ਤੁਸੀਂ ਸਵੇਰ ਦੇ ਵਜੇ ਉਨ੍ਹਾਂ ਨੂੰ ਮੱਗਮ (ਕਰਘੇ) 'ਤੇ ਬੁਣਾਈ ਕਰਦਿਆਂ ਵੇਖ ਸਕਦੇ ਹੋ। ਉਨ੍ਹਾਂ ਦੇ ਦੋਵੇਂ ਬੱਚੇ ਨਾਲ਼ਦੀ ਖੱਡੀ 'ਤੇ ਕੰਮ ਕਰਦਿਆਂ ਦਿੱਸ ਜਾਣਗੇ। “ਇਹ ਸਾਰਾ ਕੰਮ ਬਿਜਲੀ ਆਉਣ 'ਤੇ ਨਿਰਭਰ ਕਰਦਾ ਹੈ,” ਉਹ ਰਤਾ ਕੁ ਮੁਸਕਰਾ ਕੇ ਕਹਿੰਦੀ ਹੈ, ਉਨ੍ਹਾਂ ਦਾ ਚਿਹਰੇ 'ਤੇ ਰੋਸ ਝਲਕਦਾ ਹੈ। “ਹਰ ਰੋਜ਼ ਕਈ-ਕਈ ਘੰਟੇ ਕੰਮ ਕਰਕੇ ਅਸੀਂ ਇਹ ਸਾੜੀਆਂ ਸਮੇਂ ਸਿਰ ਪੂਰੀਆਂ ਕਰ ਲੈਂਦੇ ਹਾਂ। ਤੁਸੀਂ ਵੇਖ ਸਕਦੇ ਹੋ ਇਸ ਥਾਵੇਂ ਕਿੰਨਾ ਹਨ੍ਹੇਰਾ ਹੈ।”
ਇਸ 'ਥਾਵੇਂ' ਦਾ ਮਤਲਬ ਲਗਭਗ 9 ਫੁੱਟ x 8 ਫੁੱਟ ਦੀ ਉਹ ਥਾਂ ਹੈ, ਜਿੱਥੇ ਇਨ੍ਹਾਂ ਦੋ ਖੱਡੀਆਂ ਤੋਂ ਇਲਾਵਾ ਕ੍ਰਿਸ਼ਨੰਮਾ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਵੀ ਰਹਿੰਦੇ ਹਨ। ਇਹ ਖੱਡੀਆਂ, ਜੋ ਕਮਰੇ ਦੀ ਬਹੁਤੇਰੀ ਜਗ੍ਹਾ ਘੇਰ ਲੈਂਦੀਆਂ ਹਨ, ਵਪਾਰੀਆਂ ਨੇ ਲਾਈਆਂ ਸਨ। ਕੱਚਾ ਮਾਲ਼ ਵੀ ਉਹੀ ਵਪਾਰੀ ਹੀ ਦੇ ਕੇ ਜਾਂਦੇ ਹਨ ਅਤੇ ਕੰਮ ਪੂਰਾ ਹੋਣ ‘ਤੇ ਸਮਾਨ ਵੀ ਉਹੀ ਲੈ ਕੇ ਜਾਣਗੇ। ਆਪਣੇ ਹੱਥੀਆਂ ਬੁਣੀਆਂ ਇਹ ਖੂਬਸੂਰਤੀ ਸਾੜੀਆਂ ਕ੍ਰਿਸ਼ਨੰਮਾ ਅਤੇ ਉਨ੍ਹਾਂ ਦੀ ਧੀ, ਅਮਿਤਾ ਨੂੰ ਪਾਉਣੀਆਂ ਨਸੀਬ ਨਹੀਂ ਹੁੰਦੀਆਂ। ਕੰਮ ਖ਼ਤਮ ਹੋਣ ‘ਤੇ ਉਨ੍ਹਾਂ ਨੂੰ ਹਰ ਸਾੜੀ ਲਈ 600 ਰੁਪਏ ਮਿਲ਼ਣਗੇ। ਉਨ੍ਹਾਂ ਦਾ ਪੁੱਤਰ ਪੁਲੰਨਾ ਵੀ ਇਸੇ ਕੰਮ ਵਿੱਚ ਹੱਥ ਵੰਡਾਉਂਦਾ ਹੈ ਅਤੇ ਸਾਰੇ ਰਲ਼ ਕੇ “ਮਹੀਨੇ ਵਿੱਚ ਦੋ ਸਾੜੀਆਂ ਹੀ ਤਿਆਰ ਕਰ ਪਾਉਂਦੇ ਹਨ। ਅੱਜਕਲ੍ਹ ਇੰਨਾ ਹੀ ਕੰਮ ਨਸੀਬ ਹੋ ਰਿਹਾ ਹੈ।” ਉਨ੍ਹਾਂ ਦੇ ਕੰਮ ਦਾ ਸਮਾਂ ਕਾਫ਼ੀ ਅਣਕਿਆਸਿਆ ਹੁੰਦਾ ਹੈ, ਕਿਉਂਕਿ ਬਿਜਲੀ ਦਾ ਆਉਣਾ-ਜਾਣਾ ਅਤੇ ਮਸ਼ੀਨ ਦੀ ਖ਼ਰਾਬੀ ਸਭ ਚੱਲਦਾ ਹੀ ਰਹਿੰਦਾ ਹੈ। ਅਨੰਤਪੁਰ ਜ਼ਿਲ੍ਹੇ ਦੇ ਸੁਬ੍ਰਯਣਪੱਲੀ ਪਿੰਡ ਵਿੱਚ ਜੀਵਨ ਇਓਂ ਹੀ ਅੱਗੇ ਵੱਧਦਾ ਹੈ।




