ਚੰਦਨ ਚੱਕਮਾ ਕਹਿੰਦੇ ਹਨ, "ਜੇ ਅਸੀਂ ਗੁਡੋਕ ਨਹੀਂ ਬਣਾਈਏ, ਤਾਂ ਬਹੁਤ ਸਾਰੇ ਗਾਹਕ ਸਾਡੇ ਹੋਟਲ ਵਿੱਚ ਆਉਣਾ ਹੀ ਬੰਦ ਕਰ ਦੇਣ।'' ਚੰਦਨ ਚੱਕਮਾ (37) ਅਤੇ ਉਨ੍ਹਾਂ ਦੀ ਪਤਨੀ ਸ਼ਮਾਰੂ (36) ਪਿਛਲੇ ਅੱਠ ਸਾਲਾਂ ਤੋਂ ਆਪਣੇ ਹੋਟਲ 'ਚ ਗੁਡੋਕ ਤਿਆਰ ਕਰ ਰਹੇ ਹਨ ਅਤੇ ਗਾਹਕਾਂ ਨੂੰ ਖੁਆ ਰਹੇ ਹਨ। ਇਹ ਇੱਕ ਸਥਾਨਕ ਪਕਵਾਨ ਹੈ ਜੋ ਹੋਟਲ ਵਿੱਚ ਰਵਾਇਤੀ ਚੱਕਮਾ ਸ਼ੈਲੀ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਪਰੋਸਿਆ ਜਾਂਦਾ ਹੈ। ਤ੍ਰਿਪੁਰਾ ਦਾ ਉਨਾਕੋਟੀ ਜ਼ਿਲ੍ਹਾ ਚੱਕਮਾ ਭਾਈਚਾਰੇ ਦਾ ਮੂਲ਼ ਘਰ ਹੈ।
ਪਤੀ-ਪਤਨੀ ਆਪਣੇ ਜੱਦੀ ਸ਼ਹਿਰ ਸ਼ਾਂਤੀਨਗਰ ਵਿੱਚ ਇੱਕ ਹੋਟਲ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਵਿਆਹ ਨੂੰ 20 ਸਾਲ ਹੋ ਗਏ ਹਨ। ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਜੈਸਿਕਾ ਅਤੇ ਸ਼ੇਵੋਨ, ਜੋ ਕ੍ਰਮਵਾਰ 12ਵੀਂ ਅਤੇ 8ਵੀਂ ਜਮਾਤ ਵਿੱਚ ਪੜ੍ਹ ਰਹੀਆਂ ਹਨ।
"ਗੁਡੋਕ ਸਾਡੀ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ," ਚੰਦਨ ਕਹਿੰਦੇ ਹਨ। ਤ੍ਰਿਪੁਰਾ ਵਿੱਚ, ਚੱਕਮਾ ਭਾਈਚਾਰਾ, ਜਿਸ ਦੀ ਆਬਾਦੀ ਤਾਜ਼ਾ ਜਨਗਣਨਾ ਅਨੁਸਾਰ ਲਗਭਗ 80,000 ਹੈ, ਅਨੁਸੂਚਿਤ ਜਨਜਾਤੀ ਸ਼੍ਰੇਣੀ ਹੇਠ ਸੂਚੀਬੱਧ ਹੈ।
ਜੋੜੇ ਦਾ ਕਹਿਣਾ ਹੈ ਕਿ ਗੁਡੋਕ ਇੱਕ ਪਕਵਾਨ ਹੈ ਜਿਸ ਦੀ ਸਾਡੇ ਹੋਟਲ ਵਿੱਚ ਸਾਰਾ ਸਾਲ ਮੰਗ ਬਣੀ ਰਹਿੰਦੀ ਹੈ। ਜੈਸਿਕਾ ਹੋਟਲ, ਜਿਸ ਦੇ ਤਿੰਨ ਭਾਗ ਹਨ ਤੇ ਇੱਕੋ ਵੇਲ਼ੇ ਇੱਥੇ 40 ਲੋਕਾਂ ਨੂੰ ਖਾਣਾ ਖੁਆਇਆ ਜਾ ਸਕਦਾ ਹੈ, ਇੱਕ ਥਾਲ਼ੀ 100 ਰੁਪਏ ਤੋਂ ਲੈ ਕੇ 160 ਰੁਪਏ ਤੱਕ ਦੀ ਮਿਲ਼ਦੀ ਹੈ। ਇਨ੍ਹਾਂ ਥਾਲ਼ੀਆਂ ਵਿੱਚ ਗੁਡੋਕ ਇੱਕ ਪ੍ਰਸਿੱਧ ਪਕਵਾਨ ਹੈ।
"ਲੋਕ ਸਾਨੂੰ ਕਹਿੰਦੇ ਹਨ ਕਿ ਅਸੀਂ ਗੁਡੋਕ ਅੱਡ ਤੋਂ ਵੇਚੀਏ। ਫਿਰ ਉਹ ਇਨ੍ਹਾਂ ਨੂੰ ਘਰ ਲਿਜਾ ਸਕਣਗੇ। ਇੱਥੋਂ ਦੇ ਸਾਰੇ ਭਾਈਚਾਰੇ ਗੁਡੋਕ ਨੂੰ ਬੜੇ ਚਾਅ ਨਾਲ਼ ਖਾਂਦੇ ਹਨ," ਚੰਦਨ ਕਹਿੰਦੇ ਹਨ। ਇਨ੍ਹਾਂ ਗਾਹਕਾਂ ਵਿੱਚ ਹਲਮ, ਮੋਗ, ਦੇਬਬਰਮਾ ਆਦਿ ਆਦਿਵਾਸੀ ਅਤੇ ਸ਼ਾਂਤੀਨਗਰ ਦੇ ਬੰਗਾਲੀ ਬੋਲਣ ਵਾਲ਼ੇ ਵਸਨੀਕ ਸ਼ਾਮਲ ਹਨ, ਜੋ ਦਹਾਕੇ ਪਹਿਲਾਂ ਬੰਗਲਾਦੇਸ਼ ਤੋਂ ਪ੍ਰਵਾਸ ਕਰਕੇ ਇੱਥੇ ਆਏ ਸਨ।
ਇਸ ਪ੍ਰਸਿੱਧ ਗੁਡੋਕ ਵਿੱਚ ਸਬਜ਼ੀਆਂ ਅਤੇ ਖਮੀਰ ਕੀਤੀ ਮੱਛੀ ਸ਼ਾਮਲ ਹੁੰਦੀ ਹੈ। ਇਸ ਖਮੀਰ ਕੀਤੀ ਮੱਛੀ ਨੂੰ ਆਮ ਤੌਰ 'ਤੇ ਬਰਮਾ ਜਾਂ ਸ਼ਿਡੋਲ ਕਹਿੰਦੇ ਹਨ ਤੇ ਇਸ ਵਾਸਤੇ ਪੁੰਟੀ (ਪੁੰਟੀਅਸ ਸੋਫੋਰ) ਅਤੇ ਫਿਸਾ (ਸੈਪਟੀਪੀਨਾ ਫਾਸਾ) ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਹੈ। "ਅਸੀਂ ਫਿਸਾ ਸ਼ਿਡੋਲ ਮੱਛੀ ਦੀ ਵਧੇਰੇ ਵਰਤੋਂ ਕਰਦੇ ਹਾਂ, ਕਾਰਨ ਇਸਦਾ ਸ਼ਾਨਦਾਰ ਸਵਾਦ," ਚੰਦਨ ਕਹਿੰਦੇ ਹਨ। ਇਹ ਮੱਛੀ ਸਥਾਨਕ ਬਜ਼ਾਰ ਵਿੱਚ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਉਪਲਬਧ ਹੈ।










