ਉਦਾਸ ਲਹਿਜੇ ਵਿੱਚ ਸੰਕੇਤ ਲੋਖੰਡੇ ਕਹਿੰਦੇ ਹਨ, “ਮੈਂ 12ਵੀਂ ਦੀ ਬੋਰਡ ਪ੍ਰੀਖਿਆ ਦਿੱਤੀ ਸੀ। ਆਰਟਸ ਦੇ ਨਤੀਜੇ ਜੂਨ ਵਿੱਚ ਆਉਣ ਵਾਲ਼ੇ ਸਨ। ਅੱਗੇ ਕੀ ਕਰਨਾ ਹੈ, ਇਹ ਸਾਫ਼ ਨਹੀਂ ਸੀ। ਪਰ ਮੈਂ ਕਾਲਜ ਜਾਣਾ ਚਾਹੁੰਦਾ ਸਾਂ ਅਤੇ ਡਿਗਰੀ ਲੈਣੀ ਚਾਹੁੰਦਾ ਸੀ। ਇਹ 2021 ਦੀ ਗੱਲ ਹੈ, ਜਦੋਂ ਉਹ ਕਿਸੇ ਵੀ 18 ਸਾਲਾ ਮੁੰਡੇ ਵਾਂਗ ਜੋਸ਼ ਨਾਲ਼ ਭਰੇ ਹੋਏ ਸਨ। ਹੁਣ ਗੱਲ ਕਰਦੇ-ਕਰਦੇ ਉਨ੍ਹਾਂ ਨੂੰ ਸਾਹ ਚੜ੍ਹ ਜਾਂਦਾ ਹੈ। ਵਿਹੜੇ ਵਿੱਚ ਡੱਠੀ ਮੰਜੀ 'ਤੇ ਬੈਠੇ ਸੰਕੇਤ ਨੇ ਕੂਹਣੀਆਂ ਆਪਣੇ ਗੋਡਿਆਂ 'ਤੇ ਟਿਕਾਈਆਂ ਹੋਈਆਂ ਹਨ। ਥਕਾਵਟ ਉਨ੍ਹਾਂ ਦੇ ਸਰੀਰ ਵਿੱਚ ਸਾਫ਼ ਦਿਖ ਰਹੀ ਹੈ। ਇਸ ਹਫ਼ਤੇ ਦੀ ਡਾਇਲਿਸਿਸ ਹੋਇਆਂ ਚਾਰ ਦਿਨ ਹੋ ਚੁੱਕੇ ਹਨ।
ਉਹ ਦੱਸਦੇ ਹਨ,“ਬੋਰਡ ਇਮਤਿਹਾਨ ਦੇ ਕੁਝ ਹਫ਼ਤਿਆਂ ਬਾਅਦ ਹੀ ਸਾਹ ਫੁੱਲਣ ਲੱਗਾ। ਮਾੜਾ ਜਿੰਨਾ ਤੁਰਨ 'ਤੇ ਹੀ ਪੂਰੀ ਤਰ੍ਹਾਂ ਥੱਕ ਜਾਂਦਾ।'' ਵਧੀਆ ਇਲਾਜ ਲਈ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਨਿਮਗਾਂਓਂ ਭੋਗੀ ਤੋਂ ਲਗਭਗ 64 ਕਿਲੋਮੀਟਰ ਦੂਰ ਅਹਿਲਿਆਨਗਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ। ਪਰ ਜਦ ਤੱਕ ਨਤੀਜੇ ਆਏ, ਉਨ੍ਹਾਂ ਦੀ ਕਿਡਨੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਸੀ ਅਤੇ ਉਹ ਘਰ ਹੀ ਬੱਝ ਕੇ ਰਹਿ ਗਏ।
47 ਸਾਲਾ ਮਨੀਸ਼ਾ ਕਹਿੰਦੀ ਹੈ,“ਡਾਕਟਰਾਂ ਨੇ ਕਿਹਾ ਕਿ ਜੋ ਪਾਣੀ ਅਸੀਂ ਪੀਂਦੇ ਹਾਂ, ਉਹੀ ਇਸਦਾ ਕਾਰਨ ਹੋ ਸਕਦਾ ਹੈ। ਅਸੀਂ ਸਾਰੇ ਤਲਾਬ ਦਾ ਪਾਣੀ ਪੀਂਦੇ ਸਾਂ, ਜੋ ਸ਼ਾਇਦ ਦੂਸ਼ਿਤ ਹੋ ਚੁੱਕਾ ਸੀ। ਸਾਨੂੰ ਇਸਦਾ ਅਹਿਸਾਸ ਉਦੋਂ ਤੱਕ ਨਾ ਹੋਇਆ, ਜਦ ਤੱਕ ਸਾਡਾ ਪੁੱਤਰ ਬੀਮਾਰ ਨਹੀਂ ਪੈ ਗਿਆ।”
ਉਹ ਪਾਜ਼ਰ ਤਲਾਬ ਬਾਰੇ ਗੱਲ ਕਰ ਰਹੀ ਸੀ। ਇਹ ਐਸੀ ਝੀਲ ਹੈ ਜਿਸ ਵਿੱਚ ਜ਼ਮੀਨਦੋਜ਼ ਪਾਣੀ ਰਿਸ-ਰਿਸ ਸਤ੍ਹਾ 'ਤੇ ਭਰਦਾ ਰਹਿੰਦਾ ਹੈ। ਇਹ ਨੂੰ ਲਗਭਗ ਪੰਜਾਹ ਸਾਲ ਪਹਿਲਾਂ ਇੱਕ ਰੋਹੀ (ਡ੍ਰੇਨ) ਦੇ ਉੱਪਰ ਬਣਾਇਆ ਗਿਆ ਸੀ। ਪਿੰਡ ਦੇ ਲਗਭਗ 330 ਪਰਿਵਾਰ ਘਰ ਅਤੇ ਖੇਤੀਬਾੜੀ ਦੇ ਕੰਮ ਲਈ ਇਸੇ ਝੀਲ ਦੇ ਪਾਣੀ 'ਤੇ ਨਿਰਭਰ ਹਨ। ਪਰ ਪਿਛਲੇ 12 ਤੋਂ 15 ਸਾਲਾਂ ਵਿੱਚ ਪਿੰਡ ਵਿੱਚ ਕੈਂਸਰ ਅਤੇ ਗੁਰਦੇ ਫੇਲ੍ਹ ਹੋਣ ਦੇ ਮਾਮਲੇ ਵੱਧ ਗਏ ਹਨ।
ਮਨੀਸ਼ਾ ਕਹਿੰਦੀ ਹੈ,“ਡਾਕਟਰਾਂ ਨੇ ਸਾਨੂੰ ਦੱਸਿਆ ਕਿ ਲੰਬੇ ਸਮੇਂ ਤੱਕ ਗੰਦਾ ਪਾਣੀ ਪੀਣ ਨਾਲ਼ ਗੁਰਦਾ ਖ਼ਰਾਬ ਹੋ ਜਾਂਦਾ ਹੈ। ਸਾਡੇ ਪਿੰਡ ਵਿੱਚ ਬਹੁਤ ਸਾਰੇ ਲੋਕ ਗੁਰਦੇ ਫੇਲ੍ਹ ਕਾਰਨ ਪਰੇਸ਼ਾਨ ਹਨ।” ਇਸੇ ਇੱਕ ਹੀ ਰਿਪੋਰਟਿੰਗ ਦੌਰਾਨ ਮੈਨੂੰ ਲਗਭਗ ਪੰਜ ਅਜਿਹੇ ਪਰਿਵਾਰ ਮਿਲ਼ੇ, ਜਿੱਥੇ ਘੱਟੋ-ਘੱਟ ਇੱਕ ਵਿਅਕਤੀ ਡਾਇਲਿਸਿਸ 'ਤੇ ਹੈ।






















