''ਸਾਰਾ ਕੁਛ ਮਿਲਾਕੇ ਸਾਤ ਕਾਮ ਲਗਤੇ ਹੈਂ ਏਕ ਝਾੜੂ ਬਨਾਨੇ ਮੇਂ,'' ਭਗਵਤੀ ਕਹਿੰਦੇ ਹਨ।
ਭਗਵਤੀ ਹਾਲੇ ਮਹਿਜ 20 ਸਾਲਾਂ ਦੇ ਹਨ ਪਰ ਹਨ ਆਪਣੇ ਕੰਮ ਵਿੱਚ ਮਾਹਰ। ਉਨ੍ਹਾਂ ਨੇ ਇਹ ਕਾਰੀਗਰੀ ਆਪਣੀ ਮਾਂ ਤੋਂ ਤੇ ਕੁਝ ਪਰਿਵਾਰ ਤੋਂ ਸਿੱਖੀ। ''ਸਭ ਤੋਂ ਪਹਿਲਾਂ ਅਸੀਂ ਖ਼ਜ਼ੂਰ ਦੇ ਪੱਤੇ ਨੂੰ ਵਿਚਾਲਿਓਂ ਪਾੜਦੇ ਤੇ ਫਿਰ ਕਿਨਾਰੇ ਦੀਆਂ ਪੱਤੀਆਂ ਤੋੜ ਦਿੰਦੇ ਹਾਂ,'' ਉਹ ਰਿਪੋਰਟਰ ਨੂੰ ਦੱਸਦੀ ਹੈ।
ਛੋਟੀਆਂ ਪੱਤੀਆਂ ਜੋ ਖੰਭਨੁਮਾ ਵੱਡਾ ਪੱਤਾ ਬਣਾਉਂਦੀਆਂ ਹਨ ਉਹ ਉਨ੍ਹਾਂ ਨੂੰ ''ਟੁਕੜੇ ਟੁਕੜੇ'' ਆਖਦੀ ਹੈ। ਝਾੜੂ ਬਣਾਉਣ ਵੇਲ਼ੇ ਇਨ੍ਹਾਂ ਛੋਟੇ ਪੱਤਿਆਂ ਨੂੰ ਹਟਾ ਕੇ ਇੱਕ ਗੁੱਛਾ ਜਿਹਾ ਬੰਨ੍ਹ ਲਿਆ ਜਾਂਦਾ ਹੈ। ਇਨ੍ਹਾਂ ਸਾਰਿਆਂ ਪੱਤਿਆਂ ਨੂੰ ਕੱਸ ਕੇ ਝਾੜੂ ਦੀ ਹੱਥੀ ਬੰਨ੍ਹ ਲਈ ਜਾਂਦੀ ਹੈ ਤੇ ਫਿਰ ਪੰਨੀ ਲਪੇਟ ਕੇ ਝਾੜੂ ਬਣ ਤਿਆਰ ਹੋ ਜਾਂਦਾ ਹੈ। ਸਭ ਤੋਂ ਅਖੀਰ 'ਤੇ ਵਾਰੀ ਆਉਂਦੀ ਹੈ ਬੰਨ੍ਹੇ ਝਾੜੂ ਦੀਆਂ ਪੱਤੀਆਂ ਨੂੰ ਵਿਰਲ਼ਾ ਕਰਨ ਤੇ ਕੰਢਿਆਂ ਨੂੰ ਥੋੜ੍ਹਾ ਕੱਟਣ ਦੀ। ਇਸ ਸਭ ਵਿਚਾਲੇ ਉਹਦੀ ਮਸੇਰੀ ਭੈਣ, ਦੇਵਲੀ ਵੀ ਆਪਣੀ ਗੱਲ ਜੋੜਦੀ ਰਹਿੰਦੀ ਹੈ।
ਦੋਵੇਂ ਭੈਣਾਂ 20 ਕੁ ਸਾਲਾਂ ਦੀਆਂ ਹਨ ਅਤੇ ਝਾੜੂ ਬਣਾਉਣ ਦੀ ਪੂਰੀ ਪ੍ਰਕਿਰਿਆ ਉਨ੍ਹਾਂ ਨੂੰ ਜ਼ੁਬਾਨੀ ਯਾਦ ਹੈ। ਪੰਜਾਬ ਦੇ ਮਲੋਟ ਵਿਖੇ ਭਗਵਤੀ ਆਪਣੀ ਮਾਂ ਸੋਨੀ ਦੇਵੀ ਅਤੇ ਭੈਣ ਦੇਵਲੀ ਨਾਲ਼ ਫੁੱਟਪਾਥ 'ਤੇ ਘੇਰਾ ਬਣਾਈ ਬੈਠੀ ਹੈ। ਕਿਸੇ ਖ਼ੂਬਸੂਰਤ ਨਾਚ ਦੀ ਤਿਆਰੀ ਵਾਂਗਰ ਉਹ ਹਰ ਪੜਾਅ ਨੂੰ ਬਾਖੂਬੀ ਪੂਰਾ ਕਰਦੀਆਂ ਹਨ। ਆਪਣੇ ਹਿੱਸੇ ਆਏ ਕੰਮ ਨੂੰ ਪੂਰਾ ਕਰ ਦੂਸਰੇ ਪੜਾਅ ਲਈ ਝਾੜੂ ਅੱਗੇ ਫੜ੍ਹਾ ਦਿੰਦੀਆਂ ਹਨ।
ਦੇਵਲੀ ਵੱਡੀ ਲਗਨ ਨਾਲ਼ ਇਹ ਕੰਮ ਕਰਦੀ ਹੈ। ਉਹਨੇ ਦੱਸਿਆ, "ਬਚਪਨ ਤੋਂ ਸਾਨੂੰ ਝਾੜੂ ਬਣਾਉਣਾ ਚੰਗਾ ਲੱਗਦਾ ਹੈ।" ਉਹਨੂੰ ਇਹ ਕਲਾ ਉਹਦੀ ਮਾਂ ਰੁਕਮਣੀ ਨੇ ਸਿਖਾਈ ਸੀ ਅਤੇ ਹੁਣ ਉਹ ਤਿੰਨੇ ਛੋਟੇ ਭਰਾ-ਭੈਣਾਂ ਨੂੰ ਇਹੀ ਕੰਮ ਸਿਖਾਉਣ ਦੀ ਸੋਚ ਰਹੀ ਹੈ।
ਭਗਵਤੀ ਵੀ ਬੜੇ ਉਤਸਾਹ ਨਾਲ਼ ਕੰਮ ਕਰਦੀ ਹੈ ਪਰ ਉਹ ਆਪਣੀ ਭੈਣ ਨਾਲ਼ੋਂ ਵੱਧ ਵਿਵਹਾਰਕ ਹੈ। ਉਹ ਕਹਿੰਦੀ ਹੈ,"ਕਿਉਂਕਿ ਜੇ ਮਿਹਨਤ ਕਰਾਂਗੇ ਤਾਂ ਹੀ ਤੇ ਖਾਣ ਨੂੰ ਮਿਲੇਗਾ ਅਤੇ ਜੇ ਮਿਹਨਤ ਹੀ ਨਾ ਕੀਤੀ ਤਾਂ ਖਾਵਾਂਗੇ ਕੀ?" ਉਹਨੇ ਬਚਪਨ ਤੋਂ ਆਪਣੀ ਮਾਂ ਸੋਨੀ ਦੇਵੀ ਦੇ ਮੂੰਹੋਂ ਇਹੀ ਸੁਣਿਆ,"ਜੇ ਅਸੀਂ ਝਾੜੂ ਨਾ ਬਣਾਈਏ ਤਾਂ ਖਾਵਾਂਗੇ ਕੀ?" ਇਹੀ ਭਾਵਨਾ ਝਾੜੂ ਬਣਾਉਣ ਵਾਲ਼ੇ ਦੂਜੇ ਪਰਿਵਾਰਾਂ ਵਿੱਚ ਵੀ ਹੈ ਜੋ ਰਾਜਸਥਾਨ ਦੇ ਮੇਵਾੜ ਖੇਤਰ ਤੋਂ ਪੰਜਾਬ ਆਏ ਹਨ।





















