''ਘਰ ਸਿਰਫ਼ ਮੈਂ ਨਹਾਉਣ ਹੀ ਜਾਂਦਾ ਹਾਂ,'' ਮਿਰਜ਼ਾ ਮੁਹੰਮਦ ਖਾਨ ਸੁਭਾਵਕ ਅੰਦਾਜ਼ ਵਿੱਚ ਕਹਿੰਦੇ ਹਨ। ਉਹ ਆਪਣੀ ਖਾਨ ਟੀ-ਸਟਾਲ ਅੰਦਰ ਬੈਠੇ ਹਨ ਜੋ ਤ੍ਰਾਗਬਲ ਵਿਖੇ ਸਥਿਤ ਹੈ, ਇਹ ਥਾਂ ਸ਼੍ਰੀਨਗਰ ਤੋਂ ਗੁਰੇਜ਼ ਘਾਟੀ ਦੇ ਰਾਹ ਵਿੱਚ ਪੈਂਦੀ ਇੱਕ ਠਾਰ੍ਹ ਹੈ। ਕਸ਼ਮੀਰ ਦੀ ਥੋੜ੍ਹੀ ਜਿਹੀ ਅਬਾਦੀ ਵਾਲ਼ੇ ਇਸ ਇਲਾਕੇ ਦੀ ਇਸ ਦੁਕਾਨ ਤੇ ਇਹਦੀ ਹੋਰਡਿੰਗ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।
''ਸਾਨੂੰ ਹਰ ਚਾਰ ਦਿਨਾਂ ਬਾਅਦ 500 ਲੀਟਰ ਪਾਣੀ ਮਿਲ਼ਦਾ ਹੈ,'' 32 ਸਾਲਾ ਚਾਹ ਸਟਾਲ ਦੇ ਮਾਲਕ ਕਹਿੰਦੇ ਹਨ,''ਇਸੇ ਪਾਣੀ ਨਾਲ਼ ਮੈਨੂੰ ਚਾਹ ਬਣਾਉਣੀ, ਭਾਂਡੇ ਮਾਂਜਣੇ ਤੇ ਹੋਰ ਲੋੜੀਂਦੇ ਕੰਮ ਕਰਨੇ ਪੈਂਦੇ ਹਨ। ਇੱਥੇ ਮੈਂ ਨਹਾ ਨਹੀਂ ਸਕਦਾ ਤੇ ਐਵੇਂ ਹੀ 20-30 ਲੀਟਰ ਪਾਣੀ ਬਰਬਾਦ ਵੀ ਨਹੀਂ ਕਰ ਸਕਦਾ! ਪਾਣੀ ਦੀ ਹਰ ਬੂੰਦ ਦਾ ਹਿਸਾਬ ਰੱਖਣਾ ਪੈਂਦਾ ਹੈ।''
ਤ੍ਰਾਗਬਲ ਵਿਖੇ, ਜਿੱਥੇ ਮਗਰਲੇ ਪਾਸੇ ਰਾਜ਼ਦਾਨ ਪਹਾੜ ਪੈਂਦੇ ਹਨ, ਪਿਛਲੇ 12 ਸਾਲਾਂ ਤੋਂ ਮਿਰਜ਼ਾ ਸਟਾਲ ਚਲਾ ਰਹੇ ਹਨ, ਸੈਲਾਨੀਆਂ ਲਈ ਚਾਹ, ਕੌਫ਼ੀ, ਮੈਗੀ ਨੂਡਲਸ ਤੇ ਹੋਰ ਹਲਕੇ-ਫੁਲਕੇ ਸਨੈਕਸ ਸਰਵ ਕਰਦੇ ਹਨ। ''ਇਹਨੂੰ ਮੈਂ ਆਪਣਾ ਦੂਜਾ ਘਰ ਕਹਿੰਦਾ ਹਾਂ ਕਿਉਂਕਿ ਹਫ਼ਤੇ ਦੇ ਪੰਜ ਦਿਨ (ਬੁੱਧਵਾਰ ਤੋਂ ਸ਼ਨੀਵਾਰ) ਮੈਂ ਇੱਥੇ ਹੀ ਰਹਿੰਦਾ ਹਾਂ। ਮੈਂ ਸੋਮਵਾਰ ਹੀ ਘਰ ਜਾਂਦਾ ਹਾਂ ਕਿਉਂਕਿ ਉਸ ਦਿਨ ਵਰਕਿੰਗ ਡੇਅ ਹੁੰਦਾ ਤੇ ਸੈਲਾਨੀ ਵੀ ਵਿਰਲੇ ਹੀ ਆਉਂਦੇ ਨੇ,'' ਮਿਰਜ਼ਾ ਕਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਉੱਤਰੀ ਕਸ਼ਮੀਰ ਦੇ ਬਾਂਦੀਪੋਰ ਜ਼ਿਲ੍ਹੇ ਦੇ ਪੇਠਕੂਟ ਇਲਾਕੇ ਵਿਖੇ ਰਹਿੰਦਾ ਹੈ, ਜੋ ਇੱਥੋਂ ਲਗਭਗ 30 ਕਿਲੋਮੀਟਰ ਦੂਰ ਹੈ। ਤ੍ਰਾਗਬਲ ਵਿਖੇ ਰਹਿੰਦਿਆਂ ਮਿਰਜ਼ਾ ਦੁਕਾਨ ਦੇ 3x 6 ਫੁੱਟੇ ਸਟੋਰ ਵਿੱਚ ਹੀ ਸੌਂਦੇ ਹਨ।








