ਮੋਹੇਸ਼ਵਰ ਸਮੂਆ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਹੜ੍ਹਾਂ ਕਾਰਨ ਉਨ੍ਹਾਂ ਨੂੰ ਪਹਿਲੀ ਵਾਰ ਪਰਵਾਸ ਕਰਨਾ ਪਿਆ ਸੀ। ਉਹ ਸਿਰਫ਼ ਪੰਜ ਸਾਲਾਂ ਦਾ ਸੀ। "ਪਹਿਲਾਂ, ਪਾਣੀ ਸਾਡੇ ਇੱਕ ਘਰ ਨੂੰ ਰੋੜ੍ਹ ਲੈ ਗਿਆ," ਸਮੂਆ ਕਹਿੰਦੇ ਹਨ, ਜੋ ਹੁਣ ਆਪਣੀ ਉਮਰ ਦੇ 60ਵੇਂ ਦਹਾਕੇ ਵਿੱਚ ਹਨ। ''ਅਸੀਂ ਆਪਣੀ ਕਿਸ਼ਤੀ ਵਿੱਚ ਬੈਠ ਗਏ ਅਤੇ ਪਨਾਹ ਲੱਭਣ ਲਈ ਭੱਜਣ ਲੱਗੇ; ਅਤੇ ਟਾਪੂ ਦੀ ਸਭ ਤੋਂ ਨੇੜਲੀ ਧਰਤੀ 'ਤੇ ਚਲੇ ਗਏ।''
ਅਸਾਮ ਦੇ ਨਦੀ-ਟਾਪੂ ਮਾਜੁਲੀ ਦੇ 1.6 ਲੱਖ ਵਸਨੀਕਾਂ ਦੀ ਜ਼ਿੰਦਗੀ 'ਤੇ ਅਕਸਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਅਸਰ ਪੈਂਦਾ ਰਿਹਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਾਪੂ 'ਤੇ ਜ਼ਮੀਨੀ ਖੇਤਰ ਜੋ 1956 ਵਿੱਚ ਲਗਭਗ 1245 ਵਰਗ ਕਿਲੋਮੀਟਰ ਸੀ, 2017 ਵਿੱਚ ਘੱਟ ਕੇ 703 ਵਰਗ ਕਿਲੋਮੀਟਰ ਰਹਿ ਗਿਆ ਹੈ।
"ਇਹ ਅਸਲੀ ਸਲਮੋਰਾ ਨਹੀਂ ਹੈ," ਸਮੂਆ ਕਹਿੰਦੇ ਹਨ ਅਤੇ ਅੱਗੇ ਕਹਿੰਦੇ ਹਨ, "ਸਲਮੋਰਾ ਲਗਭਗ 43 ਸਾਲ ਪਹਿਲਾਂ ਬ੍ਰਹਮਪੁੱਤਰ [ਨਦੀ] ਵਿੱਚ ਵਹਿ ਗਿਆ ਸੀ।'' ਇਹ ਸਲਮੋਰਾ (ਨਵਾਂ) ਤਾਂ ਫਿਰ ਬ੍ਰਹਮਪੁੱਤਰ ਅਤੇ ਇਸ ਦੀ ਸਹਾਇਕ ਨਦੀ ਸੁਬਨਸੀਰੀ ਨੇ ਬਣਾਇਆ ਜਿੱਥੇ ਸਮੂਆ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ, ਧੀ ਅਤੇ ਆਪਣੇ ਬੇਟੇ ਦੇ ਪਰਿਵਾਰ ਨਾਲ਼ ਰਹਿੰਦੇ ਰਹੇ ਹਨ।
ਸੀਮੇਂਟ ਅਤੇ ਗਾਰੇ ਤੋਂ ਬਣਿਆ ਕੱਚਾ-ਪੱਕਾ ਢਾਂਚਾ ਹੀ ਉਨ੍ਹਾਂ ਦਾ ਨਵਾਂ ਘਰ ਹੈ। ਘਰ ਦੇ ਬਾਹਰ ਬਣੇ ਪਖ਼ਾਨੇ ਤੱਕ ਜਾਣ ਲਈ ਪੌੜੀ ਦੀ ਮਦਦ ਚਾਹੀਦੀ ਹੀ ਚਾਹੀਦੀ ਹੈ। "ਹਰ ਸਾਲ, ਬ੍ਰਹਮਪੁੱਤਰ ਨਦੀ ਕਾਰਨ ਸਾਡੀ ਜ਼ਮੀਨ ਵਹਿ ਜਾਂਦੀ ਹੈ," ਉਹ ਕਹਿੰਦੇ ਹਨ।








