ਉੱਤਰ 24 ਪਰਗਨਾ ਜ਼ਿਲ੍ਹੇ ਦੇ ਦੱਤਾਪੁਕੁੁਰ ਦੇ ਕੋਲ਼ ਮੌਜੂਦ ਪਿੰਡ ਤੋਂ ਆਏ ਸ਼ਯਾਮਲ ਮੰਨਾ ਕਹਿੰਦੇ ਹਨ,“ਕੀ ਤੁਹਾਨੂੰ ਪਤਾ ਹੈ ਕਿ ਅਸੀ ਆਪਣੇ ਚਿਹਰੇ ਮਾਸਕ ਨਾਲ਼ ਕਿਉਂ ਲੁਕਾਉਂਦੇ ਹਾਂ? ਉਹਨਾਂ ਪਿੱਛੇ ਅਸੀਂ ਆਪਣਾ ਦਰਦ ਲੁਕਾ ਰਹੇ ਹਾਂ। ਸਾਨੂੰ ਗੁੱਸਾ ਹੈ ਤਾਂ ਇੱਥੇ ਆਏ ਹਾਂ।”
ਦਿੱਲੀ ਵਿੱਚ ਅੰਦੋਲਨ ਦੀ ਸ਼ੁਰੂਆਤ ਕਾਕਰੋਚ ਜਨਤਾ ਪਾਰਟੀ ਦੀ ਲਲਕਾਰ 'ਤੇ ਹੋਈ ਸੀ, ਜੋ ਹੁਣ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ। ਕੋਲਕਾਤਾ ਦੇ ਇਸ ਪ੍ਰਦਰਸ਼ਨ ਵਿੱਚ ਆਮ ਪੋਸਟਰਾਂ ਅਤੇ ਮੀਮਜ਼ ਨਾਲ਼ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਆਇਰਨਮੈਨ, ਸੁਪਰਮੈਨ ਅਤੇ ਬੁਰਾਈ ਦਾ ਖ਼ਾਤਮਾ ਕਰਨ ਵਾਲ਼ੇ ਹੋਰ ਫ਼ਿਲਮੀ ਕਿਰਦਾਰਾਂ ਦੇ ਮਾਸਕ ਪਾਏ ਹੋਏ ਸਨ।
ਇਸ 24 ਜੁਲਾਈ ਨੂੰ ਇਹ ਰੈਲੀ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਸਿਯਾਲਦਾਹ ਸਟੇਸ਼ਨ 'ਤੇ ਸ਼ੁਰੂ ਹੋਈ ਅਤੇ ਏਸਪਲੇਨੇਡ ਵਿਖੇ ਖ਼ਤਮ ਹੋਈ। ਮੁਕਾਮੀ ਅਖ਼ਬਾਰਾਂ ਦੇ ਮੁਤਾਬਕ ਇਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਸਨ। ਸ਼ਾਮੀਂ ਕਰੀਬ ਛੇ ਵਜੇ ਪ੍ਰਦਰਸ਼ਨਕਾਰੀਆਂ ਅਤੇ ਕੋਲਕਾਤਾ ਪੁਲਿਸ ਵਿਚਾਲੇ ਮਾੜੀ-ਮੋਟੀ ਝੜਪ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਛੱਡੀਆਂ।


















