''ਹੁਣ ਸਾਨੂੰ ਉਹਨਾਂ ਦੇ ਖੇਤਾਂ 'ਚ ਵੜ੍ਹਨ ਦੀ ਉੱਕਾ ਲੋੜ ਨਹੀਂ। ਹੁਣ ਅਸੀਂ ਆਪਣੇ ਜੋਗੇ ਦਾਣੇ ਅਤੇ ਆਪਣੇ ਪਸ਼ੂਆਂ ਲਈ ਚਾਰਾ ਖ਼ੁਦ ਪੈਦਾ ਕਰਦੇ ਹਾਂ। ਜਿੱਥੇ ਤੀਕ ਤੁਹਾਡੀ ਨਜ਼ਰ ਜਾਂਦੀ ਹੈ, ਉੱਥੇ ਤੀਕ ਇਹ ਜ਼ਮੀਨ ਹੁਣ ਸਾਡੀ ਹੈ।'' ਮਾਣ ਨਾਲ਼ ਆਪਣੀਆਂ ਬਾਹਵਾਂ ਫੈਲਾ ਕੇ ਇਹ ਦੱਸਦੀ ਹੋਈ ਰਜਿੰਦਰ ਕੌਰ ਉਹਨਾਂ 125 ਕਿੱਲਿਆਂ ਵੱਲ ਇਸ਼ਾਰਾ ਕਰਦੀ ਹੈ, ਜੋ ਇਸ ਪਿੰਡ ਦੇ ਦਲਿਤਾਂ ਨੇ, ਮੁਲਕ ਦੇ ਅਜ਼ਾਦ ਹੋਣ ਤੋਂ 67 ਸਾਲ ਬਾਅਦ ਸੰਨ 2014 ਵਿੱਚ ਉੱਚ-ਜਾਤੀ ਸਮੂਹਾਂ ਨਾਲ਼ ਲੰਬੀ ਜੱਦੋ ਜਹਿਦ ਤੋਂ ਬਾਅਦ ਹਾਸਲ ਕੀਤੀ ਸੀ।
ਬਾਲਦ ਕਲਾਂ ਪਿੰਡ ਦੀ ਤਕਰੀਬਨ ਹਰ ਦਲਿਤ ਔਰਤ ਦੇ ਜ਼ਿਹਨ ਵਿੱਚ ਮਿਲ਼ਦੀ-ਜੁਲ਼ਦੀ ਇੱਕ ਕਹਾਣੀ ਹੈ - ਕਿ ਕਿਵੇਂ ਉੱਚ-ਜਾਤੀਆਂ ਦੇ ਖੇਤਾਂ ਵਿੱਚ ਮਹਿਜ਼ ਇੱਕ ਪੈੜ ਪੁੱਟਣ ਨਾਲ਼ ਦਲਿਤ ਔਰਤਾਂ ਨੂੰ ਉਹਨਾਂ ਦੀ "ਔਕਾਤ ਯਾਦ" ਕਰਾ ਦਿੱਤੀ ਜਾਂਦੀ ਸੀ। ਭਾਵੇਂਕਿ ਨਮੋਸ਼ੀਆਂ ਅਤੇ ਜਲਾਲਤਾਂ ਨਾਲ਼ ਲੱਦੇ ਅਜਿਹੇ ਹਜ਼ਾਰਾਂ ਕਿੱਸੇ ਅੱਜ ਵੀ ਇਹਨਾਂ ਔਰਤਾਂ ਦੇ ਚੇਤਿਆਂ 'ਚ ਕਿਤੇ ਡੂੰਘੇ ਸਾਂਭੇ ਪਏ ਹਨ, ਪਰ ਇੰਜ ਜਾਪਦਾ ਹੈ ਕਿ ਇਹਨਾਂ ਦੁਆਰਾ ਲੜੇ ਗਏ ਸ਼ਾਨਾਮੱਤੇ ਸੰਘਰਸ਼ ਨੇ ਅਜਿਹੀਆਂ ਕੌੜੀਆਂ ਯਾਦਾਂ ਨੂੰ ਹੁਣ ਬੀਤੇ ਦੀ ਕੋਈ ਬਾਤ ਬਣਾ ਦਿੱਤਾ ਹੈ।
ਪੰਚਾਇਤੀ ਜ਼ਮੀਨਾਂ 'ਚ ਕਾਨੂੰਨ ਮੁਤਾਬਕ ਬਣਦੇ ਆਪਣੇ ਤੀਜੇ ਹਿੱਸੇ 'ਤੇ ਆਪਣੀ ਲਾਣੇਦਾਰੀ ਕਾਇਮ ਕਰਨ ਲਈ ਦਲਿਤਾਂ ਨੇ ਡਾਢਾ ਸੰਘਰਸ਼ ਲੜਿਆ ਹੈ। ਦਲਿਤਾਂ ਲਈ ਇਹ ਅਧਿਕਾਰ "ਪੰਜਾਬ ਪਿੰਡ ਦੀਆਂ ਸਾਂਝੀਆਂ ਜ਼ਮੀਨਾਂ (ਰੈਗੂਲੇਸ਼ਨ) ਐਕਟ, 1961 'ਚ ਦਰਜ ਹੈ। ਸੰਨ 2014 ਤੋਂ ਲੈ ਕੇ ਹੁਣ ਤੱਕ, ਦਲਿਤਾਂ ਨੇ ਇਹਨਾਂ ਸੰਘਰਸ਼ਾਂ ਦੇ ਬਲਬੁਤੇ ਦੱਖਣੀ ਪੰਜਾਬ ਦੇ 162 ਪਿੰਡਾਂ ਅੰਦਰ ਤਕਰੀਬਨ 20,000 ਵਿੱਘੇ (4210 ਏਕੜ) ਜ਼ਮੀਨ 'ਤੇ ਵਾਹੀ ਖ਼ਾਤਰ ਆਪਣਾ ਅਧਿਕਾਰ ਕਾਇਮ ਕੀਤਾ ਹੈ ਅਤੇ ਹੁਣ ਇੱਕ ਵਾਰ ਫਿਰ ਦਲਿਤ ਟਾਕਰੇ ਦੀ ਇੱਕ ਨਵੀਂ ਇਬਾਰਤ ਲਿਖ ਰਹੇ ਹਨ। ਸੰਘਰਸ਼ ਦੇ ਇਸ ਨਵੇਂ ਦੌਰ 'ਚ ਹੁਣ ਉਹ ਉੱਚ-ਜਾਤੀ ਪਰਿਵਾਰਾਂ ਦੀਆਂ ਉਹਨਾਂ ਜ਼ਮੀਨਾਂ 'ਤੇ ਆਪਣਾ ਹੱਕ ਜਤਾ ਰਹੇ ਹਨ, ਜੋ ਉੱਚੀਆਂ ਜਾਤਾਂ ਵੱਲੋਂ ਲੈਂਡ ਸੀਲਿੰਗ ਐਕਟ, 1972 ਦੁਆਰਾ ਮਿੱਥੀ ਸੀਮਾ ਉਲੰਘ ਕੇ ਵਾਹੀਆਂ ਜਾ ਰਹੀਆਂ ਹਨ।
ਕੌਮੀ ਰਾਜਮਾਰਗ 7 'ਤੇ ਸੰਗਰੂਰ ਤੋਂ ਪਟਿਆਲਾ ਦੇ ਰਾਹ 'ਚ ਵਸਦਾ ਬਾਲਦ ਕਲਾਂ ਉਹ ਪਿੰਡ ਹੈ ਜਿਸਨੇ ਇਸ ਲਹਿਰ ਨੂੰ ਪਰਿਭਾਸ਼ਤ ਕਰਦੇ ਬਿਹਤਰੀਨ ਪਲਾਂ ਦੇ ਦੀਦਾਰ ਕੀਤੇ ਹਨ। ਇਹੀ ਉਹ ਪਿੰਡ ਹੈ ਜਿੱਥੇ ਰਜਿੰਦਰ ਕੌਰ ਵਰਗੀਆਂ ਔਰਤਾਂ ਬੇਖ਼ੌਫ ਹੋ ਕੇ ਉਹਨਾਂ ਕਰਾਮਾਤਾਂ ਅਤੇ ਚਮਤਕਾਰਾਂ ਨੂੰ ਬਿਆਨ ਕਰ ਸਕਦੀਆਂ ਹਨ, ਜੋ ਸਿਰਫ਼ ਤੇ ਸਿਰਫ਼ ਉਹਨਾਂ ਦੀ ਸਮੂਹਿਕ ਜੱਦੋ-ਜਹਿਦ ਦਾ ਸਿੱਟਾ ਹਨ। ਹੱਕ ਸੱਚ ਲਈ ਲੜੀਆਂ ਜਾਂਦੀਆਂ ਲੜਾਈਆਂ ਬਾਲਦ ਕਲਾਂ ਲਈ ਕੋਈ ਨਵਾਂ ਵਰਤਾਰਾ ਨਹੀਂ ਹਨ। ਚੰਗੇਰੇ ਸਮਾਜ ਦੀ ਸਿਰਜਣਾ ਖ਼ਾਤਰ ਕੁਰਬਾਨ ਹੋ ਜਾਣ ਵਾਲ਼ਿਆਂ ਦੀਆਂ ਸਮਾਧਾਂ, ਜੋ ਬਾਲਦ ਕਲਾਂ ਦੀ ਫਿਰਨੀ 'ਤੇ ਮੌਜੂਦ ਹਨ, ਇਸ ਪਿੰਡ ਦੇ ਸੰਘਰਸ਼ਮਈ ਇਤਿਹਾਸ ਦੀ ਸ਼ਾਹਦੀ ਭਰਦੀਆਂ ਹਨ।













