ਜਦੋਂ ਲਕਸ਼ਮਣ ਬੈਠਾ ਨੂੰ ਉਹਨਾਂ ਦੇ ਸਾਲੇ ਦਾ ਫ਼ੋਨ ਆਇਆ ਕਿ ਉਹਨਾਂ ਦੀ ਪਤਨੀ ਦੀ ਸਿਹਤ ਖ਼ਰਾਬ ਹੈ, ਤਾਂ ਉਹ ਬਿਨਾਂ ਸਮਾਂ ਗੁਆਏ ਘਰ ਜਾਣ ਵਾਲੀ ਗੱਡੀ ਵਿੱਚ ਬੈਠ ਗਏ।
ਇਸ ਪ੍ਰਵਾਸੀ ਮਜ਼ਦੂਰ ਨੂੰ ਪੱਥਰ ਕੱਟਣ ਵਾਲੀ ਫੈਕਟਰੀ ਵਿੱਚ ਕੰਮ ਕਰਦਿਆਂ ਅਕਸਰ ਹੀ ਬਿਹਾਰ ਤੋਂ ਆਂਧਰਾ ਪ੍ਰਦੇਸ਼ ਦਾ ਸਫ਼ਰ ਕਰਨਾ ਪੈਂਦਾ ਹੈ। ਜਦ ਪਤਨੀ ਦੀ ਬਿਮਾਰੀ ਦੀ ਖ਼ਬਰ ਆਈ ਤਾਂ ਉਹ ਅਨਰਿਜ਼ਰਵ ਟਿਕਟ ਖਰੀਦ ਕੇ ਤੁਰ ਪਏ। ਪੱਛਮੀ ਚੰਪਾਰਨ ਜ਼ਿਲ੍ਹੇ ਦੇ ਜ਼ਿਮਰੀ ਪਿੰਡ ਵਿੱਚ ਆਪਣੇ ਘਰ ਤੱਕ ਦਾ 2,000 ਕਿਲੋਮੀਟਰ ਤੋਂ ਵੀ ਜ਼ਿਆਦਾ ਸਫ਼ਰ ਤੈਅ ਕਰਨ ਲਈ ਉਹਨਾਂ ਨੂੰ ਦੋ ਦਿਨ ਲੱਗ ਗਏ।
ਘਰ ਪਹੁੰਚ ਕੇ ਜਦ ਉਹਨਾਂ ਨੇ ਆਪਣੀ ਪਤਨੀ ਦੀ ਸਿਹਤ ਵਿੱਚ ਸੁਧਾਰ ਦੇਖਿਆ ਤਾਂ ਸੁੱਖ ਦਾ ਸਾਹ ਲਿਆ। ਪਰ ਉਹ ਉਹਨਾਂ ਦੇ ਗਲ਼ ਲੱਗ ਕੇ ਰੋਈ ਜਾ ਰਹੀ ਸੀ। “ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਉਹ ਆਖਿਰ ਰੋ ਕਿਉਂ ਰਹੀ ਹੈ,” ਲਕਸ਼ਮਣ ਜੀ ਉਸ ਵਾਕਿਆ ਨੂੰ ਯਾਦ ਕਰਦਿਆਂ ਦੱਸਦੇ ਹਨ।
“ਆਪਣੇ ਪੁੱਤਰ ਰਾਜਕੁਮਾਰ ਨੂੰ ਇੱਕ ਬਾਘ ਨੇ ਮਾਰ ਦਿੱਤਾ ਹੈ,” ਚੰਦ੍ਰਵਤੀ ਦੇਵੀ ਨੇ ਕੰਬਦੀ ਆਵਾਜ਼ ਵਿੱਚ ਉਹਨਾਂ ਨੂੰ ਦੱਸਿਆ। ਇਹ ਖ਼ਬਰ ਸੁਣਦਿਆਂ 47 ਸਾਲਾ ਚੰਦ੍ਰਵਤੀ ਜੀ ਬੇਹੋਸ਼ ਹੋ ਗਏ ਸਨ ਜ਼ਿਸ ਕਾਰਨ ਉਹਨਾਂ ਦੇ ਪਤੀ ਨੂੰ ਆਉਣਾ ਪਿਆ।






