ਵਾਇਨਾਡ ਦੀਆਂ ਢਲਾਣਾਂ ’ਤੇ, ਜਿੱਥੇ ਧੁੰਦ ਹਰੀਆਂ ਵਾਦੀਆਂ ਤੋਂ ਹੇਠਾਂ ਨੂੰ ਲਮਕਦੀ ਹੋਈ ਜਾਪਦੀ ਹੈ ਅਤੇ ਜਲ-ਧਾਰਾਵਾਂ ਮਖਰੈਲੀ-ਲੈਟਰਾਈਟ ਪਹਾੜੀਆਂ ਤੋਂ ਰਾਹ ਬਣਾਉਂਦੀਆਂ ਹੋਈਆਂ ਕਲ-ਕਲ ਦੀਆਂ ਅਵਾਜ਼ਾਂ ਪੈਦਾ ਕਰਦੀਆਂ ਹਨ, ਉੱਥੇ ਹੀ ਇੱਕ ਕੱਚਾ ਘਰ ਸਮੇਂ ਤੇ ਮੌਸਮ ਦੇ ਖ਼ਿਲਾਫ਼ ਅਡਿੱਗ ਖੜ੍ਹਾ ਹੈ। ਉਸ ਦੀਆਂ ਕੱਚੀਆਂ ਕੰਧਾਂ ਗਰਮੀਆਂ ਵੇਲ਼ੇ ਜਿਓਂ ਠੰਡੀ ਹਵਾ ਦੇ ਸਾਹ ਭਰੀ ਘਰ ਦੇ ਅੰਦਰ ਸੁੱਟਦੀਆਂ ਰਹਿੰਦੀਆਂ ਹੋਣ, ਬਾਂਸ ਦੀਆਂ ਸ਼ਤੀਰਾਂ ਹਵਾ ਵਿੱਚ ਮਲ੍ਹਕੜੇ ਜਿਹੇ ਚੂੰ-ਚੂੰ ਕਰਦੀਆਂ ਹਨਅਤੇ ਰੋਜ਼ਵੁੱਡ ਦੀਆਂ ਭਾਰੀਆਂ ਤੇ ਮਜ਼ਬੂਤ ਬੱਲੀਆਂ 150 ਮਾਨਸੂਨਾਂ ਦਾ ਭਾਰ ਢੋਂਦੀਆਂ ਰਹੀਆਂ ਹਨ। ਘਰ ਦਾ ਫਰਸ਼ ਲਾਲ ਮਿੱਟੀ ਦਾ ਬਣਿਆ ਹੈ, ਜਿਸਨੂੰ ਹਰ ਹਫ਼ਤੇ ਗਾਂ ਦੇ ਗੋਹੇ ਨਾਲ਼ ਲਿਪਿਆ ਜਾਂਦਾ ਹੈ।
ਕੇਰਲ ਦੇ ਮੰਨਤਾਵਾਡੀ ਸ਼ਹਿਰ ਨੇੜੇ ਕੰਮਨਾ ਪਿੰਡ ਵਿਖੇ ਪੈਂਦਾ ਇਹ ਘਰ ਉਹ ਥਾਂ ਹੈ ਜਿੱਥੇ ਚੌਲ਼ਾਂ (ਝੋਨੇ) ਦੇ ਬੀਜ ਆਪਣੇ ਕਿੱਸੇ ਸੁਣਾਉਂਦੇ ਹਨ।
ਕੁਰਿਚਿਆ ਭਾਈਚਾਰੇ (ਜੋ ਰਾਜ ਵਿੱਚ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ) ਦੇ ਚੇਰੂਵਾਯਲ ਰਾਮਨ ਇਨ੍ਹਾਂ ਦੇ ਸਰਪ੍ਰਸਤ ਹਨ। ਇਹ ਭਾਈਚਾਰਾ ਕਦੇ ਮਲਾਬਾਰ ਵਿੱਚ ਝੋਨੇ ਦੀ ਖੇਤੀ ਵਿੱਚ ਆਪਣੀ ਮੁਹਾਰਤ ਲਈ ਪ੍ਰਸਿੱਧ ਸੀ। 73 ਸਾਲਾ ਰਾਮਨ ਨੇ ਆਰਥਿਕ ਮੰਦਹਾਲੀਆਂ, ਡਿੱਗਦੀ ਸਿਹਤ ਅਤੇ ਸਰਕਾਰ ਅਤੇ ਹੋਰ ਸੰਸਥਾਵਾਂ ਦੀ ਅਣਦੇਖੀ ਦੇ ਬਾਵਜੂਦ, ਦਹਾਕਿਆਂ ਤੱਕ ਪਰੰਪਰਾਗਤ ਬੀਜਾਂ ਨੂੰ ਸੁਰੱਖਿਅਤ ਰੱਖਿਆ ਹੈ।
“ਇਹ [ਬੀਜ] ਸਾਡੇ ਜਿਊਂਦੇ ਪੁਰਖੇ ਹੀ ਹਨ,” ਰਾਮਨ ਕਹਿੰਦੇ ਹਨ, ਜਿਨ੍ਹਾਂ ਨੂੰ ਪਿਆਰ ਤੇ ਆਦਰ ਨਾਲ਼ ਲੋਕ ਰਾਮੇਤਨ ਵੀ ਕਹਿੰਦੇ ਹਨ। ਉਹ ਕੇਰਲ ਦੀ ਖੇਤੀ-ਆਤਮਾ ਦੇ ਰਖਵਾਲੇ ਮੰਨੇ ਜਾਂਦੇ ਹਨ। ਇਹ ਇੱਕ ਐਸਾ ਖੇਤਰ ਹੈ ਜਿੱਥੇ ਕਿਸੇ ਪਰਿਵਾਰ ਦੀ ਖੁਸ਼ਹਾਲੀ ਉਹਦੇ ਭੜੋਲਿਆਂ ਵਿੱਚ ਭੰਡਾਰ ਕੀਤੇ ਚੌਲ਼ਾਂ ਦੀਆਂ ਕਿਸਮਾਂ ਤੋਂ ਮਾਪੀ ਜਾਂਦੀ ਸੀ।
ਰਾਮਨ ਨੇ ਆਪਣੀ ਜੱਦੀ ਜ਼ਮੀਨ ਨੂੰ ਵੰਨ-ਸੁਵੰਨਤਾ ਭਰਪੂਰ ਅਜਾਇਬ ਘਰ ਹੀ ਬਣਾ ਦਿੱਤਾ ਹੈ। ਉਨ੍ਹਾਂ ਦੇ ਗੁਦਾਮ (ਭੜੋਲਿਆਂ) ਵਿੱਚ ਵਾਇਨਾਡ ਦੀਆਂ 50 ਦੇਸੀ ਕਿਸਮਾਂ ਅਤੇ ਕੇਰਲ ਦੇ ਹੋਰਨਾਂ ਹਿੱਸਿਆਂ ਤੋਂ ਇਕੱਠੀਆਂ ਕੀਤੀਆਂ 14 ਕਿਸਮਾਂ ਸੁਰੱਖਿਅਤ ਹਨ। ਉਹ ਹਰ ਮੌਸਮ ਵਿੱਚ ਇਨ੍ਹਾਂ ਨੂੰ ਉਗਾਉਂਦੇ ਹਨ, ਬੀਜਾਂ ਨੂੰ ਸੰਭਾਲ਼ਦੇ ਹਨ ਅਤੇ ਰਵਾਇਤੀ ਖੇਤੀ ਨੂੰ ਸਮਰਪਤ ਕਿਸੇ ਵੀ ਵਿਅਕਤੀ, ਖ਼ਾਸ ਕਰਕੇ ਆਦਿਵਾਸੀ ਕਿਸਾਨ ਨੂੰ, ਆਪਣੇ ਉਪਭੋਗ ਲਈ ਉਗਾਉਣ ਵਾਲ਼ੇ, ਸ਼ੋਧਕਰਤਾ ਅਤੇ ਸੰਸਥਾਵਾਂ ਨੂੰ ਮੁਫ਼ਤ ਵੰਡ ਦਿੰਦੇ ਹਨ। “ਚੌਲ਼ ਦੇ ਹਰੇਕ ਦਾਣੇ ਵਿੱਚ ਆਤਮਾ ਹੁੰਦੀ ਹੈ,” ਉਹ ਕਹਿੰਦੇ ਹਨ। “ਉਹ ਮਿੱਟੀ, ਮੀਂਹ ਨੂੰ ਹੀ ਨਹੀਂ ਪੀੜ੍ਹੀਆਂ ਦੇ ਸਪਰਸ਼ ਨੂੰ ਵੀ ਚੇਤੇ ਰੱਖਦਾ ਹੈ। ਇਸਨੂੰ ਗੁਆ ਬੈਠੇਤਾਂ ਸਮਝੋ ਆਪਣਾ ਇਤਿਹਾਸ ਗੁਆ ਲਿਆ।''
ਉਨ੍ਹਾਂ ਦੀ ਬੈਠਕ ਦੀ ਮੰਦ ਜਿਹੀ ਰੌਸ਼ਨੀ ਵਿੱਚ ਦੇਖਿਆਂ, ਝੋਨੇ ਦੀਆਂ ਦੁਰਲੱਭ ਕਿਸਮਾਂ ਨਾਲ਼ ਭਰੀਆਂ ਬੋਰੀਆਂ ਇੱਕ-ਦੂਜੇ ਦੇ ਉੱਤੇ ਟਿਕਾ ਕੇ ਰੱਖੀਆਂ ਨਜ਼ਰ ਆਉਂਦੀਆਂ ਹਨ, ਜਿਓਂ ਇਤਿਹਾਸ ਦੀਆਂ ਪਹਿਰੇਦਾਰ ਹੋਣ। ਹਰ ਬੋਰੀ 'ਤੇ ਮਲਿਆਲਮ ਵਿੱਚ ਅਜਿਹੇ ਨਾਮ ਲਿਖੇ ਹਨ ਜੋ ਲੋਰੀਆਂ ਵਰਗੇ ਮਿੱਠੇ ਜਾਪਦੇ ਹਨ: ਮਸਲਨ ਚੇਨੇਲੂ, ਤੋਂਡੀ, ਚੇਮਬਕਮ, ਵੇਲਿਯਨ, ਗੰਦਕਸਾਲਾ, ਕਾਇਮਾ ਆਦਿ।
ਰਾਮਨ ਪਾਰੀ ਨੂੰ ਦੱਸਦੇ ਹਨ ਕਿ ਕਿਵੇਂ ਭਾਫ਼ ਵਿੱਚ ਪੱਕਦੇ ਗੰਧਕਸਾਲਾ ਦੀ ਖੁਸ਼ਬੂ ਚਮੇਲੀ ਅਤੇ ਚੰਦਨਾਂ ਦੀ ਯਾਦ ਦਵਾਉਂਦੀ ਹੈ; ਕਾਇਮਾ, ਜਿਸਨੂੰ ਜੀਰਾਕਸਾਲਾ ਵੀ ਕਿਹਾ ਜਾਂਦਾ ਹੈ, ਹਵਾ ਵਿੱਚ ਮੱਖਣ ਵਰਗੀ ਇੱਕ ਮਹਿਕ ਘੋਲ਼ ਦਿੰਦੀ ਹੈ ਜੋ ਮਾਲਾਬਾਰ ਦੀ ਬਿਰਿਆਨੀ ਦੀ ਪਛਾਣ ਹੈ; ਅਤੇ ਚੇਮਬਕਮ ਵਿੱਚੋਂ ਮਿੱਠੇ, ਨਰਮ ਸਵਾਦ ਆਉਂਦੇ ਹਨ ਜੋ ਪਾਇਸਮ (ਇੱਕ ਮਿੱਠਾ ਪਕਵਾਨ) ਲਈ ਨਾਰੀਅਲ ਦੇ ਦੁੱਧ ਵਿੱਚ ਘੁਲ਼ ਜਾਂਦੇ ਹਨ।










