ਹਵਾ ਵਿੱਚ ਚਿੱਕੜ ਅਤੇ ਲੱਕੜ ਦੇ ਧੂੰਏਂ ਦੀ ਬਦਬੂ ਆ ਰਹੀ ਹੈ। ਸੀਮੇਂਟ ਦਾ ਫ਼ਰਸ਼ ਚਿੱਟੀ ਮਿੱਟੀ ਦੇ ਧੱਬਿਆਂ ਨਾਲ਼ ਲਿਬੜਿਆ ਪਿਆ ਹੈ, ਜਿਹਨੂੰ ਇੱਕ ਵੱਡੇ ਟੱਬ ਵਿੱਚ ਰੱਖਿਆ ਗਿਆ ਹੈ। ਚਾਰੇ ਪਾਸੇ ਮੋਲਡ ਅਤੇ ਅੱਧ-ਕੱਚੇ ਮਿੱਟੀ ਦੇ ਭਾਂਡੇ ਖਿਲਰੇ ਹੋਏ ਹਨ, ਜਿਸ ਕਾਰਨ ਇੱਥੇ ਤੁਰਨਾ ਮੁਸ਼ਕਲ ਹੋਇਆ ਪਿਆ ਹੈ। ਹਮੀਦ ਅਹਿਮਦ ਨੂੰ ਵਾਰ-ਵਾਰ ਲੋਕਾਂ ਨੂੰ ਚੇਤਾਵਨੀ ਦੇਣੀ ਪੈਂਦੀ ਹੈ, "ਦੇਖ ਕੇ ਤੁਰੋ।''
ਇੱਕ 12 ਸਾਲਾ ਲੜਕਾ ਚਾਕ ਕੋਲ਼ ਖੜ੍ਹਾ ਹੋ ਕੇ ਉਸ ਨੂੰ ਚਲਾਉਣ ਦਾ ਢੰਗ ਸਿੱਖ ਰਿਹਾ ਹੈ। ਇਹ ਹਮੀਦ ਦਾ ਪੁੱਤਰ ਮੁਹੰਮਦ ਸਲਮਾਨ ਹੈ, ਜਿਸ ਦਾ ਸਰੀਰ ਘੁੰਮਦੇ ਚਾਕ ਤੋਂ ਉੱਡਦੀ ਮਿੱਟੀ ਦੀ ਧੂੜ ਨਾਲ਼ ਸਫ਼ੇਦ ਹੋਇਆ ਪਿਆ ਹੈ। ਆਪਣੇ ਖੱਬੇ ਪੈਰ ਨੂੰ ਇੱਕ ਪਾਸੇ ਖਿੱਚਦੇ ਹੋਏ ਉਹ ਆਪਣੇ ਸੱਜੇ ਪੈਰ ਨਾਲ਼ ਜ਼ਮੀਨ 'ਚ ਲੱਗੇ ਚਾਕ ਨੂੰ ਘੁਮਾਉਂਦਾ ਹੈ। ਇਸ ਕੰਮ ਨੂੰ ਕਰਦਿਆਂ ਉਸ ਦੇ ਚਿਹਰੇ 'ਤੇ ਡੂੰਘੀ ਇਕਾਗਰਤਾ ਸਾਫ਼ ਝਲ਼ਕ ਰਹੀ ਹੈ।
ਹਮੀਦ ਉਸਨੂੰ ਸਿਖਾਉਂਦੇ ਹੋਏ ਕਹਿੰਦੇ ਹਨ,"ਇਸ [ਭਾਂਡੇ] ਨੂੰ ਮਲ੍ਹਕੜੇ ਜਿਹੇ ਲਾਹ।" ਇਤਿਹਾਸ ਆਪੇ ਨੂੰ ਦੁਹਰਾਉਂਦਾ ਹੀ ਹੈ, ਜਿਵੇਂ ਜਦੋਂ 49 ਸਾਲਾ ਹਮੀਦ ਖ਼ੁਦ ਕਰੀਬ 9 ਸਾਲ ਦੇ ਸਨ, ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਹ ਖ਼ਾਸ ਕਿੱਕ-ਵ੍ਹੀਲ ਤਕਨੀਕ ਸਿਖਾਈ ਸੀ। ਉਹ ਆਪਣੇ ਪੁਰਾਣੇ ਅਨੁਭਵਾਂ ਨੂੰ ਯਾਦ ਕਰਕੇ ਮੁਸਕੁਰਾਉਂਦੇ ਹਨ,"ਸ਼ੁਰੂ-ਸ਼ੁਰੂ ਵਿੱਚ ਮੈਂ ਕੁਝ ਭਾਂਡੇ ਤੋੜੇ ਵੀ ਸਨ। ਪਰ ਇਹ ਸਾਰਾ ਕੁਝ ਸਿਰਫ਼ ਅਭਿਆਸ ਕਰਿਆਂ ਹੀ ਆਉਂਦਾ ਹੈ।"
ਦਸ ਭਰਾਵਾਂ ਵਿੱਚੋਂ ਇੱਕ, ਹਮੀਦ ਸੱਤਵੀਂ ਪੀੜ੍ਹੀ ਦੇ ਕਾਰੀਗਰ ਹਨ। ਵਰਤਮਾਨ ਮੌਕੇ, ਖੁਰਜਾ ਵਿਖੇ ਉਨ੍ਹਾਂ ਦੇ ਪਰਿਵਾਰ ਨੂੰ ਛੱਡ ਕੇ ਹੋਰ ਕੋਈ ਹੁਣ ਇਸ ਤਕਨੀਕ ਦਾ ਇਸਤੇਮਾਲ ਨਹੀਂ ਕਰ ਰਿਹਾ। ਉੱਤਰ ਪ੍ਰਦੇਸ਼ ਦਾ ਖੁਰਜਾ ਸ਼ਹਿਰ ਆਪਣੇ ਮਿੱਟੀ ਦੇ ਭਾਂਡਿਆਂ ਦੀ ਖ਼ਾਸ ਕਾਰੀਗਰੀ ਲਈ ਮਸ਼ਹੂਰ ਹੈ, ਜਿਸ ਕਾਰੀਗਰੀ ਨੂੰ ਜਿਊਂਦੇ ਰੱਖਣ ਵਾਲ਼ੇ ਜ਼ਿਆਦਾਤਰ ਮੁਸਲਿਮ ਲੋਕ ਹੀ ਹਨ।



















