''ਵੇਂਡਾ,'' ਉਹਨੇ ਤਮਿਲ ਵਿੱਚ ਜਵਾਬ ਦਿੱਤਾ, ਅਸੀਂ ਉਹਦਾ ਨਾਮ ਪੁੱਛਿਆ ਸੀ। ਕੁਝ ਪਲ ਭੰਬਲਭੂਸੇ ਵਿੱਚ ਪਏ ਰਹਿਣ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਅਸਲ ਵਿੱਚ ਇਹੀ ਉਹਦਾ ਨਾਮ ਸੀ, ਉਹ ਜਵਾਬ ਦੇਣ ਤੋਂ ਇਨਕਾਰ ਥੋੜ੍ਹਾ ਕਰ ਰਹੀ ਸੀ। ਤਮਿਲ ਵਿੱਚ 'ਵੇਂਡਾ' ਜੋ ਕਿ 'ਵੇਂਡਮ' ਦਾ ਹੀ ਸੰਖੇਪ ਰੂਪ ਹੈ, ਦਾ ਮਤਲਬ 'ਨਹੀਂ/ਕੋਈ ਲੋੜ ਨਹੀਂ' ਹੁੰਦਾ ਹੈ।
ਐੱਨ. ਵੇਂਡਮ ਨਿਰਸਿੰਮਨ ਅਤੇ ਮਰਹੂਮ ਰਾਜੰਮਲ ਦੀ 39 ਸਾਲਾ ਪੁੱਤਰੀ ਹੈ। ਉਹ ਪੰਜਵੀ ਔਲਾਦ ਹੈ, ਉਹਦੀ ਮਾਂ ਪੰਜ ਬੱਚੇ ਪੈਦਾ ਕਰ ਚੁੱਕੀ ਸੀ ਇਸ ਕਰਕੇ ਉਹ ਇੱਕ ਕਮਜ਼ੋਰ ਮਾਂ ਦੀ ਕੁੱਖੋਂ ਪੈਦਾ ਹੋਈ। ਉਹਦੇ ਮਾਪਿਆਂ ਨੇ ਉਹਨੂੰ ਨਾਮ ਦਿੱਤਾ 'ਵੇਂਡਾ'... ਜਿਸਦਾ ਭਾਵ ਉਨ੍ਹਾਂ ਨੂੰ ਹੋਰ ਬੱਚੇ ਨਹੀਂ ਚਾਹੀਦੇ। ਉਹਦੇ ਅਧਾਰ ਕਾਰਡ ਵਿੱਚ ਵੀ ਉਹਦਾ ਨਾਮ 'ਵੇਂਡਮ' ਦੀ ਦਰਜ ਹੈ।
ਕੁਝ ਵਰ੍ਹੇ ਪਹਿਲਾਂ ਜਦੋਂ ਰਾਜੰਮਲ ਜਿਊਂਦੀ ਸੀ, ਮੇਰੇ ਨਾਲ਼ ਹੋਈ ਗੱਲਬਾਤ ਵਿੱਚ ਉਹਨੇ ਇਹ ਕਿਹਾ ਸੀ ਕਿ ਜੇ ਇਹ ਬੱਚਾ ਮੁੰਡਾ ਹੁੰਦਾ ਤਾਂ ਉਹਦਾ ਨਾਮ 'ਵੇਂਡਾ' ਨਹੀਂ ਸੀ ਰੱਖਿਆ ਜਾਣਾ। ਪਰ ਕਿਉਂਕਿ ਉਨ੍ਹਾਂ ਘਰ ਧੀ ਜੰਮੀ ਸੀ ਅਤੇ ਇਹ ਭਵਿੱਖੀ ਫ਼ੈਸਲਾ ਜਨਮ ਸਰਟੀਫਿਕੇਟ ਵਿੱਚ ਦਰਜ ਹੋ ਕੇ ਰਹਿ ਗਿਆ।
ਪਰ ਮਰਹੂਮ ਰਾਜੰਮਲ ਨੇ ਆਪਣੇ ਪਛਤਾਵੇ ਨੂੰ ਕਬੂਲਿਆ: ''ਕਾਸ਼ ਕਿ ਅਸੀਂ ਤੈਨੂੰ ਕੋਈ ਸ਼ੁੱਭ ਨਾਮ ਦਿੱਤਾ ਹੁੰਦਾ ਤੇ ਬਾਰ-ਬਾਰ 'ਵੇਂਡਾ ਵੇਂਡਾ' ਨਾ ਕਿਹਾ ਹੁੰਦਾ ਤਾਂ ਸ਼ਾਇਦ ਤੇਰੀ ਜ਼ਿੰਦਗੀ ਤੇ ਤੇਰਾ ਨਸੀਬ ਕੁਝ ਬਿਹਤਰ ਹੁੰਦਾ,'' ਉਨ੍ਹਾਂ ਆਪਣੀ ਧੀ ਨੂੰ ਕਿਹਾ। ਵੇਂਡਾ ਦਾ ਅਨੁਮਾਨ ਹੈ ਕਿ ਤਮਿਲਨਾਡੂ ਦੇ ਥੀਰੂਵੱਲੂਰ ਜ਼ਿਲ੍ਹੇ ਦੇ ਮੱਡੂਰ ਪਿੰਡ ਵਿਖੇ 10 ਹੋਰ ਔਰਤਾਂ ਹਨ ਜਿਨ੍ਹਾਂ ਦਾ ਨਾਮ ਵੇਂਡਾ ਹੀ ਹੈ। ''ਤੀਰੂੱਤਾਨੀ ਬਲਾਕ ਦੇ ਸਾਡੇ ਨੇੜਲੇ ਪਿੰਡਾਂ ਵਿੱਚ ਸਾਡੇ ਭਾਈਚਾਰੇ ਅੰਦਰ ਇਹ ਨਾਮ ਬਹੁਤ ਹੀ ਆਮ ਹੋਇਆ ਕਰਦਾ ਸੀ,'' ਉਨ੍ਹਾਂ ਪਾਰੀ ਨੂੰ ਦੱਸਿਆ।





