ਅੰਦਰੂਨੀ ਖੇਤਰ ਵੱਲ ਨੂੰ ਵੱਧ ਰਿਹਾ ਅਰਬ ਸਾਗਰ ਪਾਲਘਰ ਜਿਲ੍ਹੇ ਵਿੱਚ ਬਰੇਤੇ ਅਤੇ ਦਹਾਨੂੰ ਨਦੀ ਤੋਂ ਨਿਕਲਦੇ ਪੇਤਲੇ ਨਾਲਿਆਂ ਨੂੰ ਨਿਗਲ ਰਿਹਾ ਹੈ। ਅਮਿਤਾ ਤਾਂਡੇਲ ਨੂੰ ਪੂਰੀ ਨੀਂਦ ਮਿਲ਼ਦੀ ਹੀ ਨਹੀਂ। ਉਹ ਉੱਚ ਜਵਾਰ ਦੀ ਉਡੀਕ ਕਰਦੇ ਹਨ ਅਤੇ ਅਕਸਰ ਹੀ ਉੱਠਣ ਲਈ ਅਲਾਰਮ ਲਾ ਕੇ ਰੱਖਦੇ ਹਨ। ਬੈਟਰੀ ਨਾਲ਼ ਚੱਲਣ ਵਾਲ਼ੀ ਲਾਈਟ ਮੱਥੇ ‘ਤੇ ਬੰਨ੍ਹ ਕੇ, 10-15 ਕਿਲੋ ਵਜ਼ਨੀ ਜਾਲ਼ ਆਪਣੇ ਮੋਢੇ ‘ਤੇ ਟੰਗੀ ਉਹ ਅੱਧੀ ਰਾਤ ਤੋਂ ਬਾਅਦ ਹਨ੍ਹੇਰੇ ਵਿੱਚ ਪੈਦਲ ਚੱਲਦੇ ਹਨ। ਨਦੀ ਦੇ ਲਗਭਗ 400 ਮੀਟਰ ਨੇੜੇ ਇੱਕ ਹੋਰ ਔਰਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ। “ਚੰਨ ਦੀਆਂ ਅਵਸਥਾਵਾਂ ਸਮਝਣ ਦਾ ਸਾਡਾ ਸਾਲਾਂ ਦਾ ਤਜ਼ਰਬਾ ਹੈ। ਇਸ ਤੋਂ ਸਾਨੂੰ ਉੱਚੇ ਅਤੇ ਨੀਵੇਂ ਜਵਾਰ ਦਾ ਪਤਾ ਚੱਲਦਾ ਹੈ,” ਉਹ ਦੱਸਦੇ ਹਨ।
“ਸਾਡੇ ਭਾਈਚਾਰੇ ਵਿੱਚ ਬੱਚੇ ਆਪਣੇ ਮਾਪਿਆਂ ਨੂੰ ਮੱਛੀ ਫੜ੍ਹਦਿਆਂ ਦੇਖਦੇ ਵੱਡੇ ਹੁੰਦੇ ਨੇ। ਮੈਂ ਜਦ 15 ਕੁ ਸਾਲ ਦੀ ਸੀ ਤਾਂ ਮੇਰੇ ਪਿਤਾ ਮੈਨੂੰ ਆਪਣੇ ਨਾਲ਼ ਲੈ ਜਾਂਦੇ। ਉਹਨਾਂ ਨੇ ਮੈਨੂੰ ਜਵਾਰਭਾਟੇ, ਚੰਦ, ਤੇ ਛੋਟੀ ਨਦੀ ਵਿੱਚ ਮੱਛੀਆਂ ਕਿੱਥੇ ਹੁੰਦੀਆਂ ਨੇ, ਬਾਰੇ ਸਿਖਾਇਆ।” 60 ਸਾਲਾ ਅਮਿਤਾ ਨੇ ਕੋਈ ਪੰਜ ਦਹਾਕੇ ਆਪਣੇ ਪਿਤਾ ਵਾਂਗ ਜਵਾਰਭਾਟੇ ਦੀ ਸਥਿਤੀ ਨੂੰ ਸਮਝਦਿਆਂ ਲੰਘਾ ਦਿੱਤੇ ਹਨ।
ਨਦੀ ਕੋਲ ਪਹੁੰਚ ਕੇ ਉਹ ਅਤੇ ਇੱਕ ਹੋਰ ਔਰਤ 100x20 ਫੁੱਟ ਦੇ ਜਾਲ਼ ਨੂੰ ਖੋਲ੍ਹ ਕੇ ਵਿਛਾ ਦਿੰਦੀਆਂ ਹਨ। ਛੇਤੀ ਹੀ ਉਹ ਇੱਕ-ਦੂਜੀ ਤੋਂ 30 ਕੁ ਫੁੱਟ ਦੀ ਦੂਰੀ ਤੇ ਤੁਰਦਿਆਂ, ਦੋਵੇਂ ਪਾਸਿਓਂ ਇਸਨੂੰ ਫੜ੍ਹੀ ਸਮੁੰਦਰ ਵਿੱਚ ਦਾਖਲ ਹੋਣਗੀਆਂ, ਤੇ ਬਿਨਾਂ ਦੇਖੇ ਕਿ ਕੀ ਫੜ੍ਹਹਿਆ ਗਿਆ ਹੈ, ਸਿਰਫ਼ ਮਹਿਸੂਸ ਕਰਦੇ ਹੋਏ ਹੀ ਜਾਲ਼ ਨੂੰ ਪਾਣੀ ਵਿੱਚ ਡੁਬੋ ਕੇ ਖਿੱਚਣਗੀਆਂ।
“ਰਾਤ ਨੂੰ ਤੁਹਾਡੇ ਪੈਰਾਂ ਹੇਠਾਂ ਕੀ ਹੈ, ਤੁਹਾਨੂੰ ਨਜ਼ਰ ਨਹੀਂ ਆਉਂਦਾ। ਆਮਚਿਆ ਕਪਾਲਾਲਾ ਬੈਟਰੀ ਆਸਤੇ। ਫ਼ਕਤ ਲਾਇਟੀਚਾਆ ਸਿਗਨਲਵਾਰ ਚਲਤਾਤ (ਅਸੀਂ ਮੱਥੇ ’ਤੇ ਬੈਟਰੀ ਲੈਂਪ ਲਾਏ ਹੁੰਦੇ ਨੇ। ਉਹਨਾਂ ਦੀ ਟਿਮਟਿਮਾਉਂਦੀ ਰੌਸ਼ਨੀ ਹੀ ਸਾਨੂੰ ਤਾਲਮੇਲ ਬਿਠਾਉਣ ਵਿੱਚ ਮਦਦ ਕਰਦੀ ਹੈ)। ਲਹਿਰਾਂ ਬਹੁਤ ਤੇਜ਼ ਹੁੰਦੀਆਂ ਹਨ ਤੇ ਮਹਿਜ਼ ਇੱਕ ਗਲਤੀ ਨਾਲ਼ ਤੁਹਾਡਾ ਸੰਤੁਲਨ ਵਿਗੜ ਸਕਦਾ ਹੈ। ਇਹ ਥਾਂ ਕਦੀ ਵੀ ਸੁਰੱਖਿਅਤ ਨਹੀਂ ਹੁੰਦੀ। ਕਈ ਵਾਰ ਸਾਡੇ ਗਲ ਤੱਕ ਪਾਣੀ ਹੁੰਦਾ ਹੈ। ਅਸੀਂ ਇਸ ਕਰਕੇ ਕੰਮ ਕਰਦੇ ਰਹਿੰਦੇ ਹਾਂ ਕਿ ਜੇ ਬਗੈਰ ਮੱਛੀਆਂ ਫੜ੍ਹੇ ਮੁੜੇ ਤਾਂ ਦਿਹਾੜੀ ਨਹੀਂ ਕਮਾ ਪਾਵਾਂਗੇ।” ਅਮਿਤਾ ਅਕਸਰ ਚਾਰ ਕੁ ਘੰਟੇ ਪਾਣੀ ਵਿੱਚ ਰਹਿੰਦੇ ਹਨ, ਜਦ ਤੱਕ ਉਹਨਾਂ ਨੂੰ ਹੱਥਾਂ ਵਿੱਚਲਾ ਭਾਰ ਕਾਫ਼ੀ ਨਹੀਂ ਜਾਪਣ ਲੱਗਦਾ।
ਉਹਨਾਂ ਵਰਗੇ ਹੋਰ ਮਰਦ ਅਤੇ ਔਰਤਾਂ, ਜਿਹਨਾਂ ਕੋਲ਼ ਕਿਸ਼ਤੀ ਨਹੀਂ ਹੈ, ਦਹਾਨੂੰ ਤਾਲੁਕਾ ਦੇ ਵਾਰੋਰ ਪਿੰਡ ਤੋਂ ਕੁਝ ਮੀਟਰ ਦੀ ਦੂਰੀ ਤੇ ਸਥਿਤ ਲਗਭਗ 20 ਕਿਲੋਮੀਟਰ ਲੰਬੀ ਇਸ ਖਾੜੀ ਵਿੱਚ ਹੱਥ ਨਾਲ਼ ਮੱਛੀਆਂ ਫੜ੍ਹਦੇ ਹਨ। ਇਹ ਖੇਤਰ ਜਵਾਰਭਾਟਾ ਖੇਤਰ ਦਾ ਹਿੱਸਾ ਹੈ, ਜੋ ਪਾਣੀ ਦਾ ਪੱਧਰ ਹੇਠਾਂ ਹੋਣ ‘ਤੇ ਉਜਾਗਰ ਹੋ ਜਾਂਦਾ ਹੈ ਅਤੇ ਸਮੁੰਦਰੀ ਪਾਣੀ ਵਾਪਸ ਆਉਣ ‘ਤੇ ਡੁੱਬ ਜਾਂਦਾ ਹੈ। “ਜੇ ਸਮੁੰਦਰ ਵਿੱਚ ਨਾ ਜਾਵਾਂ ਤਾਂ ਅਸੀਂ ਖਾਵਾਂਗੇ ਕੀ?” ਅਮਿਤਾ ਸਵਾਲ ਕਰਦੇ ਹਨ।




















