ਜਿਉਂ-ਜਿਉਂ ਕਣਕ ਕਚਾਰ ਹਰੀ ਤੋਂ ਸੋਨੇ ਰੰਗੀ ਹੁੰਦੀ ਜਾਰਹੀ ਹੈ, ਤਿਉਂ-ਤਿਉਂ ਦਲਬਾਰਾ ਸਿੰਘ ਦੀ ਚਿੰਤਾ ਵੀ ਗਹਿਰਾਉਂਦੀ ਜਾ ਰਹੀ ਹੈ।ਵਾਢੀ ਦਾ ਵੇਲਾ ਨੇੜੇ ਆ ਰਿਹਾ ਹੈ। ਤੇ ਉਦੋਂ ਡੀਜ਼ਲ ਸਿਰਫ਼ ਬਾਲ਼ਣ ਨਹੀਂ ਰਹੇਗਾ, ਸਗੋਂ ਜੀਵਨ ਰੇਖਾਬਣ ਜਾਵੇਗਾ। ਇਸੇ ਕਾਰਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਟੀ ਦਾ ਇਹ ਭੂਮੀਹੀਣ ਦਲਿਤ ਕਿਸਾਨ ਬਿਨਾਂ ਕਿਸੇ ਝਿਜਕ 18 ਫ਼ੀਸਦੀ ਸਾਲਾਨਾ ਵਿਆਜ ਉੱਤੇ ਕਰਜ਼ਾ ਚੁੱਕਦਾ ਹੈ, ਤਾਂ ਜੋਉਸ ਦਾ ਡੀਜ਼ਲ ਦਾ ਡਰੰਮ ਭਰਿਆ ਰਹੇ।
ਦਲਬਾਰਾ ਸਿੰਘ, ਉਮਰ 55 ਸਾਲ, ਆਪਣੇ ਤਿੰਨ ਭਰਾਵਾਂ ਨਾਲ਼ ਮਿਲ਼ ਕੇ ਇੱਕ ਐੱਨ.ਆਰ.ਆਈ. ਤੋਂ ਠੇਕੇ ਉੱਤੇ ਲਈ 20 ਏਕੜ ਜ਼ਮੀਨ ‘ਤੇ ਵਾਹੀ ਕਰਦੇਹਨ ਅਤੇ ਵਾਢੀ ਦੇ ਸੀਜ਼ਨ ਵਿੱਚ ਉਹ ਡੇਅਰੀ ਦਾ ਕੰਮ ਕਰਨ ਵਾਲ਼ੇ ਕਿਸਾਨਾਂ ਲਈ ਕਣਕ ਤੋਂ ਤੂੜੀ ਕੱਢਣ ਲਈ ਹੋਰ ਲੋਕਾਂ ਦੇ ਖੇਤਾਂ ਵਿੱਚ 'ਠੇਕੇ ‘ਤੇ ਵਾਢੀ' ਦਾ ਵੀ ਕੰਮ ਕਰਦੇ ਹਨ। ਉਹ ਆਪਣੇ ਟਰੈਕਟਰ ਅਤੇ ਰੀਪਰ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ, "ਇਹ ਤਾਂ ਡੀਜ਼ਲ ਦੀਆਂ ਘੁੱਟਾਂ ਭਰਦੇ ਨੇ। ਜੇ ਪੂਰੀ ਸਮਰੱਥਾ ‘ਤੇ ਚੱਲਣ, ਇਹ ਡਰੰਮ ਤਾਂ ਦੋ ਦਿਨ ਵੀ ਨਹੀਂ ਕੱਢੇਗਾ।"
ਪਰ ਇੰਨੇ ਉੱਚੇ ਵਿਆਜ ਉੱਤੇ ਪੈਸੇ ਚੁੱਕਣਾ? "ਹੋਰ ਮੈਂ ਕੀ ਕਰ ਸਕਦਾ ਸਾਂ? ਜੇ ਮੈਨੂੰ ਹਫ਼ਤੇ ਬਾਅਦ ਡੀਜ਼ਲ ਮਿਲ਼ਿਆ ਹੀ ਨਾ? ਮੇਰੀ ਤਾਂ ਸਾਰੀਫ਼ਸਲ ਤਬਾਹ ਹੋ ਜਾਵੇਗੀ। ਮੈਂ ਫ਼ਸਲ ਪੁੱਤ ਵਾਂਗ ਪਾਲ਼ੀ ਹੈ," ਉਹ ਕਹਿੰਦੇ ਹਨ। ਦਲਬਾਰਾ ਜੀਦੀ ਆਮਦਨ ਦਾ ਹਿਸਾਬ ਲਾਉਣਾ ਔਖਾ ਹੈ ਖ਼ਾਸ ਕਰਕੇ ਜਦੋਂ ਕਮਾਈ ਹੋਇਆਂ ਸਾਲ ਤੋਂ ਉੱਪਰ ਹੋ ਗਿਆ ਹੋਵੇ।ਉਹਨਾਂ ਦੇਘਾਟੇ ਅਤੇ ਕਰਜ਼ੇ ਵਧਦੇ ਹੀ ਜਾ ਰਹੇ ਹਨ।
ਪੰਜਾਬ ਦੇ ਕਿਸਾਨਾਂ ਲਈ ਅਮਰੀਕਾ-ਇਜ਼ਰਾਈਲ ਦੀ ਈਰਾਨ ਵਿਰੁੱਧ ਵਿੱਢੀ ਜੰਗ ਨੇਕਰਜ਼ੇ ਦੀ ਪੰਡ ਨੂੰ ਹੋਰ ਭਾਰਾ ਹੀ ਕੀਤਾ ਹੈ। ਪਰ ਦਲਬਾਰਾ ਸਿੰਘ ਅਤੇ ਉਹਨਾਂ ਵਰਗੇ ਹੋਰਨਾਂ ਲਈ ਇਹ ਸੰਕਟ ਕਿਤੇ ਡੂੰਘਾ ਹੈ, ਜਿਨ੍ਹਾਂ ਦੇ ਬੱਚੇ ਖਾੜੀ ਦੇਸ਼ਾਂ ਵਿੱਚ ਮਜ਼ਦੂਰਾਂ ਅਤੇ ਅਰਧ-ਹੁਨਰਮੰਦ ਕਾਮਿਆਂ ਵਜੋਂ ਕੰਮ ਕਰਦੇ ਹਨ। ਇਸ ਜੰਗ ਨਾਲ਼ ਉਨ੍ਹਾਂ ਦਾ ਭਵਿੱਖ ਨੂੰ ਵੀ ਖ਼ਤਰੇ ਵਿੱਚ ਹੈ। ਪਿਛਲੇ ਮਹੀਨੇ ਹੀ ਉਹਨਾਂ ਨੇ ਆਪਣੇ ਪੁੱਤਰ ਨੂੰ ਸਾਈਪ੍ਰਸ ਭੇਜਣ ਲਈ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਕਿ ਪੱਛਮੀ ਏਸ਼ੀਆ ਦਾ ਦੇਸ਼ ਹੈ (ਭਾਵੇਂ ਭੂ-ਰਾਜਨੀਤਕ ਤੌਰ ‘ਤੇ ਇਸ ਨੂੰ ਯੂਰਪ ਦਾ ਹਿੱਸਾ ਮੰਨਿਆ ਜਾਂਦਾ ਹੈ)। ਇਹ ਦੇਸ਼ ਸੈਰ-ਸਪਾਟੇ ਅਤੇ ਜਹਾਜ਼ਰਾਨੀ ਉੱਤੇ ਨਿਰਭਰ ਹੈ। ਇਸ ਜੰਗ ਨੇ ਇਨ੍ਹਾਂ ਦੋਵਾਂ ਖੇਤਰਾਂ ਨੂੰ ਡੂੰਘੀ ਸੱਟ ਮਾਰੀ ਹੈ। "ਪਰ ਮੇਰਾ ਪੁੱਤਰ ਖ਼ੁਸ਼ ਨਹੀਂ ਹੈ ਕਿਉਕਿ ਉਸ ਨੂੰ ਕੰਮ ਨਹੀਂ ਮਿਲ਼ਿਆ। ਉਹ ਹੁਣ ਵਾਪਸ ਆਉਣ ਲਈ ਬੇਸਬਰਾ ਹੋਇਆ ਪਿਆ ਹੈ," ਉਹ ਕਹਿੰਦੇ ਹਨ। ਦਲਬਾਰਾ ਜੀ ਭੋਲੇਪਣ ਨਾਲ਼ ਆਪਣੀ ਹੀ ਕਿਸਮਤ ਨੂੰ ਦੋਸ਼ ਦਿੰਦੇ ਹਨਅਤੇ ਸਾਰੀ ਗੱਲਬਾਤ ਦੌਰਾਨ ਇੱਕ ਵਾਰ ਵੀ ਜੰਗ ਦਾ ਜ਼ਿਕਰ ਨਹੀਂ ਕਰਦੇ।
ਕਣਕ ਦੀ ਵਾਢੀ ਨੇੜੇ ਆਉਣ ਅਤੇ ਜੰਗ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੇ ਚੱਲਦਿਆਂ ਪੰਦਰ੍ਹਾਂ ਦਿਨ ਪਹਿਲਾਂ ਤੋਂ ਹੀ ਬਹੁਤੇ ਕਿਸਾਨਾਂ ਨੇ ਡੀਜ਼ਲ ਖ਼ਰੀਦਣਾ ਸ਼ੁਰੂ ਕਰ ਦਿੱਤਾ ਹੈ। ਪੈਟਰੋਲ ਪੰਪਾਂ ਉੱਤੇ ਟਰੈਕਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦੇ ਮਗਰਲੇ ਜੈਕਾਂ ਉੱਤੇ ਖ਼ਾਲੀ ਡਰੰਮ ਰੱਖੇ ਹੋਏ । "ਇਹ ਸਾਰੇ ਲੋਕ ਭਾਰੀ ਵਿਆਜ ਉੱਤੇ ਕਰਜ਼ਾ ਚੁੱਕ ਕੇ ਡੀਜ਼ਲ ਖ਼ਰੀਦ ਰਹੇ ਨੇ," ਪਟਿਆਲਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਰਘਬੀਰ ਸਿੰਘ ਡਕਾਲਾ ਦਾ ਕਹਿਣਾ ਹੈ।




