ਸਾਢੇ ਪੰਜ ਦਹਾਕਿਆਂ ਤੱਕ ਸੰਗਤ ਰਾਮ ਜੀ ਜ਼ਿੰਦਗੀ ਤੇ ਮੌਤ ਨੂੰ ਵੱਖ ਕਰਦੀ ਮਹੀਨ ਰੇਖਾ ‘ਤੇ ਤੁਰਦੇ ਰਹੇ ਹਨ। ਅੰਗੂਠੇ ਦੇ ਨਹੁੰ ਤੇ ਪਹਿਲੀ ਉਂਗਲ ਦੇ ਨਹੁੰ ਨੂੰ ਆਪਸ ਵਿੱਚ ਜੋੜ ਕੇ ਇੱਕ ਮਹੀਨ ਵਿੱਥ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ, “ਜੇ ਇੰਨਾ ਵੀ ਸੰਤੁਲਨ ਵਿਗੜ ਗਿਆ, ਵਾਲ਼ ਜਿੰਨਾ ਵੀ, ਤਾਂ ਤੁਸੀਂ ਡੁੱਬੇ ਸਮਝੋ।” ਬਿਆਸ ਦੇ ਠਾਠਾਂ ਮਾਰਦੇ ਠੰਡੇ ਪਾਣੀ ਨੂੰ ਪਾਰ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਖ਼ਾਸ ਕਰ ਕੇ ਬਲਦ ਦੇ ਫੁੱਲੇ ਹੋਏ ਚੰਮ ਰਾਹੀਂ ਜੋ ਕਿ ਸਦੀਆਂ ਤੱਕ ਲੋਕਾਂ ਦੇ ਦਰਿਆ ਪਾਰ ਕਰਨ ਦਾ ਜ਼ਰੀਆ ਰਿਹਾ ਹੈ।
89 ਸਾਲਾ ਸੰਗਤ ਰਾਮ ਜੀ ਹਿਮਾਚਲ ਪ੍ਰਦੇਸ਼ ਦੀ ਕੁੱਲੂ ਘਾਟੀ ਦੇ ਕੁਝ ਹੀ ਬਚੇ ਤਾਰੂਆਂ (ਮਲਾਹ) ਵਿੱਚੋਂ ਇੱਕ ਹਨ। ਉਹਨਾਂ ਦਾ ਕਿੱਤਾ ਕਦੋਂ ਦਾ ਦਮ ਤੋੜ ਚੁੱਕਿਆ ਹੈ। ਇਸ ਕਿੱਤੇ ਦੀ ਪ੍ਰਸੰਗਿਕਤਾ ਦਾ ਅੰਤ ਇਸ ਸਦੀ ਦੀ ਸ਼ੁਰੂਆਤ ਵਿੱਚ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦ ਵੱਖ ਵੱਖ ਥਾਵਾਂ ‘ਤੇ ਪੁਲ ਅਤੇ ਝੂਲੇ (ਹੱਥ ਨਾਲ਼ ਖਿੱਚਣ ਵਾਲ਼ੀਆਂ ਰੱਸਿਆਂ ਨਾਲ਼ ਚੱਲਣ ਵਾਲ਼ੀਆਂ ਟਰਾਲੀਆਂ) ਬਣ ਗਏ ਸਨ। ਉਸ ਤੋਂ ਪਹਿਲਾਂ ਸਥਾਨਕ ਦੇਵਤਿਆਂ ਤੋਂ ਲੈ ਕੇ ਰਾਜਿਆਂ ਤੱਕ, ਬਰਾਤਾਂ ਤੋਂ ਲੈ ਕੇ ਮ੍ਰਿਤਕ ਦੇਹਾਂ ਤੱਕ, ਉਪਜ ਤੋਂ ਲੈ ਕੇ ਲੱਕੜ ਤੱਕ, ਜੋ ਕੁਝ ਵੀ ਸੀ ਸੰਗਤ ਰਾਮ ਜੀ ਉਸ ਨੂੰ ਆਪਣੇ ‘ਦਿਰੀਆ ’ ਰਾਹੀਂ ਨਦੀ ਪਾਰ ਕਰਾਉਂਦੇ।
ਦਿਰੀਆ ਬਲਦ ਦੀ ਹਵਾ ਭਰੀ ਹੋਈ ਚੰਮ ਹੁੰਦੀ ਸੀ ਜਿਸ ਦੀ ਵਰਤੋਂ ਦਰਿਆ ਪਾਰ ਕਰਨ ਲਈ ਕੀਤੀ ਜਾਂਦੀ ਸੀ। ਦਿਰੀਆ ਬਾਰੇ ਕਿੱਸੇ ਦੋ ਹਜ਼ਾਰ ਸਾਲ ਪਹਿਲਾਂ ਦੇ ਹਨ ਜਦ ਸਿਕੰਦਰ ਦੀ ਸੈਨਾ ਨੇ ਭਾਰਤ ਵਿੱਚ ਅੱਗੇ ਜਾਣ ਵਿਰੁੱਧ ਬਗਾਵਤ ਕਰ ਦਿੱਤੀ ਸੀ। ਲੋਕਧਾਰਾ ਅਨੁਸਾਰ ਸਥਾਨਕ ਲੋਕ ਉਸ ਸਮੇਂ ਵੀ ਦਿਰੀਆ ਚਲਾਉਂਦੇ ਸਨ। ਦੂਜੇ ਪਾਸੇ ਯੂਨਾਨੀਆਂ ਨੂੰ ਲੱਗਦਾ ਸੀ ਕਿ ਇਸ ਖਤਰਨਾਕ ਦਰਿਆ ਨੂੰ ਪਾਰ ਕਰਨਾ ਨਾਮੁਮਕਿਨ ਹੈ। ਬਿਆਸ ਸਿਕੰਦਰ ਨੂੰ ਦਰਪੇਸ਼ ਭਾਰੀ ਔਕੜਾਂ ਵਿੱਚੋਂ ਇੱਕ ਸੀ। ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਸਿਕੰਦਰ ਦੇ ਭਾਰਤ ‘ਤੇ ਹਮਲਿਆਂ ਦੀ ਇਹ ਉੱਤਰੀ ਹੱਦ ਸੀ ਜਿਸ ਨੂੰ ਉਹ ਕਦੇ ਪਾਰ ਨਹੀਂ ਕਰ ਸਕਿਆ।
ਸਦੀਆਂ ਤੱਕ ਇਹਨਾਂ ਮਲਾਹਾਂ, ਜਿਨ੍ਹਾਂ ਵਿੱਚ ਸ਼ਾਇਦ ਸੰਗਤ ਰਾਮ ਜੀ ਦੇ ਪੁਰਖੇ ਵੀ ਸ਼ਾਮਿਲ ਰਹੇ ਹੋਣਗੇ, ਵੱਲੋਂ ਚਲਾਏ ਜਾਂਦੇ ਦਿਰੀਆ ਬਿਆਸ ਦੇ ਖੱਬੇ ਅਤੇ ਸੱਜੇ ਕੰਢਿਆਂ ਵਿਚਕਾਰ ਪੁਲ ਦਾ ਕੰਮ ਕਰਦੇ ਰਹੇ ਹਨ। ਇਹ ਨਦੀ ਪਹਾੜਾਂ ‘ਤੇ ਕਾਫ਼ੀ ਉੱਚਾਈ ‘ਤੇ ਸਥਿਤ ਝੀਲ ਬਿਆਸ ਕੁੰਡ ਵਿੱਚੋਂ ਨਿਕਲ਼ਦੀ ਹੈ ਅਤੇ 470 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਹਰੀਕੇ ਵਿਖੇ ਸਤਲੁਜ ਨਾਲ਼ ਮਿਲ਼ਦੀ ਹੈ।










