਼ੀ ਕਿਵੇਂ ਪਹੁੰਚੀ।
ਨਕਦ ਇਨਾਮ ਜਸਪਾਲ ਲਈ ਅਹਿਮ ਹਨ। ਜੇ ਉਹ ਲੋੜ ਮੁਤਾਬਕ ਪੈਸੇ ਜੋੜ ਲਵੇ ਤਾਂ ਦੁਬਾਰਾ ਕਾਲਜ ਜਾ ਸਕਦੀ ਹੈ। ਜਸਪਾਲ ਨੇ ਦੋ ਸਾਲ ਪਹਿਲਾਂ ਇੱਕ ਨਿਜੀ ਯੂਨੀਵਰਸਿਟੀ ਵਿੱਚ ਆਨਲਾਈਨ ਬੀਏ (ਆਰਟਸ) ਦੀ ਪੜ੍ਹਾਈ ਸ਼ੁਰੂ ਕੀਤੀ ਸੀ। “ਪਰ ਮੈਂ ਸਿਰਫ਼ ਪਹਿਲੇ ਸਮੈਸਟਰ ਦੀ ਪੜ੍ਹਾਈ ਹੀ ਪੂਰੀ ਕਰ ਪਾਈ,” ਉਹਨੇ ਦੱਸਿਆ। “ਹਰ ਸਮੈਸਟਰ ਲਈ ਮੈਨੂੰ ਇਮਤਿਹਾਨ ਵਿੱਚ ਬੈਠਣ ਲਈ ਕਰੀਬ 15,000 ਰੁਪਏ ਦੇਣੇ ਪੈਂਦੇ ਹਨ। ਪਹਿਲੇ ਸਮੈਸਟਰ ਵਿੱਚ ਮੈਂ (ਪਿੰਡ ਦੇ ਨੁਮਾਇੰਦਿਆਂ ਤੇ ਸਕੂਲ ਪ੍ਰਤੀਨਿਧੀਆਂ ਵੱਲੋਂ ਨੈਸ਼ਨਲ ਜਿੱਤਣ ਲਈ ਦਿੱਤੇ) ਨਕਦ ਇਨਾਮਾਂ ਨਾਲ ਫ਼ੀਸ ਭਰੀ ਸੀ। ਪਰ ਉਸ ਤੋਂ ਬਾਅਦ ਮੈਂ ਅੱਗੇ ਕੋਈ ਸਮੈਸਟਰ ਪੂਰਾ ਨਹੀਂ ਕਰ ਪਾਈ ਕਿਉਂਕਿ ਪੈਸੇ ਨਹੀਂ ਸਨ।”
22 ਸਾਲਾ ਜਸਪਾਲ ਆਪਣੇ ਪਰਿਵਾਰ ਵਿੱਚੋਂ ਕਾਲਜ ਜਾਣ ਵਾਲੀ ਪਹਿਲੀ ਤੇ ਆਪਣੇ ਪਿੰਡ ਦੇ ਮਜ਼ਹਬੀ ਸਿੱਖ ਭਾਈਚਾਰੇ, ਜੋ ਪੰਜਾਬ ਵਿੱਚ ਸਭ ਤੋਂ ਪਛੜੀਆਂ ਜਾਤੀਆਂ ਵਿੱਚ ਆਉਂਦਾ ਹੈ, ਵਿਚਲੀਆਂ ਕੁਝ ਹੀ ਕੁੜੀਆਂ ਵਿੱਚੋਂ ਇੱਕ ਹੈ। ਜਸਪਾਲ ਦੀ ਮਾਂ, 47 ਸਾਲਾ ਬਲਜਿੰਦਰ ਕੌਰ ਪੰਜ ਜਮਾਤਾਂ ਪੜ੍ਹੀ ਹੈ ਤੇ ਉਹਦੇ ਪਿਤਾ, 50 ਸਾਲਾ ਬਲਕਾਰ ਸਿੰਘ ਸਕੂਲ ਨਹੀਂ ਗਏ। ਉਹਦੇ ਵੱਡੇ ਭਰਾ, 24 ਸਾਲਾ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿੰਡ ਕੋਹਾਲੀ ਨੇੜੇ ਉਸਾਰੀ ਦੇ ਕੰਮ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਲਈ 12ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ; ਉਹਦੇ ਛੋਟੇ ਭਰਾ, 17 ਸਾਲਾ ਆਕਾਸ਼ਦੀਪ ਸਿੰਘ ਨੇ ਹਾਲ ਹੀ ਵਿੱਚ 12ਵੀਂ ਜਮਾਤ ਪਾਸ ਕੀਤੀ ਹੈ।


















