ਰਮੇਸ਼ਭਾਈ ਮਨੁਭਾਈ ਪਟੇਲ ਆਪਣੇ ਜੱਦੀ ਘਰ ਦੇ ਬਾਹਰ ਇੱਕ ਮੰਜੀ 'ਤੇ ਬੈਠੇ ਹਨ। ਉਨ੍ਹਾਂ ਦਾ ਘਰ ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿਖੇ ਪੈਂਦੇ ਦਾਂਤਲੀ ਪਿੰਡ ਵਿੱਚ ਹੈ। ਇਹ ਪੁਰਾਣਾ ਉਜੜਿਆ ਹੋਇਆ ਜਿਹਾ ਘਰ ਹੈ, ਜਿਹਦੀਆਂ ਕੱਲਰ ਖਾਧੀਆਂ ਕੰਧਾਂ ਦਾ ਰੰਗ ਉੱਡ ਜਿਹੇ ਰਿਹਾ ਹੈ।
ਬਜ਼ੁਰਗ ਕਿਸਾਨ ਕੰਬਦੀ ਉਂਗਲ ਨਾਲ਼ ਉਸ ਕਮਰੇ ਵੱਲ ਇਸ਼ਾਰਾ ਕਰਦੇ ਹਨ। ਇਹ ਕਮਰਾ ਉਹਦੇ ਲਈ ਖ਼ਾਸ ਹੈ ਕਿਉਂਕਿ 82 ਸਾਲ ਪਹਿਲਾਂ ਉਹ ਇੱਥੇ ਹੀ ਪੈਦਾ ਹੋਇਆ ਸੀ। ਰਮੇਸ਼ਭਾਈ ਦਾ ਇਸ ਘਰ ਨਾਲ਼ ਖ਼ਾਸ ਕਰਕੇ ਉਸ ਕਮਰੇ ਨਾਲ਼ ਭਾਵੁਕ ਰਿਸ਼ਤਾ ਹੈ।
ਪਰ ਛੇਤੀ ਹੀ ਉਹ ਕਮਰਾ, ਉਹ ਪੂਰਾ ਘਰ ਤੇ ਨੇੜਲੇ ਖੇਤ, ਜਿੱਥੇ ਉਨ੍ਹਾਂ ਦਾ ਪਰਿਵਾਰ ਚੌਲ਼ ਤੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ, ਬੁਲੇਟ ਟ੍ਰੇਨ ਪ੍ਰੋਜੈਕਟ ਦੇ ਰਸਤੇ ਵਿੱਚ ਆਉਣ ਕਰਕੇ ਪੱਧਰੇ ਕੀਤੇ ਜਾਣ ਵਾਲ਼ੇ ਹਨ।
ਇਹ ਰੇਲਗੱਡੀ 508 ਕਿਲੋਮੀਟਰ ਦੀ ਦੂਰੀ ਸਿਰਫ਼ 5 ਘੰਟਿਆਂ ਵਿੱਚ ਤੈਅ ਕਰੇਗਾ। ਇਸ ਪੂਰੇ ਸਫ਼ਰ ਵਿੱਚ ਗੁਜਰਾਤ ਦੇ 350 ਕਿਲੋਮੀਟਰ, 2 ਕਿਲੋਮੀਟਰ ਦਾਦਰਾ ਤੇ ਨਗਰ ਹਵੇਲੀ ਅਤੇ ਮਹਾਰਾਸ਼ਟਰ ਦੇ 155 ਕਿਲੋਮੀਟਰ ਸ਼ਾਮਲ ਹਨ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ ਦੀ ਵੈੱਬਸਾਈਟ ਮੁਤਾਬਕ, ਇਹ ਟ੍ਰੇਨ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਅਤੇ ਅਹਿਮਦਾਬਾਦ ਦੇ ਸਾਬਰਮਤੀ ਰੇਲਵੇ ਸਟੇਸ਼ਨ ਵਿਚਾਲੇ ਦੌੜੇਗੀ।










