“ਕੁਝ ਸਾਲ ਪਹਿਲਾਂ ਜੇ ਅਸੀਂ ਤਲਾਬ ਬਣਵਾਉਣ ਜਾਂ ਕਿਸੇ ਹੋਰ ਮਸਲੇ ਉੱਤੇ ਗੱਲ ਬਾਰੇ ਸੋਚਦੇ ਅਤੇ ਗ੍ਰਾਮ ਸਭਾ ਦੇ ਸਰਪੰਚ ਜਾਂ ਪ੍ਰਧਾਨ ਦੇ ਸਾਹਮਣੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਵੀ ਕਰਦੇ ਤਾਂ ਸਾਡੀ ਗੱਲ ਨਾ ਸੁਣੀ ਜਾਂਦੀ,” ਗੋਦਾਵਰੀ ਮਰਾਵੀ ਦੱਸਦੇ ਹਨ।
ਪਰ ਹੁਣ ਸਥਿਤੀਆਂ ਬਦਲ ਚੁੱਕੀਆਂ ਹਨ। ਇਸ ਬਦਲਾਵ ਮਗਰ ਔਰਤਾਂ ਦੇ ਅਸੀਮ ਧੀਰਜ ਅਤੇ ਦ੍ਰਿੜ ਇਛਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਅਜਿਹੀਆਂ ਹੀ ਕੁਝ ਔਰਤਾਂ ਨਾਲ਼ ਪਾਰੀ ਟੀਮ ਦੀ ਮੁਲਾਕਾਤ ਜੁਲਾਈ 2024 ਨੂੰ ਮੱਧ ਪ੍ਰਦੇਸ਼ ਦੇ ਬਰਗਾਗਾਓਂ ਵਿਖੇ ਬਰਸਾਤ ਦੇ ਇੱਕ ਦਿਨਹੋਈ।
ਗੋਦਾਵਰੀ ਅਤੇ ਹਲਚਾਲਿਤ ਮਹਿਲਾ ਕਿਸਾਨ ਵੀਮੇਨ ਪ੍ਰੋਡੂਸਰ ਕੰਪਨੀ ਲਿਮਿਟੇਡ (ਐੱਚਐੱਮਕੇਡਬਲਿਊਪੀਸੀ) ਦੀਆਂ ਛੇ ਮੈਂਬਰ ਸਵੇਰੇ ਸਵੇਰੇ ਪਹੁੰਚੀਆਂ। ਉਹ ਟੀਨ ਦੀ ਛੱਤ ਵਾਲ਼ੇ ਇੱਕ ਵੱਡੇ ਸ਼ੈਡਨੁਮਾ ਦਫ਼ਤਰ ਭਾਵ ਵੇਅਰਹਾਊਸ ਵਿੱਚ ਬੈਠੀਆਂ ਸਨ। ਇਹ ਦਫ਼ਤਰ ਡਿੰਡੋਰੀ ਜ਼ਿਲ੍ਹੇ ਦੇ ਸਮਨਾਪੁਰ ਬਲਾਕ ਵਿੱਚ ਸਥਿਤ ਹੈ। ਇਸ ਛੋਟੇ ਦਫ਼ਤਰ ਵਿੱਚ ਦਾਖਲ ਹੁੰਦਿਆਂ ਹੀ ਇੱਕ ਪਾਸੇਕੁਰਸੀ ਅਤੇ ਇੱਕ ਮੇਜ਼ ਪਿਆ ਹੈ ਜਿਸ 'ਤੇ ਕੰਪਿਊਟਰ ਰੱਖਿਆ ਗਿਆ ਹੈ, ਕੁਝ ਬਗ਼ੈਰ ਬੂਹਿਆਂ ਦੇ ਅਲਮਾਰੀਆਂਅਤੇ ਇੱਕ ਪਾਸੇ ਏਅਰ ਕੂਲਰ ਪਿਆ ਹੈ।
ਇਨ੍ਹਾਂ ਔਰਤਾਂ ਨੂੰ ਕਿਸਾਨ ਦੇ ਰੂਪ ਵਿੱਚ ਆਪਣੀ ਪਛਾਣ ਦੇਣ ਵਿੱਚ ਬੜਾ ਫ਼ਖ਼ਰ ਮਹਿਸੂਸ ਹੁੰਦਾ ਹੈ। ਇਸ ਉਤਪਾਦਕ ਕੰਪਨੀ ਦੇ ਨਾਮਾਂਕਣ ਦੇ ਮਗਰ ਵੀ ਇਹੀ ਇਤਿਹਾਸ ਹੈ। ਕਿਉਂਕਿ ਹਲ ਨਾਲ਼ ਖੇਤ ਜੋਤਣ ਨੂੰ ਰਵਾਇਤੀ ਤੌਰ 'ਤੇ ਪੁਰਸ਼ਾਂ ਦਾ ਕੰਮ ਮੰਨਿਆ ਜਾਂਦਾ ਹੈ, ਇਸੇ ਲਈ ਇਸ ਮਾਨਤਾ ਨੂੰ ਚੁਣੌਤੀ ਦਿੰਦਿਆਂ ਇਨ੍ਹਾਂ ਔਰਤਾਂ ਨੇ ਆਪਣੀ ਪਛਾਣ ਹਲ ਚਲਾਉਣ ਵਾਲ਼ੀਆਂ ਭਾਵ ਹਲਚਾਲਿਤ ਕਿਸਾਨ ਦੇ ਰੂਪ ਵਿੱਚ ਬਣਾਉਣ ਦਾ ਫ਼ੈਸਲਾ ਕੀਤਾ। ਇਸਲਈ ਕੰਪਨੀ ਦਾ ਨਾਮ ਹਲਚਾਲਿਤ ਮਹਿਲਾ ਕਿਸਾਨ ਵੀਮੇਨ ਪ੍ਰੋਡੂਸਰ ਕੰਪਨੀ ਰੱਖਿਆ ਗਿਆ। ਅੱਜ ਇਸਦੇ 1,400 ਰਜਿਸਟ੍ਰਡ ਮੈਂਬਰ ਹਨ ਜੋ ਇਸਦੇ ਸ਼ੇਅਰਧਾਰਕ ਵੀ ਹਨ।
ਇਸਦੀਆਂ ਦੋ ਮੈਂਬਰ– ਗੋਦਾਵਰੀ ਮਰਾਵੀ (44) ਅਤੇ ਦੇਵਕੀ ਵਾਗਲੇ (47) ਬਰਗਾਗਾਓਂ ਵਿਖੇ ਰਹਿੰਦੀਆਂ ਹਨ। ਇਸ ਛੋਟੇ ਪਿੰਡ ਨੂੰ ਸਿਰਫ਼ ਬਰਗਾ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ। ਦੋਵੇਂ ਔਰਤਾਂ ਦਫ਼ਤਰ ਤੱਕ ਪੈਦਲ ਆਈਆਂ ਹਨ। ਦੂਜੀਆਂ ਔਰਤਾਂ ਜਿਨ੍ਹਾਂ ਦੇ ਘਰ ਸਮਨਾਪੁਰ ਬਲਾਕ ਵਿੱਚ ਹਨ, ਉਹ ਜਾਂ ਤਾਂ ਆਟੋ ਰਿਕਸ਼ਾ ਰਾਹੀਂ ਆਈਆਂ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ਼ ਮੋਟਰਸਾਈਕਲ 'ਤੇ ਪਿੱਛੇ ਬੈਠ ਕੇ ਆਈਆਂ ਹਨ।
ਹੁਣ ਗੋਦਾਵਰੀ ਮਰਾਵੀ ਇਸਦੀ ਪ੍ਰਧਾਨ (ਚੇਅਰਪਰਸਨ) ਹਨ। ਗੱਲਬਾਤ ਦੀ ਸ਼ੁਰੂਆਤ ਵਿੱਚ ਹੀ ਉਹ ਸਾਨੂੰ ਦੱਸਦੇ ਹਨ ਕਿ ਇੱਥੇ ਦੇ ਪਾਰੰਪਰਿਕ ਕਿਸਾਨ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਸਨ ਕਰਦੇ। ਪਰ 2010 ਦੇ ਬਾਅਦ ਹੌਲ਼ੀ-ਹੌਲ਼ੀ ਹਾਲਾਤ ਬਦਲਣ ਲੱਗੇ ਅਤੇ ਕਿਸਾਨਾਂ ਨੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ।ਫਿਰ ਵੀ 2022 ਤੋਂ ਡਿੰਡੋਰੀ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨ ਦੁਬਾਰਾ ਜੈਵਿਕ ਅਤੇ ਕੁਦਰਤੀ ਜਾਂ ਦੋਹਾਂ ਤਰੀਕਿਆਂ ਨੂੰ ਮਿਲ਼ਾ ਕੇ ਖੇਤੀ ਕਰਨ ਦੇ ਯਤਨਾਂ ਵਿੱਚ ਲੱਗ ਗਏ ਹਨ। ਗੈਰ ਰਸਾਇਣਕ ਖੇਤੀ ਨੂੰ ਹੱਲ੍ਹਾਸ਼ੇਰੀ ਦੇਣ ਵਾਲ਼ੀਆਂ ਕਈ ਸੰਸਥਾਵਾਂ ਇਨ੍ਹਾਂ ਦੀ ਸਹਾਇਤਾ ਵਿੱਚ ਅੱਗੇ ਆਈਆਂ ਹਨ।
“ਅਸੀਂ ਕਿਸਾਨਾਂ ਨੂੰ ਜੈਵਿਕ ਬੀਜ ਪ੍ਰਦਾਨ ਕਰਦੇ ਹਾਂ। ਜਦੋਂ ਖੇਤਾਂ ਨੂੰ ਘਾਹ, ਨਦੀਨ ਅਤੇ ਪਰਾਲ਼ੀ ਸਣੇ ਵਾਹਿਆ ਜਾਂਦਾ ਹੈ, ਤਾਂ ਸਾਰਾ ਕੁਝ ਮਿੱਟੀ ਵਿੱਚ ਚੰਗੀ ਤਰ੍ਹਾ ਮਿਲ਼ ਜਾਂਦਾ ਹੈ ਅਤੇ ਬਿਹਤਰੀਨ ਕੁਦਰਤੀ ਖਾਦ ਵਾਂਗ ਕੰਮ ਕਰਦੇ ਹਨ,” ਗੋਦਾਵਰੀ ਸਾਨੂੰ ਦੱਸਦੇ ਹਨ।


